ਮਿਸ ਪੀ.ਟੀ.ਸੀ. ਪੰਜਾਬੀ’ ਖ਼ੁਸ਼ਪ੍ਰੀਤ ਕੌਰ ਦਾ ਕੀਤਾ ਵਿਸ਼ੇਸ਼ ਸਨਮਾਨ

ਅਮਰਗੜ੍ਹ, 15 ਜਨਵਰੀ (ਸੁਖਵਿੰਦਰ ਸਿੰਘ ਅਟਵਾਲ)- ਪਾਇਨੀਅਰ ਕਾਨਵੈਂਟ ਸਕੂਲ ਗੱਜਣ ਮਾਜਰਾ ਵਿਖੇ ਹਰ ਸਾਲ ਮਨਾਇਆ ਜਾਣ ਵਾਲਾ ਧੀਆਂ ਦੀ ਲੋਹੜੀ ਦਾ ਤਿਉਹਾਰ ਉਦੋਂ ਯਾਦਗਾਰ ਬਣ ਗਿਆ, ਜਦੋਂ ਇਸ ਤਿਉਹਾਰ ਨੂੰ ਚਾਰ ਚੰਨ ਲਾਉਣ ਲਈ ‘ਮਿਸ ਪੀ.ਟੀ.ਸੀ. ਪੰਜਾਬੀ’ ਖੁਸ਼ਪ੍ਰੀਤ ਕੌਰ ਨੇ ਸ਼ਿਰਕਤ ਕੀਤੀ।ਜ਼ਿਕਰਯੋਗ ਹੈ ਕਿ ਪੀ.ਟੀ.ਸੀ. ਪੰਜਾਬੀ ਚੈਨਲ ’ਤੇ ਚਲ ਰਹੀ ਪ੍ਰਤੀਯੋਗਤਾ ‘ਮਿਸ ਪੀ.ਟੀ.ਸੀ. ਪੰਜਾਬੀ 2018’ ਦੇ ਫਾਈਨਲ ਮੁਕਾਬਲੇ 5 ਜਨਵਰੀ 2019 ਨੂੰ ਜਲੰਧਰ ਵਿੱਚ ਹੋਏ ਅਤੇ ਖੁਸ਼ਪ੍ਰੀਤ ਜੋ ਕਿ ਪਾਇਨੀਅਰ ਕਾਨਵੈਂਟ ਸਕੂਲ ਦੀ ਮੈਰੀਟੋਰੀਅਸ ਵਿਦਿਆਰਥਣ ਰਹਿ ਚੁੱਕੀ ਹੈ, ਨੇ ਇਹ ਖਿਤਾਬ ਜਿੱਤ ਕੇ ਪੂਰੇ ਇਲਾਕੇ ਦਾ ਸਿਰ ਮਾਣ ਨਾਲ ਉਚਾ ਕੀਤਾ ਹੈ।ਖੁਸ਼ਪ੍ਰੀਤ ਆਪਣੇ ਮਾਤਾ-ਪਿਤਾ ਹਰਜੀਤ ਕੌਰ ਅਤੇ ਸ. ਮਨਜੀਤ ਸਿੰਘ ਨਾਲ ਸਕੂਲ ਪਹੁੰਚੀ।ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਸਟੇਜ ਤੇ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕਰਕੇ ਖੂਬ ਰੰਗ ਬੰਨਿਆ।ਸਟੇਜ ਤੇ ਵਿਦਿਆਰਥੀਆਂ ਨਾਲ ਰੂ-ਬ-ਰੂ ਹੁੰਦੇ ਹੋਏ ਖੁਸ਼ਪ੍ਰੀਤ ਨੇ ਦੱਸਿਆ ਕਿ ਉਹ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਡਾ. ਪਰਮਿੰਦਰ ਕੌਰ ਮੰਡੇਰ ਨੂੰ ਦਿੰਦੇ ਹਨ, ਕਿਉਂ ਕਿ ਸਕੂਲ ਦੀ ਸਟੇਜ ਤੋਂ ਹੀ ਆਤਮ ਵਿਸਵਾਸ਼ ਅਤੇ ਸਰਵਪੱਖੀ ਵਿਕਾਸ ਦੇ ਗੁਣ ਪੈਦਾ ਹੋਏ ਹਨ।ਇਸ ਮੌਕੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਅੱਜ ਸਾਡੀ ਇਸ ਧੀ ਨੇ ਸੰਸਥਾ ਦੇ ਸ਼ਿੰਗਾਰ ਵਿੱਚ ਇੱਕ ਕੀਮਤੀ ਮੋਤੀ ਜੜਿਆ ਹੈ।ਸੰਸਥਾ ਦੇ ਸਰਪ੍ਰਸਤ ਪ੍ਰੋ. ਜਸਵੰਤ ਸਿੰਘ ਗੱਜਣ ਮਾਜਰਾ ਨੇ ਕਿਹਾ ਕਿ ਸਾਡੀ ਸੰਸਥਾ ਦੀ ਇਹ ਰਵਾਇਤ ਰਹੀ ਹੈ ਕਿ ਅਸੀਂ ਧੀਆਂ ਦੀ ਲੋਹੜੀ ਹਰ ਸਾਲ ਮਨਾਉਂਦੇ ਹਾਂ, ਉਹ ਕਿਉਂ ਮਨਾਉਂਦੇ ਹਾਂ ਇਹ ਖੁਸ਼ਪ੍ਰੀਤ ਨੇ ਸਾਬਿਤ ਕਰ ਦਿੱਤਾ ਹੈ।ਇਸੇ ਲਈ ਲੋਹੜੀ ਦੇ ਤਿਉਹਾਰ ਤੇ ਖੁਸ਼ਪ੍ਰੀਤ ਦਾ ਵਿਸ਼ੇਸ਼ ਸਨਮਾਨ ਕੀਤਾ ਹੈ।ਇਸ ਉਪਰੰਤ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਕਈ ਤੋਹਫੇ ਭੇਂਟ ਕਰਕੇ ਖੁਸ਼ਪ੍ਰੀਤ ਦਾ ਸਨਮਾਨ ਕੀਤਾ ਗਿਆ।

Send this to a friend