ਹਾਰਨਾ ਕੋਈ ਨਹੀਂ ਚਾਹੁੰਦਾ ਹਰ ਕੋਈ ਖੇਡੀ ਬਾਜੀ ਨੂੰ ਜਿੱਤ ਕੇ ਖੁਸ਼ੀ ’ਚ ਜਸ਼ਨ ਮਨਾਉਣ ਦੀ ਵਿਊਂਤ ਬਣਾਉਂਦਾ ਹੈ। ਜਿੱਤ ਦਾ ਵਿਰੋਧੀ ਸ਼ਬਦ ਹੈ ਹਾਰ। ਦੋਨਾਂ ਸ਼ਬਦਾਂ ਵਿੱਚ ਗਿਣਤੀ ਇੱਕੋ ਜਿਹੀ ਹੈ ਪਰ ਫਰਕ ਜਮੀਨ ਅਸਮਾਨ ਦਾ। ਹਾਰਿਆ ਇਨਸਾਨ ਮਾਯੂਸੀ ਦੇ ਸਮੁੰਦਰ ’ਚ ਡੁੱਬ ਜਾਂਦਾ ਹੈ ਅਤੇ ਜਿੱਤਣ ਵਾਲਾ ਖੁਸ਼ੀ ਦਾ ਪੂਰਨ ਆਨੰਦ ਲੈਂਦਾ ਹੈ। ਪਰ ਦੋਨੋ ਹੀ ਅਸਥਾਈ ਹਨ। ਦੋਨਾ ਦਾ ਬਹੁਤਾ ਚਿਰ ਮਨੁੰਖੀ ਜਿੰਦਗੀ ’ਚ ਟਿਕਣਾਂ ਸਭੰਵ ਨਹੀਂ। ਅੱਜ ਦਾ ਜੇਤੂ ਕੱਲ ਨੂੰ ਹਾਰ ਸਕਦਾ ਹੈ ਅਤੇ ਹਾਰ ਦਾ ਮੁੰਹ ਦੇਖਣ ਵਾਲਾ ਕੱਲ ਜਿੱਤ ਨੂੰ ਗਲ਼ਵਕੜੀ ਪਾ ਸਕਦਾ ਹੈ, ਗੱਲ ਸਿਰਫ ਸਮੇਂ ਸਥਾਨ ਅਤੇ ਖੇਡੀ ਹੋਈ ਬਾਜੀ ’ਤੇ ਨਿਰਭਰ ਹੈ। ਹਾਰਨ ਨਾਲ ਜਿੰਦਗੀ ਦਾ ਅੰਤ ਨਹੀਂ ਹੁੰਦਾ, ਜੇ ਅਜਿਹਾ ਸੋਚਣਾਂ ਹੈ ਤਾਂ ਇਹ ਵਿਅਰਥ ਹੈ ਸਗੋਂ ਹਾਰਨ ਨਾਲ ਜਿੰਦਗੀ ਦਾ ਇੱਕ ਉਹ ਪੜਾਅ ਸ਼ੁਰੂ ਹੁੰਦਾ ਹੈ ਜੋ ਇਨਸਾਨ ਨੂੰ ਅਗਲੀ ਲੜਾਈ ਲਈ ਤਜੁਰਬੇ ਅਤੇ ਹੌਂਸਲੇ ਨਾਲ ਤਰੋਤਰ ਕਰ ਦਿੰਦਾ ਹੈ।
ਉਹ ਵੀ ਕੀ ਜਿੰਦਗੀ ਹੋਵੇਗੀ ਜਿਸ ਨੇ ਕਦੇ ਹਾਰ ਦਾ ਸੁਆਦ ਨਾ ਦੇਖਿਆ ਹੋਵੇ। ਹਾਰ ਸਹਿਣੀ ਔਖੀ ਹੈ ਪਰ ਇਹ ਇਨਸਾਨ ਨੂੰ ਮੁਸ਼ਕਿਲਾਂ ਨਾਲ ਲੜਣ ਅਤੇ ਉਹਨਾਂ ’ਤੇ ਆਸਾਨੀ ਨਾਲ ਕਾਬੂ ਪਾਉਣ ਦਾ ਢੰਗ ਸਿਖਾ ਜਾਂਦੀ ਹੈ। ਕਈ ਹਾਰਾਂ ਦਾ ਮੂੰਹ ਦੇਖਣ ਵਾਲੇ ਅੰਤ ਜਿੱਤਦੇ ਦੇਖੇ ਹਨ ਅਤੇ ਜਿੱਤਾਂ ਦਰਜ ਕਰਨ ਵਾਲੇ ਹਾਰਦੇ। ਕਾਫੀ ਲੰਬੀ ਕਾਮਯਾਬੀ ਤੋਂ ਬਾਅਦ ਹਾਰ ਦਾ ਮੂੰਹ ਦੇਖਣਾ ਅਕਸਰ ਮੁਸ਼ਕਿਲ ਹੋ ਜਾਂਦਾ ਹੈ। ਇਹ ਹਾਰ ਹੀ ਹੈ ਜੋ ਨਵੇਂ ਰਸਤਿਆਂ ਨੂੰ ਲੱਭਣ ’ਚ ਮਨੁੰਖ ਦੀ ਸਹਾਇਤਾ ਕਰਦੀ ਹੈ। ਯਾਦ ਰੱਖਣਾਂ ਲੋੜ ਪੈਣ ’ਤੇ ਹੀ ਨਵੀਆਂ ਕਾਢਾਂ ਨੇ ਜਨਮ ਲਿਆ ਹੈੇ। ਹਾਰਨ ਤੋਂ ਬਾਅਦ ਜਿੱਤ ਦੀ ਲੋੜ ਮਹਿਸੂਸ ਹੋਣ ਲੱਗ ਜਾਂਦੀ ਹੈ ਅਤੇ ਉਹੀ ਇੱਕ ਦਿਨ ਜਿੱਤ ਦਾ ਕਾਰਨ ਬਣਦੀ ਹੈ।
ਕਰਜ਼ੇ ਥੱਲੇ ਦੱਬੇ ਇੱਕ ਕਿਸਾਨ ਨੇ ਸਹਿਜੇ ਸਹਿਜੇ ਮਿਹਨਤ ਕਰਕੇ ਸਿਰ ਚੜਿਆ ਕਰਜਾ ਉਤਾਰ ਦਿੱਤਾ। ਪਰਿਵਾਰ ਸੁਖੀ ਜੀਵਣ ਜਿਊਣ ਲੱਗਿਆ ਅਤੇ ਹਾਰੀ ਹੋਈ ਬਾਜੀ ਜਿੱਤ ਕੇ ਉਹ ਕਿਸਾਨ ਹੌਂਸਲੇ ਨਾਲ ਸ਼ਰੀਰਕ ਤੌਰ ’ਤੇ ਅੱਗੇ ਨਾਲੋਂ ਵੀ ਤਕੜਾ ਹੋ ਗਿਆ। ਸਿਰ ’ਤੇ ਪਈ ਭਾਰੀ ਤੋਂ ਭਾਰੀ ਮਾਰ ਵੀ ਆਪਣਾ ਭਾਰ ਖੋ ਬੈਠਦੀ ਹੈ ਜੇਕਰ ਉਸਨੁੰ ਚਣੌਤੀ ਦੇਣ ਵਾਲਾ ਹਿੰਮਤ ਰੱਖੇ। ਜਿੰਦਗੀ ’ਚ ਕੁੱਝ ਵੀ ਟਿਕਾਊ ਨਹੀਂ ਫਿਰ ਅਸਥਾਈ ਹਾਰਾਂ ਤੋਂ ਹਾਰ ਕੇ ਜੀਵਨ ਖਤਮ ਕਿਉਂ ਕਰਨਾ। ਸਘੰਰਸ਼ ਹਾਰ ਨੂੰ ਜਿੱਤ ’ਚ ਤਬਦੀਲ ਕਰਨ ਲਈ ਕਾਫੀ ਹੈ। ਨੌਕਰੀ ਨਾ ਮਿਲਣ ਕਰਕੇ ਮਾਯੂਸ ਹੋਏ ਇੱਕ ਨੌਜਵਾਨ ਨੇ ਇੱਕ ਰਾਜ ਮਿਸਤਰੀ ਨਾਲ ਮਜਦੂਰ ਦੇ ਤੌਰ ’ਤੇ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ। ਮਨ ’ਚ ਕੁੱਝ ਸਿੱਖਣ ਅਤੇ ਕਰਨ ਦੀ ਲਗਨ ਸੀ। ਦਿਹਾੜੀਦਾਰ ਵਜੋਂ ਕੰਮ ਕਰਦੇ ਹੋਏ ਉਹ ਨੌਜਵਾਨ ਇੱਕ ਰਾਜ ਮਿਸਤਰੀ ਵਾਲਾ ਕੰਮ ਕਰਨ ਦੇ ਸਾਰੇ ਗੁਰ ਸਿੱਖ ਗਿਆ। ਅੱਜ ਉਹ ਨਾਮੀ ਠਕੇਦਾਰ ਹੈ ਅਤੇ ਉਸ ਕੋਲ ਬਿਲਡਿੰਗਾ ਖੜੀਆਂ ਕਰਨ ਲਈ ਬੰਦਿਆਂ ਦੀ ਇੱਕ ਪੂਰੀ ਫੌਜ ਹੈ।
