ਆਧੁਨਿਕ ਜ਼ਿੰਦਗੀ ਦੇ ਕੌੜੇ ਸੱਚ ’ਚ ਰਲਿਆ ਝੂਠ ਦਾ ਕੱਚ

ਭਾਰਤ ਦਾ ਇਤਿਹਾਸ ਬੜਾ ਧਾਰਮਿਕ, ਸਾਫ ਸੁਥਰਾ, ਸਚਾ ਸੁਚਾ ਅਤੇ ਪਵਿਤਰ ਰਿਹਾ ਹੈ ਪਰ ਅਜ ਕਲ ਦੀ ਜ਼ਿੰਦਗੀ ਝੂਠ ਦਾ ਪੁਲੰਦਾ ਬਣ ਕੇ ਰਹਿ ਗਈ ਹੈ। ਝੂਠ, ਫ਼ਰੇਬ ਅਤੇ ਦਿਖਾਵੇ ਦਾ ਹਰ ਪਾਸੇ ਬੋਲਬਾਲਾ ਹੈ। ਹਰ ਇਨਸਾਨ ਆਪਣੇ ਚਿਹਰੇ ਤੇ ਝੂਠ ਦਾ ਨਕਾਬ ਪਾਈ ਰਖਦਾ ਹੈ, ਜਿਸ ਹੇਠਾਂ ਉਸਦੀਆਂ ਅਸਲੀ ਭਾਵਨਾਵਾਂ ਲੁਕੀਆਂ ਰਹਿੰਦੀਆਂ ਹਨ ਅਤੇ ਚੇਹਰੇ ਤੇ ਝੂਠੀ ਮੁਸਕਾਨ ਫੈਲੀ ਰਹਿੰਦੀ ਹੈ। ਹਰ ਪਾਸੇ ਝੂਠ ਦਾ ਬੋਲਬਾਲਾ ਹੈ। ਸਚ ਨੂੰ ਹਰ ਪਾਸੋਂ ਪ੍ਰੇਸ਼ਾਨ ਕੀਤਾ ਜਾਂਦਾ ਹੈ। ਜਿਆਦਾਤਰ ਵੇਲੇ ਜਦੋਂ ਸਚ ਦਾ ਸਾਹਮਣਾ ਝੂਠ ਦੇ ਪਹਾੜ ਨਾਲ ਹੁੰਦਾ ਹੈ ਤਾਂ ਸਚ ਚਕਨਾਚੂਰ ਹੋ ਕੇ ਝੂਠ ਦੇ ਸਾਂਚੇ ਵਿਚ ਢਲ ਜਾਂਦਾ ਹੈ। ਇਸੇ ਤਰਾਂ ਝੂਠ ਦਾ ਕਾਰਵਾਂ ਚਲਦਾ ਰਹਿੰਦਾ ਹੈ। ਜਿੰਦਗੀ ਦੇ ਹਰ ਮੋੜ ਤੇ ਝੂਠ ਦਾ ਕਾਲਾ ਪਰਛਾਵਾਂ ਛਾਇਆ ਰਹਿੰਦਾ ਹੈ।
ਪਹਿਲਾਂ ਲੋਕ ਆਪਣੀ ਖੁਸ਼ੀ ਨੂੰ ਖੁਲ ਕੇ ਬਿਆਨ ਕਰਦੇ ਸਨ, ਕਿਉਂਕਿ ਲੋਕਾਂ ਨੂੰ ਇਕ ਦੂਜੇ ਨਾਲ ਦਿਲੋਂ ਸਾਂਝ ਹੁੰਦੀ ਸੀ ਅਤੇ ਲੋਕਲਾਜ ਦਾ ਧਿਆਨ ਵੀ ਰਖਿਆ ਜਾਂਦਾ ਸੀ, ਪਰ ਅਜ ਕਲ ਦਾ ਸਮਾਂ ਬੇਵਿਸ਼ਵਾਸੀ ਦਾ ਸਮਾਂ ਹੈ। ਹਰ ਇੰਸਾਨ ਆਪਣੀ ਖ਼ੁਸ਼ੀ ਨੂੰ ਦੂਜਿਆਂ ਸਾਹਮਣੇ ਜ਼ਾਹਰ ਕਰਨ ਤੋਂ ਡਰਦਾ ਹੈ ਕਿਤੇ ਸਾਹਮਣੇ ਵਾਲਾ ਦਿਲੋਂ ਉਸਦਾ ਬੁਰਾ ਹੀ ਨਾਂ ਸੋਚਦਾ ਹੋਵੇ। ਅਜ ਕਲ ਦੇ ਨਵੇਂ ਸ਼ਿਸ਼ਟਾਚਾਰ ਅਨੁਸਾਰ ਖਿੜ ਖਿੜਾ ਕੇ ਹਸਣਾ ਬੈਡ ਮੇਨਰਜ਼ ਮੰਨ ਕੇ ਸਿਰਫ ਝੂਠੀ ਅਤੇ ਫਿਕੀ ਮੁਸਕਾਨ ਨਾਲ ਹੀ ਕੰਮ ਚਲਾ ਲਿਆ ਜਾਂਦਾ ਹੈ। ਲੋਕ ਕਿਸੇ ਦੇ ਹਸਣ ਦੇ ਅੰਦਾਜ਼ ਤੋਂ ਹੀ ਉਸ ਦੀਆਂ ਅੰਦਰੂਨੀ ਭਾਵਨਾਵਾਂ ਬਾਰੇ ਅੰਦਾਜ਼ੇ ਲਗਾ ਕੇ ਉਸ ਦੇ ਚਰਿਤਰ ਬਾਰੇ ਧਾਰਨਾਵਾਂ ਬਣਾ ਲੈਂਦੇ ਹਨ, ਸ਼ਾਇਦ ਇਸੇ ਕਾਰਨ ਝੂਠੀ ਮੁਸਕਾਨ ਦਾ ਮਖੌਟਾ ਚੇਹਰੇ ਤੇ ਚੜਾ ਲਿਆ ਜਾਂਦਾ ਹੈ।
ਪਹਿਲਾਂ ਵਾਂਗ ਹੁਣ ਲੋਕਾਂ ਦਾ ਜ਼ੁਬਾਨ ਦਾ ਪਕਾ ਹੋਣਾ ਵੀ ਆਪਣੀ ਜ਼ਰੂਰਤ ਅਨੁਸਾਰ ਬਦਲਦਾ ਜਾ ਰਿਹਾ ਹੈ। ਜਿਥੇ ਪਹਿਲਾਂ ਜ਼ੁਬਾਨ ਦੀ ਕੀਮਤ ਸਿਰ ਦੇ ਕੇ ਵੀ ਚੁਕਾਈ ਜਾਂਦੀ ਸੀ ਉਥੇ ਅਜੋਕੇ ਸਮੇਂ ਵਿਚ ਪ੍ਰਾਣ ਜਾਏ ਪਰ ਵਚਨ ਨਾਂ ਜਾਏਵਰਗੀਆਂ ਗਲਾਂ ਨਹੀਂ ਰਹੀਆਂ। ਵਪਾਰ ਵਿਚ ਤਾਂ ਝੂਠ ਦੀ ਮਹਿਮਾਂ ਕਿਸੇ ਤੋੰ ਲੁਕੀ ਨਹੀਂ। ਅਖਬਾਰਾਂ ਅਤੇ ਮੀਡਿਆ ਵਿਚ ਝੂਠ ਦੀ ਚਾਸ਼ਨੀ ਵਿਚ ਲਿਪਟੇ ਇਸ਼ਤਿਹਾਰ ਦੇਖ ਕੇ ਖ਼ਰੀਦਦਾਰ ਕਦੋਂ ਲੁਟੇ ਜਾਂਦੇ ਹਨ, ਇਸ ਦਾ ਉਹਨਾਂ ਨੂੰ ਪਤਾ ਵੀ ਨਹੀਂ ਚਲਦਾ। ਆਨਲਾਈਨ ਵਪਾਰ ਇਸ ਦਾ ਐਡਵਾਂਸ ਵਰਜ਼ਨ ਹੈ।
