ਕੁਆਲਾਲੰਪੁਰ, 2 ਅਪ੍ਰੈਲ (ਪੀ.ਟੀ.)-ਤਬਾਹ ਹੋਏ ਮਲੇਸ਼ੀਆ ਦੇ ਜੈੱਟ ਜਹਾਜ਼ ਦਾ ਭੇਦ ਸ਼ਾਇਦ ਕਦੀ ਵੀ ਨਹੀਂ ਖੁਲ੍ਹੇਗਾ। ਹਾਦਸੇ ਦੀ ਜਾਂਚ ਕਰ ਰਹੇ ਮਲੇਸ਼ੀਆ ਦੇ ਇਕ ਚੋਟੀ ਦੇ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਜਹਾਜ਼ ਦੇ ਲਾਪਤਾ ਹੋਣ ਦੇ ਕਾਰਨਾਂ ਦਾ ਕਦੀ ਵੀ ਨਾ ਪਤਾ ਲੱਗ ਸਕੇ। ਇੰਸਪੈਕਟਰ ਜਨਰਲ ਪੁਲਿਸ ਖਾਲਿਦ ਅਬੂ ਬਾਕਰ ਨੇ ਕਿਹਾ ਹੈ ਕਿ ਜਾਂਚ ਦੌਰਾਨ ਹਰ ਛੋਟੀ ਮੋਟੀ ਚੀਜ਼ ਸਾਫ ਹੋ ਜਾਵੇਗੀ ਪਰ ਹੋ ਸਕਦਾ ਹੈ ਕਿ ਸਾਨੂੰ ਹਾਦਸੇ ਦਾ ਕਾਰਨਾਂ ਦਾ ਪਤਾ ਨਾ ਲੱਗ ਸਕੇ। ਉਨ੍ਹਾਂ ਕਿਹਾ ਕਿ ਯਾਤਰੀਆਂ, ਪਾਇਲਟ ਤੇ ਸਹਿ ਪਾਇਲਟ ਦੇ ਪਰਿਵਾਰਕ ਮੈਂਬਰਾਂ ਸਮੇਤ 170 ਵਿਅਕਤੀਆਂ ਤੋਂ ਪੁੱਛਗਿੱਛ ਕਰਨ ਉਪਰੰਤ ਲਾਪਤਾ ਜਹਾਜ਼ ਬਾਰੇ ਕੁਝ ਸੰਕੇਤ ਮਿਲੇ ਹਨ। ਉਨ੍ਹਾਂ ਦੱਸਿਆ ਕਿ ਹੋਰ ਲੋਕਾਂ ਨੂੰ ਵੀ ਜਾਂਚ ਦੇ ਘੇਰੇ ਵਿੱਚ ਲਿਆ ਜਾਵੇਗਾ। 8 ਮਾਰਚ ਨੂੰ 239 ਯਾਤਰੀਆਂ ਸਮੇਤ ਕੁਆਲਾਲੰਪੁਰ ਤੋਂ ਉਡਾਨ ਭਰਨ ਤੋਂ ਬਾਅਦ ਐੱਮ.ਐੱਚ 370 ਜਹਾਜ਼ ਭੇਦਭਰੇ ਢੰਗ ਨਾਲ ਗਾਇਬ ਹੋ ਗਿਆ ਸੀ। ਸਮਝਿਆ ਜਾਂਦਾ ਹੈ ਕਿ ਜਹਾਜ਼ ਹਿੰਦ ਮਹਾਂਸਾਗਰ ਵਿੱਚ ਡਿੱਗਕੇ ਤਬਾਹ ਹੋ ਗਿਆ ਹੈ।