ਮਾਲਕ ਬੰਨਣਾ ਹੈ ਜਾਂ ਨੌਕਰ ਇਹ ਫੈਸਲਾ ਸਾਡਾ ਸਘੰਰਸ਼ ਕਰਦਾ ਹੈ। ਮਿਹਨਤ ਕੀਤੀ ਹੋਵੇ ਤਾਂ ਫੇਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਜੇਕਰ ਮਿਹਨਤ ਨਾ ਕੀਤੀ ਹੋਵੇ ਜਿੱਤ ਮਹਿਜ ਇੱਕ ਸੁਪਨਾ ਬਣ ਜਾਂਦੀ ਹੈ। ਚੰਗੇ ਮਾੜੇ ਦਿਨਾਂ ਦਾ ਜਿੰਦਗੀ ’ਚ ਕੋਈ ਵਜ਼ੂਦ ਨਹੀਂ ਗੱਲ ਸਿਰਫ ਚੰਗੇ ਅਤੇ ਇਮਾਨਦਾਰ ਕੰਮ ਕਰਨ ਦੀ ਹੈ ਫਿਰ ਮਾੜੇ ਦਿਨ ਵੀ ਚੰਗੇ ਬਣ ਜਾਂਦੇ ਹਨ। ਬੇਸ਼ੱਕ ਹਾਰ ਮਨ ਨੂੰ ਨਿਰਾਸ਼ਾ ਦਿੰਦੀ ਹੈ ਪਰ ਇਸੇ ਨਿਰਾਸ਼ਾ ਨੂੰ ਆਸ਼ਾ ’ਚ ਬਦਲਣ ਦੀ ਹਿੰਮਤ ਅਤੇ ਹੌਂਸਲਾ ਸਿਰਫ ਮਨੁੰਖ ਹਿੱਸੇ ਹੀ ਆਇਆ ਹੈ। ਜਾਨਵਰ ਹਾਰਨ ਤੋਂ ਬਾਅਦ ਮੂੰਹ ਫੇਰ ਕੇ ਤੁਰ ਪੈਂਦਾ ਹੈ ਪਰ ਇਨਸਾਨ ਹਾਰ ਤੋਂ ਸਬਕ ਲੈ ਕੇ ਜਿੱਤਣ ਲਈ ਦੁਬਾਰਾ ਕੋਸ਼ਿਸ਼ ਕਰਦਾ ਹੈ।
ਹਾਰ ਦੇ ਸਮੁੰਦਰ ’ਚੋਂ ਜਿੱਤ ਰੂਪੀ ਹੀਰੇ ਦੀ ਤਲਾਸ਼ ਸਾਨੂੰ ਜੀਵਨ ਵਿੱਚ ਕਾਮਯਾਬ ਬਣਾ ਸਕਦੀ ਹੈ। ਅਸਲ ਹਾਰ ਉਦੋਂ ਹੁੰਦੀ ਹੈ ਜਦ ਇਨਸਾਨ ਕੋਸ਼ਿਸ਼ ਕਰਨ ਤੋਂ ਜੀਅ ਚੁਰਾਉਣ ਲੱਗੇ। ਸਫਲ ਅਤੇ ਅਸਫਲ ਦੀ ਪ੍ਰੀਭਾਸ਼ਾ ਇਨਸਾਨ ਦਵਾਰਾ ਕੀਤੇ ਗਏ ਕਰਮ ਤੈਅ ਕਰਦੇ ਹਨ। ਹਾਰਨਾ ਸ਼ਬਦ ਜੂਝਾਰੂਆਂ ਲਈ ਇੱਕ ਪ੍ਰੇਰਣਾਂ ਅਤੇ ਡਰਪੋਕ ਲਈ ਬਾਜੀ ਦਾ ਅੰਤ ਹੁੰਦਾ ਹੈ। ਇਹ ਫੈਸਲਾ ਇਨਸਾਨ ਨੇ ਕਰਨਾ ਹੈ ਕਿ ਉਸਨੇ ਹਾਰੀ ਖੇਡ ਨੂੰ ਮਿਹਨਤ ਕਰਕੇ ਜਿੱਤ ’ਚ ਤਬਦੀਲ ਕਰਨਾ ਹੈ ਜਾਂ ਫਿਰ ਇੱਕ ਹੋਰ ਹਾਰ ਦਾ ਇੰਤਜਾਰ। ਬੇਸ਼ੱਕ ਜਿੰਦਗੀ ’ਚ ਬੇਸ਼ੁਮਾਰ ਮੁਸ਼ਕਿਲਾਂ ਆਉਣ ਅਤੇ ਇਨਸਾਨ ਨੂੰ ਕਈ ਹਾਰਾਂ ਦਾ ਮੁੰਹ ਦੇਖਣਾਂ ਪਵੇ ਪਰ ਯਾਦ ਰੱਖਣਾਂ ਹਾਰ ਜਾਣ ਨਾਲ ਜਿੰਦਗੀ ਖਤਮ ਨਹੀਂ ਹੁੰਦੀ।