ਝੂਠ ਦੀ ਗਲ ਅਗੇ ਤੋਰੀਏ ਤਾਂ ਧਰਮ ਕਰਮ ਵਿਚ ਵੀ ਝੂਠ ਆਪਣੇ ਪੈਰ ਪਸਾਰ ਚੁਕਾ ਹੈ । ਅਜ ਕਲ ਝੂਠੇ ਅਤੇ ਫਰੇਬੀ ਬਾਬਿਆਂ ਦੀ ਇਕ ਪੂਰੀ ਜਮਾਤ ਤਿਆਰ ਹੋ ਚੁਕੀ ਹੈ । ਇਹਨਾਂ ਬਾਬਿਆਂ ਨੇ ਟੀਵੀ ਅਤੇ ਮੀਡਿਆ ਤੇ ਆਪਣੇ ਕੂੜ ਪ੍ਰਚਾਰ ਰਾਹੀਂ ਆਪਣੇ ਪਿਛੇ ਜ਼ਿੰਦਗੀ ਦੇ ਦੁਖਾਂ ਤੋੰ ਪ੍ਰੇਸ਼ਾਨ ਭੋਲੇ ਭਾਲੇ ਭਗਤਾਂ ਦੀ ਫ਼ੌਜ ਵੀ ਤਿਆਰ ਕੀਤੀ ਹੁੰਦੀ ਹੈ। ਅਜਿਹੇ ਭਗਤ ਆਪਣੇ ਸਚੇ ਸੁਚੇ ਵਿਸ਼ਵਾਸ਼ ਦੀ ਨੇਕ ਕਮਾਈ ਇਹਨਾਂ ਪਾਖੰਡੀ ਬਾਬਿਆਂ ਪਿਛੇ ਲੁਟਾਉਂਦੇ ਰਹਿੰਦੇ ਹਨ। ਬਾਬਿਆਂ ਦੇ ਝੂਠ ਦੇ ਮਕੜਜਾਲ ਵਿਚ ਉਲਜ਼ੇ ਭਗਤ ਦੂਜੇ ਧਰਮਾਂ ਵਿਰੁਧ ਜ਼ਹਿਰ ਉਗਲ ਕੇ ਆਪਣੇ ਧਰਮ ਦੀ ਨਹੀਂ ਸਗੋਂ ਪਾਖੰਡੀ ਬਾਬਿਆਂ ਦੀ ਫਿਰਕੂ ਸੋਚ ਦੀ ਸੇਵਾ ਕਰ ਰਹੇ ਹੁੰਦੇ ਹਨ।
ਰਿਸ਼ਤੇ ਨਾਤੇ ਅਤੇ ਸਾਕ ਸਬੰਧ ਵੀ ਹੁਣ ਪਹਿਲਾਂ ਵਾਂਗ ਸਾਫ਼ ਸੁਥਰੇ ਅਤੇ ਪਾਕ ਸਾਫ ਨਹੀਂ ਰਹੇ। ਝੂਠ ਦੇ ਸ਼ਿਕੰਜੇ ਵਿਚ ਫਸੇ ਰਿਸ਼ਤੇ ਨਾਤੇ ਹੁਣ ਬਸ ਫੋਨ, ਵਾਟਸਐਪ ਅਤੇ ਫੇਸਬੁਕ ਦੇ ਸੰਦੇਸ਼ਾਂ ਦਵਾਰਾ ਹੀ ਨਿਭਾਏ ਜਾ ਰਹੇ ਹਨ। ਵਿਆਹ ਸ਼ਾਦੀਆਂ ਵਿਚ ਹੁਣ ਪਹਿਲਾਂ ਦੀ ਤਰਾਂ ਰਿਸ਼ਤੇਦਾਰਾਂ ਦੀਆਂ ਰੌਣਕਾਂ ਨਹੀਂ ਲਗਦੀਆਂ। ਵਿਆਹਾਂ ਵਿਚ ਰਜੇ ਪੁਜਿਆਂ ਨੂੰ ਹੀ ਖਵਾ ਕੇ, ਗਰੀਬ ਜਰੂਰਤਮੰਦ ਨੂੰ ਦੁਤਕਾਰ ਕੇ ਅਤੇ ਪੈਸਾ ਪਾਣੀ ਵਾਂਗ ਵਹਾ ਕੇ ਹੀ ਸਮਾਜ ਵਿਚ ਆਪਣੀ ਝੂਠੀ ਸ਼ਾਨੋ ਸ਼ੌਕਤ ਬੁਲੰਦ ਰਹਿਣ ਦਾ ਭਰਮ ਪਾਲ ਲਿਆ ਜਾਂਦਾ ਹੈ। ਰਿਸ਼ਤੇਦਾਰ ਵੀ ਦੂਜੇ ਲੋਕਾਂ ਵਾਂਗ ਰਸਮ ਨਿਭਾਉਣ ਲਈ ਹਾਜ਼ਰੀ ਭਰ ਜਾਂਦੇ ਹਨ। ਚਾਚਾ-ਚਾਚੀ, ਤਾਇਆ-ਤਾਈ ਅਤੇ ਮਾਮੇ-ਮਾਮੀ ਵਰਗੇ ਨਿਘੇ ਰਿਸ਼ਤੇ ਬਸ ਅੰਕਲ-ਆਂਟੀ ਦੇ ਨਾਂ ਹੇਠਾਂ ਫੋਕੇ ਅਤੇ ਫਜ਼ੂਲ ਹੋ ਕੇ ਰਹਿ ਗਏ ਹਨ। ਵਿਦੇਸ਼ਾਂ ਵਿਚ ਪਕੇ ਹੋਣ ਲਈ ਪਤੀ ਪਤਨੀ ਵਰਗੇ ਪਵਿਤਰ ਰਿਸ਼ਤੇ ਵੀ ਡਾਲਰਾਂ ਦੇ ਚਮਕ ਹੇਠਾਂ ਕੁਚਲੇ ਜਾ ਰਹੇ ਹਨ।
ਭੌਤਿਕਵਾਦ ਹਰ ਪਾਸੇ ਹਾਵੀ ਹੋ ਰਿਹਾ ਹੈ। ਪਹਿਲਾਂ ਵਾਂਗ ਅਧਿਆਪਕਾਂ ਅਤੇ ਵਿਧਿਆਰਥੀਆਂ ਦਾ ਰਿਸ਼ਤਾ ਖਾਲਿਸ ਨਾਂ ਰਹਿ ਕੇ ਗੰਦਲਾ ਹੋ ਰਿਹਾ ਹੈ। ਜਿਥੇ ਕਦੇ ਏਕਲਵਏ ਨੇ ਗੁਰੂ ਦੇ ਮੰਗਣ ਤੇ ਬਿਨਾਂ ਸਵਾਲ ਕੀਤੇ ਆਪਣਾ ਅੰਗੂਠਾ ਭੇਂਟ ਕਰ ਦਿਤਾ ਸੀ ਉਥੇ ਅਜਕਲ ਦੇ ਵਿਧਿਆਰਥੀ ਅਧਿਆਪਕ ਦਿਵਸ ਨੂੰ ਹੀ ਰਸਮੀ ਨਿਭਾ ਕੇ ਆਪਣਾ ਫਰਜ਼ ਪੂਰਾ ਕਰ ਲੈਂਦੇ ਹਨ। ਅਧਿਆਪਕ ਵੀ ਕਲਾਸਾਂ ਵਿਚ ਰੂਚੀ ਨਾਲ ਪੜਾਉਣ ਦੀ ਥਾਂ ਸਾਰਾ ਜ਼ੋਰ ਟਿਊਸ਼ਨ ਸੈਂਟਰਾਂ ਵਿਚ ਹੀ ਲਾਉਂਦੇ ਹਨ।
