ਮਨੁੱਖੀ ਹੱਕਾਂ, ਸਮਾਜਿਕ ਸਰੋਕਾਰਾਂ ਅਤੇ ਖੁਸ਼ਬੂਆਂ ਦਾ ਵਣਜਾਰਾ: ਕਾਮਰੇਡ ਗੁਰਮੀਤ ਸਿੰਘ

ਖ਼ੁਸ਼ਬੂਦਾਰ ਫੁੱਲ ਭਾਵੇਂ ਕਿਸੇ ਪੌਦੇ ਨਾਲ ਨਾ ਵੀ ਲੱਗੇ ਹੋਣ ਪ੍ਰੰਤੂ ਉਨ੍ਹਾਂ ਦੀਆਂ ਜੜ੍ਹਾਂ ਮਨੁੱਖਤਾ ਰੂਪੀ ਸਮਾਜ ਵਿਚ ਖੁਬੀਆਂ ਹੁੰਦੀਆਂ ਹਨ, ਜਿਸ ਕਰਕੇ ਉਨ੍ਹਾਂ ਦੀਆਂ ਸੁਗੰਧੀਆਂ ਵਾਤਾਵਰਨ ਵਿਚ ਭਾਵਨਾਤਮਕ ਮਿਠਾਸ ਪੈਦਾ ਕਰਕੇ ਉਸਨੂੰ ਸਰਸਾਰ ਕਰ ਦਿੰਦੀਆਂ ਹਨ। ਅਜਿਹਾ ਹੀ ਇਕ ਮਨੁੱਖੀ ਫੁੱਲ, ਧਰਤੀ ਪੁੱਤਰ ਸੀ ਕਾਮਰੇਡ ਗੁਰਮੀਤ ਸਿੰਘ ਸੀ, ਜਿਸਦੇ ਪਿਆਰ ਅਤੇ ਸਤਿਕਾਰ ਦੀਆਂ ਕਨਸੋਆਂ ਅਜੇ ਤੱਕ ਸਮਾਜਿਕ ਤਾਣੇ ਬਾਣੇ, ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਵਿਚ ਪਤੰਗੇ ਦੀ ਤਰ੍ਹਾਂ ਮੰਡਰਾਉਂਦੀਆਂ ਫਿਰਦੀਆਂ ਹਨ। ਉਸਦੀ ਖ਼ੁਸ਼ਬੂ ਕਰਕੇ ਗੁਰਮੀਤ ਸਿੰਘ ਦੀ ਅਣਹੋਂਦ ਰੜਕਦੀ ਨਹੀਂ ਸਗੋਂ ਤਰੋ ਤਾਜ਼ਾ ਰੱਖਦੀ ਹੈ। ਉਹ ਜਿਸ ਵੀ ਸਮਾਜਿਕ ਪ੍ਰਾਣੀ ਨੂੰ ਮਿਲਿਆ ਵਰਤਿਆ, ਉਸਦੀ ਅਣਹੋਂਦ ਅਜੇ ਤੱਕ ਤੜਪਾਉਂਦੀ ਹੋਈ ਵਿਆਕੁਲ ਕਰ ਰਹੀ ਹੈ। ਉਹ ਪੁਰਾਣੀਆਂ ਪਗਡੰਡੀਆਂ ਤੇ ਚਲਣ ਵਾਲਾ ਨਹੀਂ ਸਗੋਂ ਆਪਣੇ ਨਵੇਂ ਰਸਤੇ ਆਪ ਬਣਾਕੇ ਨਵੀਂਆਂ ਪਿਰਤਾਂ ਪਾਉਣ ਵਾਲਾ ਇਨਸਾਨ ਸੀ। ਕਾਮਰੇਡ ਗੁਰਮੀਤ ਸਿੰਘ ਭਾਵੇਂ ਖੱਬੇ ਪੱਖੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਸੀ ਪ੍ਰੰਤੂ ਇਨਸਾਨੀਅਤ ਦਾ ਪੁਜਾਰੀ ਹੋਣ ਕਰਕੇ ਹਰ ਗ਼ਰੀਬ ਅਮੀਰ ਦੇ ਦੁੱਖ ਸੁੱਖ ਦਾ ਸਾਥੀ ਬਣਦਾ ਸੀ। ਜ਼ਾਤ ਪਾਤ ਅਤੇ ਧਾਰਮਿਕ ਵਿਚਾਰਧਾਰਾ ਦੀਆਂ ਵਲੱਗਣਾਂ ਤੋਂ ਕੋਹਾਂ ਦੂਰ ਰਹਿੰਦਾ ਹੋਇਆ ਇਨਸਾਨੀਅਤ ਦੇ ਹਿੱਤਾਂ ਉਪਰ ਪਹਿਰਾ ਦਿੰਦਾ ਰਹਿੰਦਾ ਸੀ। ਉਹ ਕਦੇ ਵੀ ਕਿਸੇ ਦੀ ਬੁਰਿਆਈ ਨਹੀਂ ਸੀ ਕਰਦਾ। ਉਸਨੂੰ ਗੁੱਸਾ ਆਉਂਦਾ ਹੀ ਨਹੀਂ ਸੀ। ਕਦੀ ਕਿਸੇ ਕੰਮ ਨੂੰ ਜਵਾਬ ਨਹੀਂ ਦਿੰਦਾ ਸੀ। ਹਰ ਕੰਮ ਕਰਨ ਲਈ ਹਾਂਭੀ ਭਰ ਲੈਂਦਾ ਸੀ। ਇਥੇ ਹੀ ਬਸ ਨਹੀਂ ਉਸ ਕੰਮ ਨੂੰ ਨੇਪਰੇ ਚਾੜ੍ਹੇ ਬਿਨਾ ਚੈਨ ਨਹੀਂ ਲੈਂਦਾ ਸੀ। ਉਹ ਅਗਾਂਹਵਧੂ ਵਿਚਾਰਧਾਰਾ ਨੂੰ ਪ੍ਰਣਾਇਆ ਹੋਇਆ ਚਿੰਤਕ ਸੀ। ਅਗਾਂਹਵਧੂ ਵਿਚਾਰਧਾਰਾ ਵਾਲੀਆਂ ਪੁਸਤਕਾਂ ਪੜ੍ਹਨ ਦਾ ਸ਼ੌਕੀਨ ਸੀ। ਅਜੋਕੇ ਯੁਗ ਦੇ ਸਿਆਸਤਦਾਨਾਂ ਵਿਚ ਪੁਸਤਕਾਂ ਪੜ੍ਹਨ ਦੀ ਪ੍ਰਥਾ ਨਹੀਂ। ਗੁਰਮੀਤ ਸਿੰਘ ਵਿਚ ਇਹ ਵਿਲੱਖਣ ਖ਼ੂਬੀ ਸੀ ਕਿ ਉਹ ਪੜ੍ਹਦਾ ਬਹੁਤ ਜ਼ਿਆਦਾ ਸੀ, ਜਿਸ ਕਰਕੇ ਉਸਦੇ ਗਿਆਨ ਵਿਚ ਵਾਧਾ ਹੁੰਦਾ ਰਹਿੰਦਾ ਸੀ। ਉਹ ਬੁਲਾਰਾ ਵੀ ਬਹੁਤ ਵਧੀਆ ਸੀ ਜਿਹੜਾ ਦਲੀਲ ’ਤੇ ਅਧਾਰਤ ਗੱਲ ਕਰਦਾ ਸੀ। ਸਰੋਤਿਆਂ ਨੂੰ ਕੀਲ ਕੇ ਰੱਖਦਾ ਸੀ। ਪਟਿਆਲਾ ਜਿਲ੍ਹੇ ਦੇ ਹੜ੍ਹਾਂ ਦੀ ਮਾਰ ਵਿਚ ਆਉਣ ਵਾਲੇ ਇਲਾਕੇ ਦੇ ਭੁਨਰਹੇੜੀ ਬਲਾਕ ਦੇ ਪਿੰਡ ਸੁਰੱਸਤੀਗੜ੍ਹ ਵਿਚ ਆਮ ਸਾਧਾਰਣ ਕਿਸਾਨ ਪਰਿਵਾਰ ਵਿਚ 12 ਜੁਲਾਈ 1950 ਨੂੰ ਮਾਤਾ ਕਰਤਾਰ ਕੌਰ ਅਤੇ ਪਿਤਾ ਗੁਰਬਚਨ ਸਿੰਘ ਦੇ ਘਰ ਜਨਮ ਲੈ ਕੇ ਦੂਰ ਦ੍ਰਿਸ਼ਟੀ ਸੋਚ ਵਾਲਾ ਵਿਗਿਆਨਕ ਢੰਗਾਂ ਵਿਚ ਵਿਸ਼ਵਾਸ਼ ਰੱਖਣ ਵਾਲਾ ਬਿਹਤਰੀਨ ਇਨਸਾਨ ਹੋ ਨਿਬੜਿਆ।
