ਨੌਂ ਮਹੀਨੇ ਬੱਚੇ ਨੂੰ ਕੁੱਖ ’ਚ ਰੱਖਣ ਵਾਲੀ ਮਾਂ ਇਸ ਜਗਤ ’ਚ ਬੱਚੇ ਲਈ ਅਸਲ ਗਿਆਨਦਾਤਾ ਹੈ। ਬੇਸ਼ੱਕ ਮਾਂ ਅਨਪੜ ਹੋਵੇ, ਪਰ ਦੁਨੀਆਂ ਦਾ ਅਮੁੱਲ ਗਿਆਨ ਬੱਚੇ ਨੂੰ ਮਾਂ ਤੋਂ ਹੀ ਮਿਲਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇੱਕ ਕਾਬਿਲ ਅਧਿਆਪਕ ਵਿਦਿਆਰਥੀਆਂ ਨੂੰ ਜਿੰਦਗੀ ਦੇ ਹਨੇਰੇ ਰਸਤਿਆਂ ’ਚੋਂ ਚਾਨਣ ਦਿਖਾਉਂਦਾ ਹੈ ਪਰ ਮਾਂ ਜੋ ਬੱਚੇ ਨੂੰ ਪਾਲ਼ ਕੇ ਜਿੰਦਗੀ ਦੀ ਪਗਡੰਡੀ ’ਤੇ ਤੋਰਨ ਲਾਇਕ ਬਣਾੳਂਦੀ ਹੈ, ਦੇ ਮੁਕਾਬਲੇ ਇਸ ਦੁਨੀਆਂ ’ਚ ਕੋਈ ਹੋਰ ਅਧਿਆਪਕ ਨਹੀਂ। ਬੱਚੇ ਦੀ ਤੋਤਲ਼ੀ ਜ਼ੁਬਾਨ ਨੂੰ ਸ਼ਬਦ ਦੇਣ ਵਾਲੀ ਮਾਂ ਆਪਣੇ ਆਪ ’ਚ ਇੱਕ ਰੱਬ ਦਾ ਰੂਪ ਹੈ। ਰੋਟੀ ਦੇ ਛੋਟੇ ਛੋਟੇ ਟੁੱਕ ਬੱਚੇ ਦੇ ਮੂੰਹ ’ਚ ਪਾ ਕੇ ਮਾਂ ਉਸਨੂੰ ਦੁਨੀਆਵੀ ਕੰਮਾਂ ਦੇ ਲਾਇਕ ਬਣਾਉਂਦੀ ਹੈ।
ਦੁਨੀਆਂ ਬਣਾਉਣ ਵਾਲਾ ਪ੍ਰਮਾਤਮਾ ਕਿਸੇ ਨੂੰ ਨਜ਼ਰ ਨਹੀਂ ਆਉਂਦਾ, ਲੋਕ ਉਸ ਨੂੰ ਭਾਲ਼ਦੇ ਹਨ ਪਰ ਉਹ ਥਿਆਉਂਦਾ ਨਹੀਂ। ਪ੍ਰਮਾਤਮਾ ਨੇ ਇਸ ਧਰਤੀ ’ਤੇ ਮਾਂ ਨੂੰ ਆਪਣਾਂ ਨੁੰਮਾਇਦਾ ਬਣਾ ਕੇ ਭੇਜਿਆ ਹੈ। ਮਾਂ ਦੀ ਸੇਵਾ ਕਰਨਾ ਉਸ ਰੱਬ ਦੀ ਸੇਵਾ ਕਰਨ ਨਾਲੋਂ ਘੱਟ ਨਹੀਂ, ਭਾਵ ਮਾਂ ਦਾ ਸਤਿਕਾਰ ਕਰਨਾ ਉਸ ਪ੍ਰਮਾਤਮਾ ਦਾ ਸਤਿਕਾਰ ਕਰਨ ਦੇ ਬਰਾਬਰ ਹੈ। ਮਾਂ ਦਾ ਸਬਰ ਅਤੇ ਸਿਦਕ ਕਾਬਿਲੇ ਤਾਰੀਫ ਹੈ। ਜੇਕਰ ਥੋੜਾ ਜਿਹਾ ਭਾਰ ਢਿੱਡ ਨਾਲ ਬੰਨ ਕੇ ਇਨਸਾਨ ਨੂੰ ਤੁਰਨਾਂ ਪੈ ਜਾਵੇ ਤਾਂ ਉਸਨੂੰ ਇਹ ਭਾਰ ਜਲਦੀ ਹੀ ਬੋਝ ਲੱਗਣ ਲੱਗਦਾ ਹੈ ਪਰ ਧੰਨ ਹੈ ਮਾਂ ਜੋ ਆਪਣੀ ਕੁੱਖ ’ਚ ਪਲ਼ ਰਹੇ ਬੱਚੇ ਨੂੰ ਤਕਰੀਬਨ ਨੌਂ ਮਹੀਨੇ ਰੱਖਦੀ ਹੈ। ਘਰ ਦਾ ਕੰਮ ਕਾਰ ਵੀ ਕਰਨਾ ਹੁੰਦਾ ਹੈ ਅਤੇ ਕਈ ਵਾਰੀ ਸ਼ਰੀਰਕ ਤਕਲੀਫ ਵੱਧਣ ’ਤੇ ਭਾਰੀ ਕਸ਼ਟ ਵੀ ਸਹਿਣਾ ਪੈਂਦਾ ਹੈ। ਬੇਸ਼ੱਕ ਪਿਤਾ ਬੱਚੇ ਨੂੰ ਇੱਕ ਸਹੀ ਦਿਸ਼ਾ ਦਿੰਦਾ ਹੈ ਪਰ ਮਾਂ ਦੀ ਬੱਚੇ ਲਈ ਦਿੱਤੀ ਕੁਰਬਾਨੀ ਲਾ ਮਿਸਾਲ ਹੈ। ਨਿਰਾਸ਼ਾ ’ਚ ਘਿਰੇ ਅਤੇ ਅੰਦਰੋ ਟੁੱਟੇ ਇਨਸਾਨ ਲਈ ਮਾਂ ਦੀ ਦਿੱਤੀ ਦਲੇਰੀ ਬੇਅੰਤ ਹੌਂਸਲਾ ਦਿੰਦੀ ਹੈ। ਬੱਚੇ ਨੂੰ ਜਨਮ ਤੋਂ ਪਾਲਣ ਵਾਲੀ ਮਾਂ ਨੂੰ ਬੱਚੇ ਦੇ ਹਰ ਦੁੱਖ ਸੁੱਖ ਦਾ ਪਤਾ ਹੁੰਦਾ ਹੈ। ਨਿਰਾਸ਼ ਚਿਹਰਾ ਪੜ ਕੇ ਮਾਂ ਆਸਾਨੀ ਨਾਲ ਇਹ ਸਮਝ ਜਾਂਦੀ ਹੈ ਕਿ ਉਸਦਾ ਬੱਚਾ ਕਿਸੇ ਚਿੰਤਾ ’ਚ ਹੈ। ਦੁਨੀਆ ਦੇ ਪ੍ਰਸਿੱਧ ਮਨੋਵਿਗਿਆਨੀ ਇਸ ਗੱਲ ਨੂੰ ਮੰਨਦੇ ਹਨ ਕਿ ਬੱਚੇ ਨੂੰ ਮਾਨਸਿਕ ਤੌਰ ’ਤੇ ਸਭ ਤੋਂ ਜਿਆਦਾ ਅਤੇ ਛੇਤੀ ਮਾਂ ਹੀ ਸਮਝ ਸਕਦੀ ਹੈ। ਬੱਚੇ ਨੂੰ ਜੇਕਰ ਕੋਈ ਜਿੰਦਗੀ ਦੀਆਂ ਬਾਰੀਕੀਆਂ ਚੰਗੀ ਤਰਾਂ ਸਮਝਾ ਸਕਦਾ ਹੈ ਤਾਂ ਉਹ ਮਾਂ ਹੈ। ਇਸ ਸੰਸਾਰ ’ਚ ਅਨੇਕਾਂ ਗੁਰੂਆਂ, ਪੀਰਾਂ, ਰਿਸ਼ੀਆ, ਯੋਧਿਆਂ ਅਤੇ ਮਹਾਂਪੁਰਸ਼ਾਂ ਨੂੰ ਜਨਮ ਦੇਣ ਵਾਲੀ ਮਾਂ ਸਤਿਕਾਰ ਦੀ ਪਾਤਰ ਹੈ। ਢਿੱਡ ਬੰਨ ਕੇ ਗੁਜਾਰਾ ਕਰਨ ਵਾਲੀ ਮਾਂ ਭੁਖੀ ਤਾਂ ਰਹਿ ਸਕਦੀ ਹੈ ਪਰ ਆਪਣਿਆਂ ਬੱਚਿਆਂ ਦੇ ਢਿੱਡ ਨੂੰ ਦੋ ਵਕਤ ਦਾ ਖਾਣਾ ਦੇਣਾਂ ਉਹ ਆਪਣੀ ਪਹਿਲੀ ਜੁੰਮੇਵਾਰੀ ਸਮਝਦੀ ਹੈ। ਪਰ ਜਦੋਂ ਇਹ ਮਾਂ ਬਿਰਧ ਆਸ਼ਰਮਾਂ ’ਚ ਬੇਸਹਾਰਾ ਬੈਠੀ ਨਜ਼ਰ ਆਉਂਦੀ ਹੈ ਤਾਂ ਮਨ ਦੁੱਖ ਨਾਲ ਪਸੀਜਿਆ ਜਾਂਦਾ ਹੈ। ਜਿਸ ਪਰਿਵਾਰ ਦੀ ਮਾਂ ਜਨਮਦਾਤਾ ਹੋਵੇ ਅਤੇ ਉਹੀ ਪਰਿਵਾਰ ਬੁੱਢੀ ਉਮਰ ’ਚ ਉਸਨੂੰ ਬੇਗਾਨੇ ਹੱਥਾਂ ’ਚ ਦੇ ਦੇਵੇ ਸ਼ਾਇਦ ਇਹ ਦੁਨੀਆਂ ਦਾ ਸਭ ਤੋਂ ਵੱਡਾ ਪਾਪ ਹੋਵੇਗਾ। ਬਜ਼ੁਰਗ ਮਾਂ ਬਾਪ ਨਾਲ ਧੀਆਂ ਪੁੱਤਰਾਂ ਵਲੋਂ ਕੋਝਾ ਵਤੀਰਾ ਕਰਨ ਤੋਂ ਬਾਅਦ ਕਿਸੇ ਧਾਰਮਿਕ ਅਸਥਾਨ ਦੀ ਯਾਤਰਾ ਕਰਨਾ ਸਹੀ ਨਹੀਂ। ਘਰ ਬੈਠੀੇ ਰੱਬ ਰੂਪੀ ਮਾਂ ਅਸਲ ਤੀਰਥ ਹੈ ਜਿਸਦੀ ਕੁੱਖ ਨੇ ਧੀਆਂ ਅਤੇ ਪੁੱਤਰਾਂ ਨੂੰ ਜਗਤ ਦਿਖਾਇਆ ਹੈ।
ਦੁਨੀਆਂ ਦੀ ਨਜ਼ਰ ’ਚ ਇਨਸਾਨ ਧਾਰਮਿਕ ਦਿਸਣ ਦੀ ਕਾਫੀ ਕੋਸ਼ਿਸ਼ ਕਰਦਾ ਹੈ ਪਰ ਆਪਣੀ ਨਜ਼ਰ ’ਚ ਧਾਰਮਿਕ ਬਨਣ ਲਈ ਸ਼ਾਇਦ ਉਹ ਮਾਂ ਦੀ ਸੇਵਾ ਦੇ ਰੂਪ ’ਚ ਇੱਕ ਛੋਟਾ ਜਿਹਾ ਉੇਦਮ ਵੀ ਨਹੀਂ ਕਰ ਸਕਦਾ। ਬੁੱਢੇ ਮਾਂ ਬਾਪ ਨੂੰ ਵਹਿੰਗੀ ’ਚ ਬਿਠਾ ਕੇ ਆਪਣਾ ਫਰਜ ਪੂਰਾ ਕਰਨ ਵਾਲੇ ਸਰਵਣ ਭਗਤ ਵਰਗਾ ਪੁੱਤਰ ਹੁਣ ਇਸ ਦੁਨੀਆਂ ’ਤੇ ਦੁਬਾਰਾ ਸ਼ਾਇਦ ਹੀ ਆਵੇ। ਅੱਜ ਆਪਣੀ ਜਿੰਦਗੀ ’ਚ ਮਸਤ ਹੋਏ ਪਤਾ ਨਹੀਂ ਕਿੰਨੇ ਹੀ ਪੁੱਤਰਾਂ ਨੇ ਮਾਂਵਾਂ ਨੂੰ ਘਰ ਦਿਆਂ ਖੁੰਜਿਆਂ ’ਚ ਬੈਠਣ ਲਈ ਮਜਬੂਰ ਕਰ ਦਿੱਤਾ ਹੈ। ਕਿਸੇ ਸਮੇਂ ਪੁੱਤਰ ਨੂੰ ਪਿਆਰ ਨਾਲ ਆਵਾਜ਼ ਮਾਰ ਕੇ ਬੁਲਾਉਣ ਵਾਲੀ ਮਾਂ ਅੱਜ ਪੁੱਤਰ ਦੇ ਪਿਆਰ ਨੂੰ ਤਰਸਦੀ ਨਜ਼ਰ ਆੳੇਂਦੀ ਹੈ। ਬੇਸ਼ੱਕ ਅਜਿਹਾ ਵਤੀਰਾ ਹਰ ਘਰ ਵਿੱਚ ਨਹੀਂ ਪਰ ਜਮਾਨੇ ਦੀ ਬਦਲੀ ਤੋਰ ਨੇ ਮਾਂ ਦੇ ਸਤਿਕਾਰ ਨੂੰ ਗਹਿਰੀ ਸੱਟ ਮਾਰੀ ਹੈ।
ਅੱਜ ਦੇ ਸਮੇਂ ’ਚ ਬਜ਼ੁਰਗ ਮਾਪਿਆਂ ਦਾ ਸਤਿਕਾਰ ਕਰਨ ਵਰਗੀਆਂ ਨੈਤਿਕ ਕਦਰਾਂ ਕੀਮਤਾ ਨੂੰ ਬਚਾਉਣਾਂ ਬਹੁਤ ਜਰੂਰੀ ਹੋ ਗਿਆ ਹੈ। ਜੇਕਰ ਪੁੱਤਰ ਮਾਂ ਦਾ ਸਤਿਕਾਰ ਨਹੀਂ ਕਰੇਗਾ ਤਾਂ ਉਸੇ ਘਰ ’ਚ ਪਲ਼ ਰਿਹਾ ਕੋਈ ਛੋਟਾ ਬੱਚਾ ਵੀ ਕੱਲ ਨੂੰ ਦਾਦੀ ਦਾ ਸਤਿਕਾਰ ਨਹੀਂ ਕਰੇਗਾ। ਸੋਚੋ ਅਜਿਹੇ ਘਰ ’ਚ ਬਜ਼ੁਰਗਾਂ ਲਈ ਕਿਹੋ ਜਿਹਾ ਮਹੌਲ ਬਣ ਜਾਵੇਗਾ। ਮਨੁੰਖ ਹੋਣ ਦੇ ਨਾਤੇ ਇਹ ਨਿਸਚੈ ਕਰਨਾ ਹੋਵੇਗਾ ਕਿ ਅਸੀਂ ਦੁਰਲਭ ਗਿਆਨ ਦੇਣ ਵਾਲੀ ਮਾਂ ਨੂੰ ੳੇਸਦਾ ਬਣਦਾ ਸਤਿਕਾਰ ਦੇਈਏ ਅਤੇ ਆਉਣ ਵਾਲੀਆਂ ਪੀੜੀਆਂ ਅੱਗੇ ਮਾਂ ਦਾ ਸਤਿਕਾਰ ਕਰਨ ਦੀ ਮਿਸਾਲ ਕਾਇਮ ਕਰੀਏ।