ਦੁਨੀਆਂ ਵਿਚ ਭਾਂਤ – ਭਾਂਤ ਦੇ ਲੋਕ ਰਹਿੰਦੇ ਹਨ ਅਤੇ ਉਨ੍ਹਾਂ ਦੇ ਅਲਗ – ਅਲਗ ਵਿਸ਼ਵਾਸ ਅਤੇ ਮਾਨਤਾਵਾਂ ਹੁੰਦੀਆਂ ਹਨ । ਪਰ ਕਈ ਵਿਸ਼ਵਾਸ ਬਿਲਕੁਲ ਗੈਰ – ਵਿਗਿਆਨਕ ਅਤੇ ਡਰਾਵਨੇ ਹੁੰਦੇ ਹਨ ਅਤੇ ਉਨ੍ਹਾਂ ਦਾ ਕੋਈ ਵੀ ਠੋਸ ਆਧਾਰ ਨਹੀਂ ਹੁੰਦਾ । ਭਾਵੇਂ ਕਿ ਅਜ ਦਾ ਮਨੁਖ ਕੰਪਿਊਟਰ ਯੁਗ ਵਿਚ ਜੀਅ ਰਿਹਾ ਹੈ , ਪਰ ਅਜ ਵੀ ਕਈ ਗ਼ੈਰ – ਵਿਗਿਆਨਕ ਵਿਸ਼ਵਾਸ ਉਸ ਦਾ ਪਿਛਾ ਨਹੀਂ ਛਡ ਰਹੇ ਅਤੇ ਕਈ ਮਨਘੜੰਤ ਧਾਰਨਾਵਾਂ ਭਾਵਨਾਵਾਂ ਉਸ ਦੀ ਤਰਕੀ ਵਿਚ ਰੋੜਾ ਬਣਦੀਆਂ ਜਾ ਰਹੀਆਂ ਹਨ । ਜੋ ਕਿ ਪੜ੍ਹੇ – ਲਿਖੇ ਮਨੁਖ ਦੀ ਸੋਚ ‘ਤੇ ਪ੍ਰਸ਼ਨ – ਚਿੰਨ ਲਗਾ ਦਿੰਦੀਆਂ ਹਨ । ਇਨ੍ਹਾਂ ਹੀ ਗ਼ੈਰ – ਵਿਗਿਆਨਕ ਵਿਸ਼ਵਾਸਾਂ ਵਿਚੋਂ ਇਕ ਹੈ ਬਿਲੀ ਜਾਂ ਕਾਲੀ ਬਿਲੀ ਦਾ ਦਿਖ ਜਾਣਾ , ਮਿਲ ਜਾਣਾ ਜਾਂ ਉਸ ਵਲੋਂ ਰਸਤਾ ਕਟ ਦੇਣਾ । ਕਈ ਲੋਕ ਤਾਂ ਸਵੇਰੇ – ਸਵੇਰੇ ਬਿਲੀ ਦਾ ਦਿਖ ਜਾਣਾ ਹੀ ਬੁਰਾ / ਅਸ਼ੁਭ ਸਮਝਦੇ ਹਨ । ਬਿਲੀ ਜਾਂ ਕਾਲੀ ਬਿਲੀ ਸਬੰਧੀ ਅਸ਼ੁਭਤਾ ਦੀ ਇਹ ਧਾਰਨਾ ਬਿਲਕੁਲ ਹੀ ਅੰਧ – ਵਿਸ਼ਵਾਸ ਹੈ । ਇਹ ਅੰਧ – ਵਿਸ਼ਵਾਸ ਹਜ਼ਾਰਾਂ ਸਾਲ ਪਹਿਲਾਂ ਸ਼ੁਰੂ ਹੋਇਆ ਸੀ । ਕਹਾਣੀ ਇਹ ਹੈ ਕਿ ਪ੍ਰਾਚੀਨ ਕਾਲ ਵਿਚ ਮਿਸਰ ਦੇ ਲੋਕ ਬਿਲੀ ਨੂੰ ਬਹੁਤ ਹੀ ਪਵਿਤਰ ਸਮਝਦੇ ਸਨ ਅਤੇ ਉਸ ਦੀ ਪੂਜਾ ਕਰਦੇ ਸਨ । ਮਿਸਰ ਵਾਸੀਆਂ ਦੀ ਇਕ ਦੇਵੀ ਸੀ , ਜਿਸ ਦਾ ਨਾਂ ਸੀ ਬਾਸ਼ਤ। ਜਿਸ ਦਾ ਸਿਰ ਬਿਲੀ ਵਰਗਾ ਸੀ । ਉਹ ਇਸ ਦੇਵੀ ਦੀ ਪੂਜਾ ਬਹੁਤ ਹੀ ਧੂਮਧਾਮ ਨਾਲ ਕਰਦੇ ਸਨ । ਉਨ੍ਹਾਂ ਦਾ ਵਿਸ਼ਵਾਸ ਸੀ ਕਿ ਇਹ ਬਿਲੀ ਨੌਂ ਵਾਰ ਜਨਮ ਲੈਂਦੀ ਹੈ । ਜਿਸ ਸਬੰਧੀ ਅਜ ਵੀ ਕਈ ਲੋਕਾਂ ਦਾ ਅੰਧ – ਵਿਸ਼ਵਾਸ ਹੈ ਕਿ ਬਿਲੀ ਦੇ ਨੌਂ ਜਨਮ ਹੁੰਦੇ ਹਨ । ਮਿਸਰ ਵਿਚ ਜਦ ਵੀ ਕੋਈ ਕਾਲੀ ਬਿਲੀ ਮਰ ਜਾਂਦੀ ਸੀ , ਤਾਂ ਉਸ ਦੇ ਮ੍ਰਿਤਕ ਸਰੀਰ ਨੂੰ ਕਈ ਤਰ੍ਹਾਂ ਦੇ ਮਸਾਲੇ / ਰਸਾਇਣ ਆਦਿ ਲਗਾ ਕੇ ਸੁਰਖਿਅਤ ਰਖ ਲਿਆ ਜਾਂਦਾ ਸੀ । ਮਿਸਰ ਦੀ ਇਕ ਸ਼ਮਸ਼ਾਨ ਭੂਮੀ ਵਿਚ ਹਜ਼ਾਰਾਂ ਕਾਲੀਆਂ ਬਿਲੀਆਂ ਦੇ ਮ੍ਰਿਤਕ ਸਰੀਰ ਮਿਲੇ । ਬਿਲੀ ਨੂੰ ਮਾਰਨ ਵਾਲੇ ਵਿਅਕਤੀ ਨੂੰ ਮ੍ਰਿਤੂ ਦੰਡ ਦੇ ਦਿਤਾ ਜਾਂਦਾ ਸੀ । ਇਸੇ ਲਈ ਲੋਕ ਕਾਲੀ ਬਿਲੀ ਤੋਂ ਬਹੁਤ ਡਰਦੇ ਸਨ । ਬਸ ਇਸੇ ਆਧਾਰ ‘ਤੇ ਲੋਕ ਬਿਲੀ ਜਾਂ ਕਾਲੀ ਬਿਲੀ ਨੂੰ ਬੁਰਾ ਭਲਾ ਕਹਿਣ ਲਗੇ ਅਤੇ ਅਸ਼ੁਭ ਸਮਝਣ ਲਗੇ । ਇਸ ਤਰ੍ਹਾਂ ਕਈ ਸਦੀਆਂ ਇਹ ਅੰਧ – ਵਿਸ਼ਵਾਸ ਚਲਦਾ ਰਿਹਾ ।ਜਦੋਂ ਕਿ ਅਸਲੀਅਤ ਇਹ ਹੈ ਕਿ ਕੋਈ ਵੀ ਬਿਲੀ , ਕਾਲੀ ਬਿਲੀ , ਕਾਇਨਾਤ ਦਾ ਬਣਾਇਆ ਕੋਈ ਵੀ ਜੀਵ – ਜੰਤੂ , ਪ੍ਰਾਣੀ , ਵਸਤੂ ਜਾਂ ਕੁਦਰਤ ਦੀ ਰਚਨਾ ਕਦੇ ਵੀ ਨਾ ਤਾਂ ਅਸ਼ੁਭ ਹੁੰਦੀ ਹੈ ਅਤੇ ਨਾ ਹੀ ਅਸ਼ੁਭ ਜਾਂ ਬੁਰੀ ਹੋ ਸਕਦੀ ਹੈ । ਇਸ ਪਿਛੇ ਸਾਡੀ ਸੋਚ ਹੀ ਕੰਮ ਕਰਦੀ ਹੈ ; ਕਿਉਂਕਿ ਬਿਲੀ ਇਕ ਪਾਲਤੂ ਜਾਨਵਰ ਹੈ ਅਤੇ ਲੋਕ ਇਸ ਨੂੰ ਪਿਛਲੇ 5000 ਸਾਲਾਂ ਤੋਂ ਘਰਾਂ ਵਿਚ ਰਖਦੇ / ਪਾਲਦੇ ਆ ਰਹੇ ਹਨ ।