ਗੁਰਮੀਤ ਸਿੰਘ 7 ਭੈਣ ਭਰਾਵਾਂ ਵਿਚੋਂ ਸਭ ਤੋਂ ਵੱਡੇ ਸਨ। ਆਪਨੇ ਆਪਣੀ ਮੁੱਢਲੀ ਪੜ੍ਹਾਈ ਆਪਣੇ ਪਿੰਡ ਵਿਚੋਂ ਹੀ ਕਿਸੇ ਵਿਅਕਤੀ ਕੋਲ ਸ਼ੁਰੂ ਕੀਤੀ। ਪਿੰਡ ਵਿਚ ਸਕੂਲ ਨਹੀਂ ਸੀ ਇਸ ਲਈ ਆਪਨੂੰ ਨਜ਼ਦੀਕੀ ਪਿੰਡ ਦੀਵਾਨ ਸਿੰਘ ਵਾਲਾ ਵਿਖੇ ਆਪਣੀ ਪ੍ਰਾਇਮਰੀ ਤੱਕ ਦੀ ਪੜ੍ਹਾਈ ਕੀਤੀ। ਅਗਲੇਰੀ ਪੜ੍ਹਾਈ ਲਈ ਸਰਕਾਰੀ ਹਾਈ ਸਕੂਲ ਭਾਂਖਰ ਵਿਚ ਦਾਖ਼ਲ ਹੋ ਗਏ। ਫਿਰ ਦਸਵੀਂ ਤੱਕ ਦੀ ਪੜ੍ਹਾਈ ਲਈ ਸਰਕਾਰੀ ਸਕੂਲ ਸਨੌਰ ਵਿਚ ਦਾਖ਼ਲ ਕਰਵਾ ਦਿੱਤਾ ਗਿਆ। ਇਸ ਤੋਂ ਬਾਅਦ ਉਸਨੇ ਮਹਿੰਦਰਾ ਕਾਲਜ ਵਿਚ ਉਚੇਰੀ ਪੜ੍ਹਾਈ ਲਈ ਦਾਖ਼ਲਾ ਲੈ ਲਿਆ। ਬੱਚਿਆਂ ਨੂੰ ਚੰਗੀ ਤਾਲੀਮ ਦੇਣ ਲਈ ਪਿਤਾ ਨੇ ਉਸਨੂੰ ਉਸਦੀਆਂ ਭੈਣਾਂ ਦੇ ਨਾਲ ਪਟਿਆਲਾ ਵਿਖੇ ਕਿਰਾਏ ਦਾ ਕਮਰਾ ਲੈ ਕੇ ਦਿੱਤਾ। ਗੁਰਮੀਤ ਸਿੰਘ ਪਰਿਵਾਰ ਵਿਚੋਂ ਸਭ ਤੋਂ ਵੱਡਾ ਲੜਕਾ ਸੀ, ਇਸ ਲਈ ਉਸਨੂੰ ਪਰਿਵਾਰ ਦੇ ਭੈਣਾਂ ਅਤੇ ਭਰਾਵਾਂ ਦੀ ਪੜ੍ਹਾਈ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ। ਇਸ ਸਮੇਂ ਦੌਰਾਨ ਗੁਰਮੀਤ ਸਿੰਘ ਨੇ ਐਮ ਏ ਜੌਗਰਾਫੀ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਤੋਂ 1972 ਵਿਚ ਪਾਸ ਕੀਤੀ। ਫਿਰ ਗੁਰਮੀਤ ਸਿੰਘ ਭਾਰਤੀ ਖਾਦ ਨਿਗਮ ਵਿਚ ਇੰਸਪੈਕਟਰ ਚੁਣਿਆ ਗਿਆ। ਗੁਰਮੀਤ ਦੀ ਨਿਯੁਕਤੀ ਕੁਰਕਸ਼ੇਤਰ ਵਿਚ ਹੋ ਗਈ। ਪਰ ਆਪਣੀਆਂ ਭੈਣਾਂ ਦੀ ਪੜ੍ਹਾਈ ਲਈ ਆਪਣੀ ਨੌਕਰੀ ਛੱਡ ਦਿੱਤੀ। ਉਸਨੇ ਆਪਣੀਆਂ ਭੈਣਾਂ ਗੁਰਮੀਤ ਕੌਰ, ਹਰਭਜਨ ਕੌਰ ਅਤੇ ਸਵਿੰਦਰ ਕੌਰ ਦੀ ਪੜ੍ਹਾਈ ਉਨ੍ਹਾਂ ਕੋਲ ਰਹਿਕੇ ਪੂਰੀ ਜ਼ਿੰਮੇਵਾਰੀ ਨਾਲ ਕਰਵਾਈ। ਆਪਦੇ ਇਲਾਕੇ ਦੇ ਕਾਮਰੇਡ ਦਲੀਪ ਸਿੰਘ ਦੇ ਪ੍ਰਭਾਵ ਹੇਠ ਆਪ ਸੀ ਪੀ ਆਈ ਨਾਲ ਜੁੜ ਗਏ। ਮਹਿੰਦਰਾ ਕਾਲਜ ਵਿਚ ਵਿਦਿਆਰਥੀ ਜੀਵਨ ਸਮੇਂ ਉਹ ਖੱਬੇ ਪੱਖੀ ਵਿਚਾਰਧਾਰਾ ਵਿਚ ਪਰਪੱਕ ਹੋ ਗਿਆ। ਪਹਿਲਾਂ ਉਹ ਸੀ ਪੀ ਆਈ ਅਤੇ ਫਿਰ ਸੀ ਪੀ ਐਮ ਵਿਚ ਕੰਮ ਕਰਦਾ ਰਿਹਾ। ਖੱਬੇ ਪੱਖੀ ਸਾਰਥਿਕ ਵਿਚਾਰਧਾਰਾ ਦਾ ਹਾਮੀ ਹੋਣ ਕਰਕੇ ਰਾਜਨੀਤਕ ਪਾਰਟੀਆਂ ਦੀ ਕਾਰਗੁਜ਼ਾਰੀ ਉਸਨੂੰ ਸੰਤੁਸ਼ਟ ਨਹੀਂ ਕਰ ਸਕੀ। ਇਸ ਕਰਕੇ ਉਸਨੇ ਸੀ ਪੀ ਐਮ ਨਾਲੋਂ ਵੀ ਨਾਤਾ ਤੋੜ ਲਿਆ। ਥੋੜ੍ਹੇ ਸਮੇਂ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਿਆ। ਉਥੇ ਵੀ ਉਸਦੀ ਤਸੱਲੀ ਨਾ ਹੋਈ। ਫਿਰ ਉਹ ਅਜ਼ਾਦ ਸੋਚ ਤੇ ਅਧਾਰਤ ਸਮਾਜ ਸੇਵਾ ਕਰਦਾ ਰਿਹਾ ਖਾਸ ਤੌਰ ਤੇ ਲੜਕੀਆਂ ਦੀ ਸਿਖਿਆ ਦੇ ਖੇਤਰ ਵਿਚ ਕਾਰਜਸ਼ੀਲ ਰਿਹਾ। ਇਸ ਤੋਂ ਬਾਅਦ ਭਾਵੇਂ ਉਸਨੂੰ ਆਪਣੇ ਆਪ ਨੂੰ ਸਥਾਪਤ ਕਰਨ ਲਈ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਫਿਰ ਉਸਨੇ ਕੁਝ ਸਮੇਂ ਲਈ ਟਿਊਸ਼ਨਾ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ। ਦੂਰਦਰਸ਼ਨ ਕੇਂਦਰ ਜ¦ਧਰ ਲਈ ਕੈਮਰਾਮੈਨ-ਕਮ-ਸਟਿੰਗਰ ਰਿਪੋਰਟਰ ਦੇ ਤੌਰ ਕੰਮ ਵੀ ਕੀਤਾ। 