‘ਕਾਇਆ-ਕਲਪ ਪ੍ਰੋਗਰਾਮ’ ਤਹਿਤ ਮੁਕਾਬਲਿਆਂ ’ਚ ਸੀ.ਐਚ.ਸੀ ਗੋਨਿਆਣਾ ਨੂੰ ਤੀਜਾ ਅਤੇ ਸੀ.ਐਚ.ਸੀ. ਨਥਾਣਾ ਨੂੰ 28ਵਾਂ ਸਥਾਨ

ਬਠਿੰਡਾ, 3 ਜਨਵਰੀ (ਸੁਖਵਿੰਦਰ ਸਰਾਂ)- ਪੰਜਾਬ ਸਰਕਾਰ ਦੇ ‘‘ਕਾਇਆ ਕਲਪ ਪ੍ਰੋਗਰਾਮ‘‘ ਤਹਿਤ ਕਰਵਾਏ ਗਏ ਮੁਕਾਬਲਿਆਂ ਦੌਰਾਨ ਜ਼ਿਲਾ ਬਠਿੰਡਾ ਦੇ ਕਮਿਊਨਿਟੀ ਸਿਹਤ ਕੇਂਦਰ (ਸੀ.ਐਚ.ਸੀ.), ਗੋਨਿਆਣਾ ਨੂੰ ਤੀਜਾ ਅਤੇ ਕਮਿਊਨਿਟੀ ਸਿਹਤ ਕੇਂਦਰ, ਨਥਾਣਾ ਨੂੰ 28ਵਾਂ ਸਥਾਨ ਮਿਲਿਆ ਹੈ। ਪੰਜਾਬ ਸਰਕਾਰ ਵਲੋਂ ਇਨਾਂ ਸਿਹਤ ਸੰਸਥਾਵਾਂ ਨੂੰ ਇਕ-ਇਕ ਲਖ ਰੁਪਏ ਦੀ ਰਾਸ਼ੀ ਸਮਾਜ ਭਲਾਈ ਕੰਮਾਂ ਲਈ ਇਨਾਮ ਵਜੋਂ ਜਾਰੀ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ, ਬਠਿੰਡਾ ਡਾ. ਹਰੀ ਨਰਾਇਣ ਸਿੰਘ ਨੇ ਦਸਿਆ ਕਿ ਅਕਤੂਬਰ ਤੋਂ ਦਸੰਬਰ 2018 ਤਕ ਪੰਜਾਬ ਸਰਕਾਰ ਦੇ ‘ਕਾਇਆ ਕਲਪ ਪ੍ਰੋਗਰਾਮ‘ ਤਹਿਤ ਮੁਕਾਬਲੇ ਕਰਵਾਏ ਗਏ ਜਿਸ ਤਹਿਤ ਸਿਹਤ ਵਿਭਾਗ ਦੇ ਮਾਹਰਾਂ ਦੀ ਟੀਮ ਵਲੋਂ ਸਿਵਲ ਹਸਪਤਾਲ, ਸਬ-ਡਿਵੀਜ਼ਨਲ ਹਸਪਤਾਲ ਅਤੇ ਕਮਿਊਨਟੀ ਸਿਹਤ ਕੇਂਦਰਾਂ ਦੇ ਪਧਰ ‘ਤੇ ਸਫ਼ਾਈ ਸਬੰਧੀ, ਸਟਾਫ਼ ਦੀ ਜਾਣਕਾਰੀ, ਸੰਸਥਾ ਦੇ ਪ੍ਰਬੰਧਾਂ, ਕੰਮ ਦੀ ਕਾਰਜ-ਕੁਸ਼ਲਤਾ, ਲੇਬਰ ਰੂਮ, ਓ.ਟੀ. ਅਤੇ ਵਾਰਡ ਸਮੇਤ ਕਈ ਸਹੂਲਤਾਂ ਦੀ ਜਾਂਚ ਕੀਤੀ ਗਈ। ਉਨਾਂ ਦਸਿਆ ਕਿ ਇਸ ਮੁਕਾਬਲੇ ਵਿਚ ਜ਼ਿਲ੍ਹਾ ਸਿਹਤ ਵਿਭਾਗ ਬਠਿੰਡਾ ਅੰਦਰ ਕਮਿਊਨਿਟੀ ਸਿਹਤ ਕੇਂਦਰ, ਗੋਨਿਆਣਾ ਨੂੰ ਤੀਜਾ ਸਥਾਨ ਅਤੇ ਕਮਿਊਨਿਟੀ ਸਿਹਤ ਕੇਂਦਰ, ਨਥਾਣਾ ਨੂੰ 28ਵਾਂ ਸਥਾਨ ਮਿਲਣਾ ਜ਼ਿਲੇ ਲਈ ਮਾਣ ਵਾਲੀ ਗਲ ਹੈ। ਉਨਾਂ ਦਸਿਆ ਕਿ ਇਸ ਮੁਕਾਬਲੇ ਤਹਿਤ ਇਨਾਂ ਸੰਸਥਾਵਾਂ ਨੂੰ ਇਕ-ਇਕ ਲਖ ਰੁਪਏ ਦੀ ਰਾਸ਼ੀ ਸਮਾਜ ਭਲਾਈ ਕੰਮਾਂ ਲਈ ਇਨਾਮ ਵਜੋਂ ਜਾਰੀ ਕੀਤੀ ਗਈ ਹੈ। ਸਿਵਲ ਸਰਜਨ ਨੇ ਦੋਵਾਂ ਸੰਸਥਾਵਾਂ ਦੇ ਸਟਾਫ਼ ਨੂੰ ਵਧਾਈ ਦਿੰਦਿਆਂ ਬਾਕੀ ਸੰਸਥਾਵਾਂ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਤੋਂ ਵੀ ਉਮੀਦ ਜਤਾਈ ਕਿ ਉਹ ਵੀ ਆਪਣੀਆਂ ਸੰਸਥਾਵਾਂ ਦੇ ਕੰਮ ਹੋਰ ਬਿਹਤਰ ਬਣਾ ਕੇ ਜ਼ਿਲਾ ਸਿਹਤ ਵਿਭਾਗ ਦਾ ਨਾ ਰੌਸ਼ਨ ਕਰਨਗੇ।

Send this to a friend