June 13, 2026 12:49 pm

ਠੰਢ ਕਾਰਨ ਬੇਸਹਾਰਾ ਬਜ਼ੁਰਗ ਦੀ ਮੌਤ

ਰੂਪਨਗਰ, 26 ਦਸੰਬਰ (ਲਾਡੀ ਖਾਬੜਾ)- ਰੂਪਨਗਰ ਦੇ ਗੁਰਦੁਆਰਾ ਸ੍ਰੀ ਭਠਾ ਸਾਹਿਬ ਦੇ ਸਾਹਮਣੇ ਸਬਜ਼ੀ ਮੰਡੀ ਦੀ ਮਾਰਕੀਟ ਦੇ ਵਿਚ ਅਜ ਇਕ 70 ਸਾਲਾ ਬਜ਼ੁਰਗ ਬੇਸਹਾਰਾ ਵਿਅਕਤੀ ਦੀ ਠੰਢ ਨਾਲ ਮੌਤ ਦਾ ਮਾਮਲਾ ਸਾਹਮਣੇ ਆਇਆ। ਜਿਸ ਵਿਚ ਭਠਾ ਸਾਹਿਬ ਮੰਡੀ ਦੀ ਮਾਰਕੀਟ ਦੇ ਵਿਚ ਇਕ ਬਜ਼ੁਰਗ ਜਿਸ ਨੂੰ ਕਵਾੜੀਏ ਦੇ ਨਾਮ ਨਾਲ ਬੁਲਾਇਆ ਜਾਂਦਾ ਸੀ ਉਹ ਪਿਛਲੇ ਕਈ ਦਿਨਾਂ ਤੋਂ ਬੀਮਾਰ ਪਿਆ ਹੋਇਆ ਸੀ ਅਤੇ ਕਿਸੇ ਵਲੋਂ ਵੀ ਉਸ ਦੀ ਵਾਤ ਨਹੀਂ ਪੁਛੀ ਗਈ ਅਤੇ ਅਜ ਸਵੇਰੇ ਤੜਕ ਸਾਰ ਹੀ ਉਸ ਦੀ ਮੌਤ ਹੋ ਗਈ ਜਦੋਂ ਉਥੇ ਮੌਕੇ ਤੇ ਪਹੁੰਚ ਕੇ ਵੇਖਿਆ ਤਾਂ ਉਸ ਜਗ੍ਹਾ ਤੇ ਤਿੰਨ ਚਾਰ ਹੋਰ ਬੇਸਹਾਰਾ ਵਿਅਕਤੀ ਉਸ ਜਗ੍ਹਾ ਤੇ ਪਾਏ ਗਏ ਉਨ੍ਹਾਂ ਵਿਅਕਤੀਆਂ ਨੇ ਦਸਿਆ ਕਿ ਇਹ ਬਜ਼ੁਰਗ ਪਿਛਲੇ ਕਈ ਦਿਨਾਂ ਤੋਂ ਬੀਮਾਰ ਚਲ ਰਿਹਾ ਸੀ । ਇਸ ਜਗ੍ਹਾ ਤੇ ਬੇਸਹਾਰਾ ਵਿਅਕਤੀਆਂ ਵਿਚ ਕਪੂਰ ਸਿੰਘ ਪੁਤਰ ਝੂਲੇ ਸਿੰਘ ਪਾਣੀਪਤ ਹਰਿਆਣਾ ਉਮਰ 45 ਸਾਲ, ਬਲਬੀਰ ਸਿੰਘ ਪੁਤਰ ਪ੍ਰਭੂ ਸਿੰਘ ਜ਼ਿਲ੍ਹਾ ਪੰਚਕੂਲਾ ਪਿੰਡ ਸੂਰਜਪੁਰ ਉਮਰ 60 ਸਾਲ ਜੋ ਕਿ ਪਿਛਲੇ ਇਕ ਡੇਢ ਮਹੀਨੇ ਤੋਂ ਇਸ ਜਗ੍ਹਾ ਤੇ ਰਹਿ ਰਹੇ ਹਨ ਉਨ੍ਹਾਂ ਦਸਿਆ ਕਿ ਇਸੇ ਤਰ੍ਹਾਂ ਹੀ ਉਨ੍ਹਾਂ ਦੇ ਨਾਲ ਇਥੇ ਦੋ ਤਿੰਨ ਵਿਅਕਤੀ ਹੋਰ ਵੀ ਇਸ ਜਗ੍ਹਾ ਤੇ ਰਾਤ ਨੂੰ ਆ ਕੇ ਠਹਿਰਦੇ ਹਨ। ਇਕ ਪਾਸੇ ਤਾਂ ਸਰਕਾਰਾਂ ਅਤੇ ਪ੍ਰਸ਼ਾਸਨ ਦਾਅਵੇ ਅਤੇ ਵਾਅਦੇ ਕਰਦੇ ਹਨ ਕਿ ਉਹ ਠੰਢ ਵਿਚ ਕਿਸੇ ਵਿਅਕਤੀ ਨੂੰ ਨਹੀਂ ਮਰਨ ਦੇਣਗੇ ਅਤੇ ਦੂਜੇ ਪਾਸੇ ਇਹ ਬੇਸਹਾਰਾ ਅਤੇ ਮਜਬੂਰ ਲਾਚਾਰ ਵਿਅਕਤੀ ਠੰਢ ਵਿਚ ਬਾਹਰ ਰਹਿਣ ਨੂੰ ਮਜਬੂਰ ਹਨ ਅਤੇ ਨਾਈਟ ਸ਼ੈਲਟਰਾਂ ਦਾ ਇਨ੍ਹਾਂ ਨੂੰ ਕੋਈ ਅਤਾ ਪਤਾ ਨਹੀਂ ਹੈ। ਪੁਛੇ ਜਾਣ ਤੇ ਇਨ੍ਹਾਂ ਦਸਿਆ ਕਿ ਇਨ੍ਹਾਂ ਨੂੰ ਨਾਈਟ ਸ਼ੈਲਟਰ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਅਤੇ ਨਾ ਕਿਸੇ ਅਧਿਕਾਰੀ ਨੇ ਸਾਨੂੰ ਆ ਕੇ ਇਸ ਬਾਰੇ ਦਸਿਆ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਮਜਬੂਰ ਅਤੇ ਬੇਵਸ ਲੋਕਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਇਹ ਠੰਡ ਤੋਂ ਬਚ ਸਕਣ ।

Send this to a friend