1986 ਵਿਚ ਭੁਨਰਹੇੜੀ ਵਿਖੇ ਸੇਂਟ ਸੋਲਜ਼ੀਅਰ ਪਬਲਿਕ ਸਕੂਲ ਖੋਲ ਲਿਆ। ਸਕੂਲ ਵਿਚ ਪੜ੍ਹਨ ਵਾਲੇ ਗ਼ਰੀਬ ਬੱਚਿਆਂ ਨੂੰ ਮੁਫ਼ਤ ਪੁਸਤਕਾਂ, ਕਾਪੀਆਂ ਅਤੇ ਵਰਦੀਆਂ ਦਿੰਦਾ ਸੀ। ਇਸ ਸਕੂਲ ਦੀ ਪ੍ਰਿੰਸੀਪਲ ਉਸਦੀ ਪਤਨੀ ਕਮਲੇਸ਼ ਕੰਬੋਜ ਸੀ। 2012 ਵਿਚ ਇਕ ਸੜਕੀ ਐਕਸੀਡੈਂਟ ਵਿਚ ਉਸਦੀ ਪਤਨੀ ਸਵਰਗਵਾਸ ਹੋ ਗਈ। ਸਕੂਲ ਭਾਵੇਂ ਬੰਦ ਕਰ ਦਿੱਤਾ ਪ੍ਰੰਤੂ ਇਲਾਕੇ ਦੇ ਵਿਦਿਆਰਥੀਆਂ ਲਈ ਸਥਾਪਤ ਪੰਜਾਬੀ ਯੂਨੀਵਰਸਿਟੀ ਦੇ ਕਾਲਜ ਮੀਰਾਂਪੁਰ ਨਾਲ ਉਹ ਜੁੜ ਗਿਆ। ਕਾਲਜ ਦਾ ਢਾਂਚਾ ਸਥਾਪਤ ਕਰਨ ਲਈ ਉਸਨੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ ਧਰਮਵੀਰ ਗਾਂਧੀ ਤੋਂ ਗ੍ਰਾਂਟ ਲੈ ਕੇ ਦਿੱਤੀ। ਇਸ ਕਾਲਜ ਲਈ ਇਲਾਕੇ ਦੇ ਪੰਚਾਂ ਸਰਪੰਚਾਂ ਦੀ ਮਦਦ ਨਾਲ ਕਾਰ ਸੇਵਾ ਰਾਹੀਂ ਕਾਲਜ ਦਾ ਢਾਂਚਾ ਸਥਾਪਤ ਕੀਤਾ। ਸਰਦੀਆਂ ਦੇ ਮੌਸਮ ਵਿਚ ਜਿਹੜੇ ਬੱਚਿਆਂ ਦੀ ਉਹ ਆਰਥਿਕ ਮਦਦ ਕਰਦਾ ਹੁੰਦਾ ਸੀ ਉਨ੍ਹਾਂ ਨੂੰ ਪਹਿਲਾਂ ਗਰਮ ਕਪੜੇ ਲੈ ਕੇ ਦਿੰਦਾ ਸੀ ਅਤੇ ਬਾਅਦ ਵਿਚ ਆਪਣੇ ਦੋਵੇਂ ਬੱਚਿਆਂ ਲਈ ਖ੍ਰੀਦਦਾ ਸੀ। ਸਮਾਜ ਸੇਵਾ ਦੇ ਕੰਮਾ ਬਾਰੇ ਉਹ ਪ੍ਰਚਾਰ ਕਰਨ ਦੇ ਵਿਰੁਧ ਸੀ। ਫੋਕੀਆਂ ਗੱਲਾਂ ਵਿਚ ਵਿਸ਼ਵਾਸ ਨਹੀਂ ਰੱਖਦਾ ਸੀ। ਗੁਰਮੀਤ ਸਿੰਘ ਆਪਣੇ ਪਿੰਡ ਸੁਰੱਸਤੀਗੜ੍ਹ ਦਾ 5 ਸਾਲ ਸਰਪੰਚ ਰਿਹਾ। ਗੁਰਮੀਤ ਸਿੰਘ ਦਾ ਪ੍ਰੇਰਨਾ ਸਰੋਤ ਕਾਮਰੇਡ ਦਲੀਪ ਸਿੰਘ ਨੇ ਉਸਦੇ ਵਿਆਹ ਲਈ ਕਿਸੇ ਲੜਕੀ ਦੀ ਦੱਸ ਪਾਈ। ਗੁਰਮੀਤ ਸਿੰਘ ਬੱਸ ਚੜ੍ਹਕੇ ਆਪਣੇ ਮਾਤਾ ਪਿਤਾ ਨੂੰ ਨਾਲ ਲੈਕੇ ਉਸ ਲੜਕੀ ਨੂੰ ਵੇਖਣ ਲਈ ਦੇਹਰਾਦੂਨ ਚਲਾ ਗਿਆ। ਲੜਕੀ ਪਸੰਦ ਆ ਗਈ ਅਤੇ ਉਸੇ ਸਮੇਂ ਉਨ੍ਹਾਂ ਕਪੜਿਆਂ ਵਿਚ ਹੀ ਉਸ ਲੜਕੀ ਨੂੰ ਵਿਆਹਕੇ ਉਸੇ ਦਿਨ ਬਸ ਚੜ੍ਹਕੇ ਵਾਪਸ ਆਪਣੇ ਪਿੰਡ ਲੈ ਆਇਆ। ਉਸਨੇ ਆਪਣੇ ਦੋਵੇਂ ਬੱਚਿਆਂ ਦੇ ਵਿਆਹ ਵੀ ਬਿਲਕੁਲ ਸਾਦੇ ਢੰਗ ਨਾਲ ਕੀਤੇ ਸਨ।
ਗੁਰਮੀਤ ਸਿੰਘ ਧਰਮ ਨਿਰਪੱਖ ਵਿਚਾਰਧਾਰਾ ਦਾ ਹਾਮੀ ਸੀ। ਉਸਦਾ ਇਕ ਮੁਸਲਮਾਨ ਦੋਸਤ ਅਜ਼ਾਦ ਪੇਂਟਰ ਸੀ। ਉਸਦੇ ਤਿੰਨ ਲੜਕੇ ਸਨ, ਉਹ ਚਾਹੁੰਦਾ ਸੀ ਕਿ ਅੱਲਾ ਤਾਲਾ ਉਸਦੇ ਘਰ ਇਕ ਲੜਕੀ ਦੇਵੇ ਪ੍ਰੰਤੂ ਇੰਜ ਨਹੀਂ ਹੋਇਆ। ਜਦੋਂ ਗੁਰਮੀਤ ਸਿੰਘ ਦੇ ਘਰ ਲੜਕੀ ਪੈਦਾ ਹੋਈ ਤਾਂ ਉਸਦੇ ਦੋਸਤ ਆਜ਼ਾਦ ਪੇਂਟਰ ਨੇ ਇਸ ਲੜਕੀ ਦਾ ਨਾਮ ਰੱਖਣ ਦੀ ਗੁਰਮੀਤ ਸਿੰਘ ਤੋਂ ਪ੍ਰਵਾਨਗੀ ਮੰਗੀ। ਉਨ੍ਹਾਂ ਇਹ ਪ੍ਰਵਾਨਗੀ ਦੇ ਦਿੱਤੀ ਤਾਂ ਆਜ਼ਾਦ ਪੇਂਟਰ ਨੇ ਲੜਕੀ ਦਾ ਨਾਮ ਮੁਸਲਮ ਸਭਿਆਚਾਰ ਮੁਤਾਬਕ ਆਪਣੀ ਬੱਚੀ ਸਮਝਕੇ ਨਾਜ਼ੀਆ ਰੱਖ ਦਿੱਤਾ, ਜਿਸਦਾ ਗੁਰਮੀਤ ਸਿੰਘ ਨੇ ਧਰਮ ਨਿਰਪੱਖ ਵਿਚਾਰਧਾਰਾ ਦਾ ਹਾਮੀ ਹੋਣ ਕਰਕੇ ਕੋਈ ਇਤਰਾਜ਼ ਨਹੀਂ ਕੀਤਾ। ਉਹ ਲੜਕੀ ਵਿਆਹ ਤੋਂ ਬਾਅਦ ਹੁਣ ਨਾਜ਼ੀਆ ਧੰਜੂ ਨਾਮ ਨਾਲ ਜਾਣੀ ਜਾਂਦੀ ਹੈ। ਨਾਜ਼ੀਆ ਇਸ ਸਮੇਂ ਖਾਲਸਾ ਏਡ ਸੰਸਥਾ ਵਿਚ ਕੰਮ ਕਰ ਰਹੀ ਹੈ। ਇਤਫਾਕ ਦੀ ਗੱਲ ਹੈ ਕਿ ਦੋਹਾਂ ਦੋਸਤਾਂ ਅਜ਼ਾਦ ਪੇਂਟਰ ਅਤੇ ਗੁਰਮੀਤ ਸਿੰਘ ਦੀ ਮੌਤ ਇਕੋ ਦਿਨ 7 ਦਸੰਬਰ 2018 ਨੂੰ ਹੋਈ

Send this to a friend