ਖੇਡ ਮੁਕਾਬਲਿਆਂ ਵਿਚ ਖਿਡਾਰੀ ਨਸ਼ੇ ਲੈ ਕੇ ਝੂਠੇ ਅਤੇ ਥੋੜੇ ਸਮੇਂ ਦੇ ਜ਼ੋਰ ਨਾਲ ਆਪਣੇ ਸ਼ਰੀਰ ਦੇ ਖੋਖਲਾ ਹੋਣ ਦੀ ਪ੍ਰਵਾਹ ਨਾ ਕਰ ਕੇ, ਮੈਦਾਨ ਫਤਿਹ ਕਰਨ ਲਈ ਹਰ ਤਰਾਂ ਦੇ ਪ੍ਰਪੰਚ ਕਰਦੇ ਹਨ ਅਤੇ ਸਚੇ ਸੁਚੇ ਖਿਡਾਰੀ ਨਿਰਾਸ਼ ਹੋ ਕੇ ਫਾਡੀ ਰਹਿ ਜਾਂਦੇ ਹਨ। ਡਬਲਿਊ ਡਬਲਿਊ ਐਫ ਅਤੇ ਕ੍ਰਿਕੇਟ ਦੇ ਝੂਠੇ ਅਤੇ ਫਿਕਸ ਮੁਕਾਬਲੇ ਦਿਖਾ ਕੇ ਗੰਭੀਰ ਦਰਸ਼ਕਾਂ ਦੇ ਦਿਲ ਵਲੂੰਦਰੇ ਜਾਣ ਦੀ ਕਿਸੇ ਨੂੰ ਪਰਵਾਹ ਨਹੀਂ। ਮੀਡੀਆ ਵਿਚ ਵੀ ਝੂਠੀਆਂ, ਮਨਘੜੰਤ ਅਤੇ ਇਕ ਪਖੀ ਖਬਰਾਂ ਦਿਖਾ ਕੇ ਟੀ ਆਰ ਪੀ ਦੀ ਅੰਨ੍ਹੀ ਦੌੜ ਲਗੀ ਹੋਈ ਹੈ। ਚੋਣਾਂ ਵਿਚ ਝੂਠੇ ਅਤੇ ਫਰਜ਼ੀ ਸਰਵੇ ਦਿਖਾ ਕੇ ਕਿਸੇ ਖ਼ਾਸ ਨੇਤਾਵਾਂ ਦੇ ਪਖ ਵਿਚ ਮਾਹੌਲ ਤਿਆਰ ਕੀਤਾ ਜਾਂਦਾ ਹੈ। ਸਚੇ ਸੁਚੇ ਉਮੀਦਵਾਰ ਦੀ ਪੁਛ ਪੜਤਾਲ ਘਟਦੀ ਜਾ ਰਹੀ ਹੈ ਅਤੇ ਇਹ ਪ੍ਰਜਾਤੀ ਲੁਪਤ ਹੁੰਦੀ ਜਾ ਰਹੀ ਹੈ। ਝੂਠੇ ਜੁਮਲਿਆਂ ਨੂੰ ਵਾਰ ਵਾਰ ਉਚੀ ਆਵਾਜ਼ ਵਿਚ ਬੋਲ ਕੇ ਉਹਨਾਂ ਤੇ ਸਚ ਦਾ ਮੁਲਮਾਂ ਚੜਾ ਦਿਤਾ ਜਾਂਦਾ ਹੈ। ਲਾਇਮਲਾਈਟ ਵਿਚ ਰਹਿਣ ਦੀ ਜ਼ਿਦ ਕਾਰਨ ਝੂਠੇ ਇਲਜ਼ਾਮ ਲਗਾ ਕੇ ਇਕ ਦੂਜੇ ਦਾ ਮਾਨ ਮਰਦਨ ਕੀਤਾ ਜਾਂਦਾ ਹੈ। ਮੀ ਟੂ ਦੇ ਭਵੰਰ ਵਿਚ ਫਸੇ ਕਿੰਨੇ ਸਚੇ ਕਿੰਨੇ ਝੂਠੇ ਹਨ, ਇਸ ਦਾ ਪਤਾ ਅਦਾਲਤ ਦੀ ਕਸੌਟੀ ਤੇ ਕਸਣ ਤੇ ਹੀ ਲਗੇਗਾ।
