June 26, 2026 8:13 pm

ਅਮਰਿੰਦਰ ਇਧਰ ਓਧਰ ਦੀਆਂ ਮਾਰਨ ਨਾਲੋਂ ਆਪਣਾ ਵਿਧਾਨ ਸਭਾ ਰਿਕਾਰਡ ਲੋਕਾਂ ਨੂੰ ਦੱਸਣ : ਸੁਖਬੀਰ ਸਿੰਘ ਬਾਦਲ

images ਚੰਡੀਗੜ੍ਹ, 4 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਅੱਜ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਇਧਰ ਉਧਰ ਦੀਆਂ ਮਾਰਨ ਨਾਲੋਂ ਇਕ ਵਿਧਾਇਕ ਵਜੋਂ ਆਪਣਾ ਰਿਕਾਰਡ ਲੋਕਾਂ ਨੂੰ ਦੱਸਣ ਤੇ ਨਾਲ ਹੀ ਇਹ ਵੀ ਦੱਸਣ ਕਿ ਉਹ ਅੰਮ੍ਰਿਤਸਰ ਕਿੰਨੀ ਵਾਰ ਆਏ ਹਨ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਵੀ ਵਿਧਾਨ ਸਭਾ ਵਿਚ ਹਾਜਰੀ ਰਿਕਾਰਡ ਪੁੱਛਿਆ ਗਿਆ ਤਾਂ ਉਹਨਾਂ ਨੂੰ ਭੁੱਲਣ ਦੀ ਬਿਮਾਰੀ ਹੋ ਜਾਂਦੀ ਹੈ।  ਉਹਨਾਂ ਇਹ ਵੀ ਪੁੱਛਿਆ ਕਿ ਉਹ ਮੁੱਖ ਮੰਤਰੀ ਹੋਣ ਸਮੇਂ ਕਿੰਨੀ ਕੁ ਵਾਰ ਅੰਮ੍ਰਿਤਸਰ ਆਏ ਸਨ। ਸ੍ਰੀ ਬਾਦਲ ਨੇ ਕਿਹਾ ਕਿ ਅਮਰਿੰਦਰ ਸਿੰਘ

ਕੋਲ ਵਿਧਾਨ ਸਭਾ ਵਿੱਚ ਆਪਣੀ ਹਾਜ਼ਰੀ ਘੱਟ ਹੋਣ ਬਾਰੇ ਸ਼ਰਮ ਮਹਿਸੂਸ ਕਰਨ ਦਾ ਬਹਾਨਾ ਵੀ ਹੈ। ਉਹਨਾਂ ਕਿਹਾ ਕਿ ਪਿਛਲੇ ਦੋ ਸਾਲਾਂ ਵਿਚ ਕਾਂਗਰਸ ਦੇ ਆਗੂ ਨੇ 42 ਵਿਧਾਨ ਸਭਾ ਸੈਸ਼ਨਾਂ ਵਿਚੋਂ ਸਿਰਫ 3 ਬੈਠਕਾਂ ਵਿਚ ਹਿੱਸਾ ਲਿਆ। ਇਹ ਉਨ੍ਹਾਂ ਦੀ ਪਟਿਆਲਾ ਵਿਧਾਨ ਸਭਾ ਸੀਟ ਦੀ ਨੁਮਾਇੰਦਗੀ ਕਰਨ ਪ੍ਰਤੀ ਸੰਜੀਦਗੀ ਹੈ। ਉਹਨਾਂ ਕਿਹਾ ਕਿ ਲੋਕ ਹੁਣ ਖੁਦ ਮੁਲਾਂਕਣ ਕਰ ਸਕਦੇ ਹਨ ਕਿ ਜਦੋਂ 30 ਅਪ੍ਰੈਲ ਨੂੰ ਵੋਟਾਂ ਪੈ ਗਈਆਂ ਤਾਂ ਫਿਰ ਉਹ ਕਿੰਨੀ ਕੁ ਵਾਰ ਅੰਮ੍ਰਿਤਸਰ ਆਉਣਗੇ। ਕੈਪਟਨ ਅਮਰਿੰਦਰ ਸਿੰਘ ਦੇ ਪਿਛਲੇ ਰਿਕਾਰਡ ਦੀ ਗੱਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਦੇ ਆਗੂ ਨੂੰ ਆਪਣੇ ਹਲਕੇ ਲਟਕਦੇ ਛੱਡਣ ਦੀ ਆਦਤ ਹੈ। 1992 ਵਿਚ ਜਦੋਂ ਉਹਨਾਂ ਨੂੰ ਬਿਨਾਂ ਮੁਕਾਬਲਾ ਸਮਾਣਾ ਤੋਂ ਚੁਣਿਆ ਗਿਆ ਸੀ ਤਾਂ ਉਸ ਵੇਲੇ ਵੀ ਉਹਨਾ ਵਿਧਾਨ ਸਭਾ ਆਉਣਾ ਮੁਨਾਸਿਬ ਨਹੀਂ ਸਮਝਿਆ। ਉਹਨਾਂ ਕਿਹਾ ਕਿ ਉਹਨਾਂ ਨੇ ਪੰਜ ਸਾਲ ਵਿਚ ਸਿਰਫ ਦੋ ਵਾਰ ਵਿਧਾਨ ਸਭਾ ਆਉਣ ਦੀ ਖੇਚਲ ਕੀਤੀ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅੰਮ੍ਰਿਤਸਰ ਆਉਣ ਦਾ ਵੀ ਕੈਪਟਨ ਦਾ ਰਿਕਾਰਡ ਬਹੁਤ ਮਾੜਾ ਹੈ।  ਉਹਨਾਂ ਕਿਹਾ ਕਿ ਉਹਨਾਂ ਨੂੰ ਕਦੇ ਕਦਾਈਂ ਹੀ ਅੰਮ੍ਰਿਤਸਰ ਵੇਖਿਆ ਗਿਆ ਤੇ ਜਦੋਂ ਉਹ ਮੁੱਖ ਮੰਤਰੀ ਸਨ, ਉਦੋਂ ਵੀ ਅੰਮ੍ਰਿਤਸਰ ਨਹੀਂ ਆਏ।  ਉਹਨਾਂ ਕਿਹਾ ਕਿ ਦੋ ਸਾਲਾਂ ਤੋਂ ਅਮਰਿੰਦਰ ਅੰਮ੍ਰਿਤਸਰ ਕਦੇ ਨਹੀਂ ਆਏ। ਉਹਨਾਂ ਕਿਹਾ ਕਿ ਦੂਜੇ ਪਾਸੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਹਨ ਜੋ ਨਿਯਮਿਤ ਤੌਰ ’ਤੇ ਅੰਮ੍ਰਿਤਸਰ ਆਉਂਦੇ ਹੀ ਨਹੀਂ ਬਲਕਿ ਹਰ ਮਹੀਨੇ ਇਸ ਪਵਿੱਤਰ ਨਗਰੀ ਦੇ ਵਿਕਾਸ ਕਾਰਜਾਂ ਦੀ ਨਿਗਰਾਨੀ ਤੇ ਸਮੀਖਿਆ ਕਰਦੇ ਰਹਿੰਦੇ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੁਣ ਵੀ ਕੈਪਟਨ ਅਮਰਿੰਦਰ ਸਿੰਘ ਪਾਰਲੀਮਾਨੀ ਚੋਣ ਲੜਨ ਲਈ ਸੰਜੀਦਾ ਨਹੀਂ ਹਨ ਅਤੇ ਕੇਵਲ ਹਾਈ ਕਮਾਂਡ ਨੂੰ ਤਸਵੀਰਾਂ ਵਿਖਾਉਣ ਲਈ ਤਸਵੀਰਾਂ ਖਿਚਵਾਉਂਦੇ ਰਹਿੰਦੇ ਹਨ ਕਿਉਂਕਿ ਉਹਨਾਂ ਨੂੰ ਚੋਣਾਂ ਲੜਨ ਲਈ ਮਜਬੂਰ ਕੀਤਾ ਗਿਆ। ਉਹਨਾਂ ਕਿਹਾ ਕਿ ਉਹਨਾਂ ਦੀ ਪ੍ਰਚਾਰ ਮੁਹਿੰਮ ਵੀ ਅਮਲੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ। ਦੂਜੇ ਪਾਸੇ ਭਾਵੇਂ ਮੀਡੀਆ ਵਿਚ ਉਹਨਾਂ ਨੇ ਆਪਣੇ ਬਾਰੇ ਭਰਮ ਪਾਲ ਰੱਖੇ ਹਨ ਪਰ ਸੱਚਾਈ ਇਹ ਹੈ ਕਿ ਉਹਨਾਂ ਦੇ ਸਮਰਥਕ ਕਈ ਯਤਨ ਕਰਨ ਦੇ ਬਾਵਜੂਦ ਵੀ ਉਹਨਾਂ ਲਈ ਦਿਹਾਤੀ ਖੇਤਰਾਂ ਵਿਚ ਰੈਲੀ ਆਯੋਜਿਤ ਨਹੀਂ ਕਰ ਸਕੇ।  ਇਸ ਕਾਰਨ ‘ਮਹਾਰਾਜਾ’ ਦਾ ਮਨੋਬਲ ਡਿੱਗ ਗਿਆ ਹੈ ਜੋ ਚਾਰ ਦਿਨਾਂ ਤੋਂ ਅੰਮ੍ਰਿਤਸਰ ਤੋਂ ਗਾਇਬ ਹਨ ਜਿਸਦਾ ਕਾਰਨ ਪਤਾ ਨਹੀਂ।
ਇਸ ਦੌਰਾਨ ਸ੍ਰੀ ਬਾਦਲ ਨੇ ਕਿਹਾ ਕਿ ਅਕਾਲੀ ਦਲ-ਭਾਜਪਾ ਗਠਜੋੜ ਦੇ ਆਗੂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਅਗਲੇ ਕੁਝ ਦਿਨਾਂ ਵਿਚ ਅਮਰਿੰਦਰ ਸਿੰਘ ਦਿਨ ਦਾ ਚਾਨਣਾ ਵਿਖਾ ਦੇਣ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਰ ਕਿਸੇ ਨੂੰ ਝੂਠੇ ਲਾਅਰਿਆਂ ਨਾਲ ਮੂਰਖ ਬਣਾਉਣ ਦਾ ਕਿੱਤਾ ਅਪਣਾ ਰੱਖਿਆ ਹੈ ਪਰ ਇਹ ਸਮਾਂ ਹੈ ਜਦੋਂ ਉਹਨਾਂ ਨੂੰ ਸਬਕ ਸਿਖਾਇਆ ਜਾਵੇ ਤਾਂ ਕਿ ਉਹ ਇਸ ਪਵਿੱਤਰ ਨਗਰੀ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਮੁੜ ਯਤਨ ਨਾ ਕਰਨ।

Send this to a friend