ਅੰਮ੍ਰਿਤਸਰ, 17 ਜੁਲਾਈ (ਨਰਿੰਦਰ ਪਾਲ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਸਵਾਲ ਕੀਤਾ ਹੈ ਕਿ ਜੇਕਰ ਬਾਦਲ ਨੇ ਹਿੰਦੂਵਾਦੀ ਸੋਚ ਦੇ ਮੁੱਦਈਆਂ ਨਾਲ ਹੀ ਖੜਨਾ ਸੀ ਤਾਂ ਕੌਮ ਦੇ ਗੁਰਧਾਮਾਂ ‘ਤੇ ਕਾਬਜ਼ ਹੋਣ ਲਈ ਉਸਨੇ ਐਨੇ ਸਾਲ ਪੰਥਕ ਹੋਣ ਦਾ ਕੁਫਰ ਕਿਉਂ ਤੋਲਿਆ? ਸ. ਸਰਨਾ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ਅਗਾਮੀ ਲੋਕ ਸਭਾ ਚੋਣਾਂ ਲਈ ਕੱਟੜਵਾਦੀ ਹਿੰਦੂਤਵ ਦੇ ਮੁਦਈ ਨਰਿੰਦਰ ਮੋਦੀ ਨਾਲ ਖੜੇ ਹੋਣ ਦੇ ਦਿੱਤੇ ਬਿਆਨਾ ‘ਤੇ ਟਿਪਣੀ ਕਰ ਰਹੇ ਸਨ।

ਦਿੱਲੀ ਤੋਂ ਟੈਲੀਫੋਨ ‘ਤੇ ਗੱਲ ਕਰਦਿਆਂ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ ਦੀ ਵਿਚਾਰਧਾਰਾ ਨਾਲ ਤਾਂ ਹੁਣ ਭਾਜਪਾ ਦੇ ਆਗੂ ਵੀ ਪੂਰੀ ਤਰ੍ਹਾਂ ਸਹਿਮਤ ਨਹੀਂ ਹਨ ਲੇਕਿਨ ਸ. ਬਾਦਲ ਨੇ ਸਹਿਮਤੀ ਪਰਗਟਾਅ ਕੇ ਸਿੱਖ ਕੌਮ ਨਾਲ ਇਕ ਹੋਰ ਧੋਖਾ ਕੀਤਾ ਹੈ । ਸ. ਸਰਨਾ ਨੇ ਕਿਹਾ ਕਿ ਲਗਦਾ ਹੈ ਸ੍ਰ ਬਾਦਲ ਨੇ ਸਿੱਖ ਕੌਮ ਨਾਲ ਧੋਖਾ ਕਰਨ ਵਿਚ ਮੁਹਾਰਤ ਹਾਸਿਲ ਕਰ ਲਈ ਹੈ ਤੇ ਹਰ ਵਾਰ ਉਹ ਖੁਦ ਨੂੰ ਪਾਕਿ ਦਾਮਨ ਸਾਬਤ ਕਰਦੇ ਵੀ ਨਹੀ ਥੱਕਦੇ। ਉਨ੍ਹਾ ਕਿਹਾ ਕਿ ਅਕਾਲੀ ਦਲ ਵਲੋਂ 1982 ਵਿਚ ਸ਼ੁਰੂ ਕੀਤੇ ਧਰਮ ਯੁਧ ਮੋਰਚੇ ਵਿਚ ਸ੍ਰ ਬਾਦਲ ਵਲੋਂ ਮੋਹਰੀ ਹੋਕੇ ਸ਼ਮੂਲੀਅਤ ਕਰਨਾ ਤੇ ਬਾਅਦ ਵਿਚ ਧਰਮਯੁੱਧ ਮੋਰਚੇ ਦੇ ਕਟੜ ਦੁਸ਼ਮਣਾਂ ਨਾਲ ਹੱਥ ਮਿਲਾ ਲੈਣਾ ਵੀ ਬਾਦਲ ਦੇ ਹਿੱਸੇ ਹੀ ਆਇਆ ਹੈ ਲੇਕਿਨ ਹੁਣ ਸਮਾਂ ਆ ਗਿਆ ਹੈ ਕਿ ਕੌਮ ਜਵਾਬ ਮੰਗੇਗੀ ਕਿ ਆਖਿਰ ਧਰਮਯੁਧ ਮੋਰਚੇ ਤੇ ਇਸਤੋਂ ਪੈਦਾ ਹੋਏ ਹਾਲਾਤਾਂ ਵਿਚ ਕੌਮ ਦੀਆਂ ਅਣਗਿਣਤ ਜਵਾਨੀਆਂ ਖਤਮ ਹੋ ਜਾਣ ਬਾਅਦ ਵੀ ਸ. ਬਾਦਲ ਨੇ ਕੌਮ ਨਾਲ ਵਿਸ਼ਵਾਸ਼ ਘਾਤ ਕਿਉਂ ਕੀਤਾ? ਉਨ੍ਹਾ ਕਿਹਾ ਕਿ ਸ੍ਰ ਬਾਦਲ ਤੇ ਉਨ੍ਹਾ ਦਾ ਕੁਨਬਾ ਸਿਰਫ ਸੱਤਾ ਸੁਖ ਲਈ ਹੀ ਮੋਦੀ ਦੀ ਵਿਚਾਰਧਾਰਾ ਦਾ ਗੁਲਾਮ ਬਣਿਆ ਹੈ ਤੇ ਉਹ ਸੌ ਵਾਰ ਬਣੇ ਲੇਕਿਨ ਸਿੱਖ ਕੌਮ ਕੱਲ੍ਹ ਵੀ ਗੁਰੂ ਸਾਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਜੁੜੀ ਸੀ ਤੇ ਅੱਜ ਵੀ ਜੁੜੀ ਹੋਈ ਹੈ। ਸ. ਸਰਨਾ ਨੇ ਕਿਹਾ ਕਿ ਕੌਮ ਨਾਲ ਸ੍ਰ ਬਾਦਲ ਦਾ ਇਹ ਧੋਖਾ, ਉਸ ਦੇ ਪੱਤਨ ਦਾ ਕਾਰਣ ਜਰੂਰ ਬਣੇਗਾ।
ਬਾਦਲ ਨੇ ਮੋਦੀ ਨਾਲ ਸਹਿਮਤੀ ਪ੍ਰਗਟ ਕਰਕੇ ਸਿੱਖ ਕੌਮ ਨਾਲ ਧੋਖਾ ਕੀਤਾ : ਸਰਨਾ



