ਚੰਡੀਗੜ੍ਹ, 1 ਜਨਵਰੀ- ਚੰਡੀਗੜ੍ਹ ‘ਚ ਇਕ ਪਤਰਕਾਰ ਸੰਮੇਲਨ ਦੌਰਾਨ ਪੰਜਾਬ ਦੇ ਸਥਾਨਕ ਸਰਕਾਰਾਂ ਸਭਿਆਚਾਰਕ ਮਾਮਲੇ ਅਤੇ ਸੈਰ ਸਪਾਟਾ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿਧੂ ਨੇ ਕਿਹਾ ਕਿ ਪੰਜਾਬ ‘ਚ ਨਾਜਾਇਜ਼ ਇਮਾਰਤਾਂ ਨੂੰ ਜਾਇਜ਼ ਕਰਾਉਣ ਦਾ ਇਕ ਮੌਕਾ ਦਿਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਭਾਗ ਦੀ ਕਾਰਗੁਜ਼ਾਰੀ ਹੁਣ ਸਾਹਮਣੇ ਆ ਰਹੀ ਹੈ ਕਿਉਂਕਿ ਉਨ੍ਹਾਂ ਨੇ ਜੋ ਸਮਾਂਬਧ ਯੋਜਨਾਵਾਂ ਉਲੀਕੀਆਂ ਸਨ ਇਸ ਦੇ ਨਤੀਜੇ ਹੁਣ ਵੇਖਣ ਨੂੰ ਮਿਲਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਜਲਦੀ ਹੀ ਗ਼ੈਰ ਕਾਨੂੰਨੀ ਕਾਲੋਨੀਆਂ ਅਤੇ ਪਲਾਟਾਂ ਬਾਰੇ ਨੀਤੀ ਲਿਆਂਦੀ ਜਾ ਰਹੀ ਹੈ ਜਿਸ ਦੇ ਕੈਬਨਿਟ ਦੀ ਮੀਟਿੰਗ ‘ਚ ਪਾਸ ਹੋਣ ਦੀ ਪੂਰੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਕ ਮੌਕਾ ਨਕਸ਼ਾ ਪਾਸ ਕਰਵਾਉਣ ਜਾਂ ਸੀ.ਐਲ.ਯ.ੂ ਹਾਸਲ ਕਰਨ ਦਾ ਵੀ ਦਿਤਾ ਜਾਵੇਗਾ। ਉਸ ਤੋਂ ਬਾਅਦ ਨਾਜਾਇਜ਼ ਉਸਾਰੀਆਂ ਇਮਾਰਤਾਂ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਿਧੂ ਨੇ ਇਹ ਵੀ ਦਸਿਆ ਕਿ ਇਸ ਸਕੀਮ ਤਹਿਤ ਵਿਭਾਗ ਨੂੰ ਕਰੋੜਾਂ ਰੁਪਏ ਦੀ ਆਮਦਨ ਵੀ ਹੋ ਜਾਵੇਗੀ ਅਤੇ ਘਾਟੇ ‘ਚ ਜਾ ਰਹੇ ਨਗਰ ਨਿਗਮ ਅਤੇ ਮਿਊੰਸੀਪਲ ਕਮੇਟੀਆਂ ਘਾਟੇ ‘ਚੋਂ ਨਿਕਲ ਸਕਣਗੀਆਂ।