ਆਧੁਨਿਕ ਨੌਜ਼ਵਾਨ ਵਰਗ ਤਾਂ ਵਾਟਸਅਪ, ਟਵਿਟਰ ਅਤੇ ਇੰਸਟਾਗ੍ਰਾਮ ਦੀ ਝੂਠੀ ਕਾਲਪਨਿਕ ਦੁਨੀਆਂ ਵਿਚ ਹੀ ਗਵਾਚਾ ਰਹਿੰਦਾ ਹੈ। ਫੇਸਬੁਕ ਤੇ ਝੂਠੀਆਂ ਆਈ ਡੀ ਬਣਾ ਕੇ ਮੁੰਡੇ ਕੁੜੀਆਂ ਦਵਾਰਾ ਇਕ ਦੂਜੇ ਨੂੰ ਭਰਮਾਈ ਰਖਣਾ ਆਧੁਨਿਕ ਸ਼ਗਲ ਤਾਂ ਹੈ ਹੀ ਪਰ ਕਿਸੇ ਮੁਦੇ ਤੇ ਝੂਠੀਆਂ ਪੋਸਟਾਂ ਪਾ ਕੇ ਜਨਮਤ ਪ੍ਰਭਾਵਿਤ ਕਰਨ ਦੀ ਕੋਸ਼ਿਸ਼ਾਂ ਇਸ ਦਾ ਕਰੂਪ ਚੇਹਰਾ ਹੈ। ਨਿਆਂ ਦੇ ਮੰਦਰ ਕਹੇ ਜਾਣ ਵਾਲੀਆਂ ਕੋਰਟ ਕਚਹਿਰੀਆਂ ਵਿਚ ਰੋਜ਼ਾਨਾ ਝੂਠੇ ਮੁਕਦਮੇ ਅਤੇ ਗਵਾਹਾਂ ਨਾਲ ਨਜਿਠਣਾ ਅਤੇ ਸਹੀ ਜਜਮੈਂਟ ਦੇਣਾ ਜਜਾਂ ਸਾਹਮਣੇ ਵਡੀਆਂ ਚੁਣੌਤੀਆਂ ਹਨ।
ਆਧੁਨਿਕੀਕਰਨ ਦੀ ਅੰਨ੍ਹੀ ਦੌੜ ਵਿਚ ਫਸ ਕੇ ਅਸੀਂ ਆਪਣੇ ਮਨੁਖ ਹੋਣ ਦੇ ਅਸਲ ਮਕਸਦ ਨੂੰ ਭੁਲ ਬੈਠੇ ਹਾਂ। ਹੁਣ ਸਮਾਂ ਹੈ ਝੂਠ ਦੇ ਲੁਭਾਵਣੇ ਅਕਸ ਨੂੰ ਛਡ ਕੇ ਸਚੀ ਮੇਹਨਤ ਨੂੰ ਸਾਥੀ ਬਣਾ ਕੇ ਦੇਸ਼ ਵਿਕਾਸ ਲਈ ਸਚੇ ਹੰਬਲੇ ਮਾਰਨ ਦਾ। ਆਓ ਅਸੀਂ ਸਾਰੇ ਝੂਠ ਦੀ ਜ਼ਿੰਦਗੀ ਛਡ ਕੇ ਸਚੀ ਸੁਚੀ ਮੇਹਨਤ ਕਰ ਕੇ ਆਪਣੇ ਦੇਸ਼ ਨੂੰ ਤਰਕੀ ਦੀਆਂ ਸਿਖਰਾਂ ਤੇ ਲੈ ਜਾਈਏ।

Send this to a friend