ਸੰਸਦ ’ਚ ਨਾਮਧਾਰੀ ਸ਼ਹੀਦਾਂ ਦਾ ਯਾਦ ਚਿੰਨ੍ਹ ਲਗਾਇਆ ਜਾਵੇਗਾ: ਸੋਢੀ

ਨਾਮਧਾਰੀ ਸ਼ਹੀਦੀ ਸਮਾਰਕ ਲਈ 10 ਲੱਖ ਦੀ ਗਰਾਂਟ ਦੇਣ ਦਾ ਐਲਾਨ

ਸੰਗਰੂਰ/ਮਲੇਰਕੋਟਲਾ, 17 ਜਨਵਰੀ- ਪੰਜਾਬ ਸਰਕਾਰ ਵੱਲੋਂ 66 ਨਾਮਧਾਰੀ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਨਾਮਧਾਰੀ ਸ਼ਹੀਦੀ ਸਮਾਰਕ ਮਲੇਰਕੋਟਲਾ ਵਿਖੇ ਆਯੋਜਿਤ ਰਾਜ ਪੱਧਰੀ ਸਮਾਰੋਹ ’ਚ ਨਾਮਧਾਰੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਨਾਮਧਾਰੀ ਸੰਪਰਦਾ ਵੱਲੋਂ ਸ਼ਾਂਤਮਈ ਅੰਦੋਲਨ ਕਰਕੇ ਦਿੱਤੀਆਂ ਮਹਾਨ ਕੁਰਬਾਨੀਆਂ ਤੇ ਸਮਾਜਕ ਕੁਰੀਤੀਆਂ ਨੂੰ ਦੂਰ ਕਰਨ ਵਿੱਚ ਪਾਏ ਵਡਮੁੱਲੇ ਯੋਗਦਾਨ ਦੇ ਬਾਰੇ ਦੇਸ਼ ਵਾਸੀਆਂ ਨੂੰ ਜਾਣੂ ਕਰਵਾਉਣ ਲਈ ਦੇਸ਼ ਦੀ ਸੰਸਦ ਵਿੱਚ ਨਾਮਧਾਰੀ ਲਹਿਰ ਦੇ ਸ਼ਹੀਦਾਂ ਦੀ ਯਾਦ ਦੇ ਚਿੰਨ੍ਹ ਨੂੰ ਲਗਵਾਉਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਛੇਤੀ ਹੀ ਯੋਗ ਕਦਮ ਉਠਾਏ ਜਾਣਗੇ। ਨਾਮਧਾਰੀ ਸੰਗਤਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਰਾਣਾ ਸੋਢੀ ਨੇ ਨਾਮਧਾਰੀ ਸ਼ਹੀਦੀ ਸਮਾਰਕ ਲਈ ਪੰਜਾਬ ਸਰਕਾਰ ਦੀ ਤਰਫੋਂ 10 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਦੇਸ਼ ਦੀ ਅਜ਼ਾਦੀ ਲਹਿਰ ’ਚ ਨਾਮਧਾਰੀ ਸੰਪਰਦਾ ਵੱਲੋਂ ਪਾਏ ਯੋਗਦਾਨ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨਾ-ਮਿਲਵਰਤਨ ਲਹਿਰ ਦੇ ਮੋਢੀ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਕੂਕਾ ਅੰਦੋਲਨ ਦੇ ਤਹਿਤ ਜਿਥੇ ਵੱਖ-ਵੱਖ ਸਮਾਜਿਕ ਬੁਰਾਈਆਂ ਦੇ ਖਾਤਮੇ ’ਚ ਯੋਗਦਾਨ ਪਾਇਆ ਉਥੇ ਹੀ ਸਮਾਜ ਵਿੱਚ ਲੜਕੀਆਂ ਨੂੰ ਬਰਾਬਰੀ ਦੇ ਅਧਿਕਾਰ ਦਿਵਾਉਣ ਲਈ ਵੀ ਲਗਾਤਾਰ ਸਰਗਰਮ ਰਹੇ। ਆਪਣੇ ਸੰਬੋਧਨ ਦੌਰਾਨ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਭੈਣੀ ਸਾਹਿਬ ਵਿਖੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਰਾਜ ਸਰਕਾਰ ਵੱਲੋਂ ਐਸਟਰੋਟਰਫ਼ ਬਣਾਉਣ ਨੂੰ ਮੰਜੂਰੀ ਦੇ ਦਿੱਤੀ ਗਈ ਹੈ ਅਤੇ ਬਜਟ ਸੈਸ਼ਨ ਤੋਂ ਬਾਅਦ ਇਸ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਭੈਣੀ ਸਾਹਿਬ ’ਚ ਪੀਣ ਲਈ ਸਾਫ਼ ਪਾਣੀ ਦੇ ਉਚਿਤ ਪ੍ਰਬੰਧ ਕਰਨ ਲਈ ਵੀ ਛੇਤੀ ਹੀ ਢੁਕਵੇਂ ਕਦਮ ਪੁੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਹਰ ਸਾਲ ਇਥੇ ਸ਼ਹੀਦਾਂ ਦਾ ਦਿਹਾੜਾ ਰਾਜ ਪੱਧਰੀ ਸਮਾਗਮ ਦੇ ਤੌਰ ’ਤੇ ਮਨਾਇਆ ਜਾਵੇਗਾ। ਇਸ ਮੌਕੇ ਨਾਮਧਾਰੀ ਦਰਬਾਰ ਦੇ ਪ੍ਰਧਾਨ ਨਾਮਧਾਰੀ ਹਰਿੰਦਰ ਸਿੰਘ ਹੰਸਪਾਲ ਨੇ ਨਾਮਧਾਰੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕੂਕਾ ਅੰਦੋਲਨ ਨਾਲ ਜੁੜੀਆਂ ਅਹਿਮ ਘਟਨਾਵਾਂ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸ਼ਹੀਦ ਸਭ ਦੇ ਸਾਂਝੇ ਹੁੰਦੇ ਹਨ ਅਤੇ ਸ਼ਹੀਦਾਂ ਦੀ ਯਾਦ ਨੂੰ ਇਕੱਠਿਆਂ ਹੋ ਕੇ ਮਨਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸ਼ਹੀਦੀ ਸਾਕਾ ਦੁਨੀਆਂ ਦੀ ਵਿਲੱਖਣ ਘਟਨਾ ਹੈ ਅਤੇ ਜਿਹੜੇ ਸੂਰਵੀਰਾਂ ਨੇ ਦੇਸ਼ ਵਾਸਤੇ ਆਪਣੀ ਜਾਨ ਨਿਛਾਵਰ ਕਰ ਦਿੱਤੀ ਹੈ ਉਨ੍ਹਾਂ ਦੀ ਮਹਾਨ ਦੇਣ ਬਾਰੇ ਜਾਣੂ ਕਰਵਾਉਣ ਲਈ ਲਗਾਤਾਰ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ। ਇਸ ਮੌਕੇ ਨਾਮਧਾਰੀ ਸਤਿਗੁਰੂ ਉਦੈ ਸਿੰਘ ਨੇ ਕਿਹਾ ਕਿ ਸੱਚ ਦੇ ਮਾਰਗ ’ਤੇ ਤੁਰ ਕੇ ਧਰਮ ਵਿੱਚ ਪਰਪੱਕ ਰਹਿਣ ਵਾਲੇ ਹੀ ਦੁਨੀਆਂ ਵਿੱਚ ਮਿਸਾਲ ਕਾਇਮ ਕਰਦੇ ਹਨ ਅਤੇ ਨਾਮਧਾਰੀ ਸਿੰਘਾਂ ਦੀ ਮਹਾਨ ਸ਼ਹਾਦਤ ਤੋਂ ਸੇਧ ਲੈਣ ਦੀ ਲੋੜ ਹੈ। ਸਮਾਗਮ ਦੌਰਾਨ ਸ਼ਹੀਦਾਂ ਦੀ ਯਾਦ ਵਿੱਚ ਦੀਵਾਨ ਸਜਾਏ ਗਏ ਅਤੇ ਕੀਰਤਨ ਪ੍ਰਵਾਹ ਚੱਲੇ। ਇਸ ਦੌਰਾਨ ਗੁਰਬਚਨ ਸਿੰਘ ਮੋਖਾ, ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਅਜੀਤ ਸਿੰਘ ਨਾਮਧਾਰੀ ਸਮੇਤ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।
ਸਮਾਗਮ ਦੌਰਾਨ ਵਿਸ਼ਵ ਨਾਮਧਾਰੀ ਸੰਗਤ ਦੇ ਪ੍ਰਧਾਨ ਸੁਰਿੰਦਰ ਸਿੰਘ ਨਾਮਧਾਰੀ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਐਸ.ਐਸ.ਪੀ ਡਾ. ਸੰਦੀਪ ਗਰਗ, ਐਸ.ਡੀ.ਐਮ ਚਰਨਦੀਪ ਸਿੰਘ, ਜੈ ਪਾਲ ਸਿੰਘ ਮੰਡੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਾਮਧਾਰੀ ਸੰਪਰਦਾ ਦੇ ਆਗੂ ਤੇ ਸੰਗਤ ਵੀ ਹਾਜ਼ਰ ਸੀ।

Send this to a friend