ਸਿੱਖ ਇਤਿਹਾਸ ਤੇ ਸਿਖੀ ਗੌਰਵ ਦਾ ਆਧਾਰ ਸ਼ਹੀਦੀ ਹੈ।ਗੁਰੂ ਨਾਨਕ ਦੇਵ ਜੀ ਨੇ ਤਾਂ ਪ੍ਰਭੂ- ਪ੍ਰੇਮ ਦੀ ਮੁਢਲੀ ਸ਼ਰਤ ਹੀ ਇਹੋ ਦਸੀ ਹੈ : ਠਜਉ ਤਉ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਆਓ ॥ਠ ਇਹ ਇਕ ਨਵਾਂ ਧਰਮ ਹੈ, ਜਿਸਨੇ ਇਤਿਹਾਸ ਵਿਚ ਆਪਣੀ ਹੋੰਦ ਬਣਾਉਣ ਲਈ ਮਹਾਨ ਕੁਰਬਾਨੀਆਂ ਦਿਤੀਆਂ।ਇਨ੍ਹਾਂ ਵਿਚੋਂ ਬਹੁਤੇ ਅਜਿਹੇ ਹਨ, ਜਿਨ੍ਹਾਂ ਦਾ ਇਤਿਹਾਸ ਵਿਚ ਨਾ- ਮਾਤਰ ਜ਼ਿਕਰ ਹੋਇਆ ਹੈ ਅਤੇ ਕਈ ਸ਼ਹੀਦ ਤਾਂ ਅਜੇ ਤਕ ਗੁੰਮਨਾਮ ਹੀ ਹਨ। ਇਹੋ ਜਿਹੇ ਸ਼ਹੀਦਾਂ ਵਿਚੋਂ ਇਕ ਸਨ- ਬਾਬਾ ਮੋਤੀ ਰਾਮ ਮਹਿਰਾ, ਜਿਨ੍ਹਾਂ ਦੇ ਜੀਵਨ ਬਾਰੇ ਅਜੇ ਤਕ ਪੂਰੀ ਸਚਾਈ ਸਾਹਮਣੇ ਨਹੀਂ ਆਈ। ਹੋਰ ਤਾਂ ਹੋਰ, ਸਿਖ ਧਰਮ ਦੇ ਐਨਸਾਈਕਲੋਪੀਡੀਆ, ਭਾਈ ਕਾਨ੍ਹ ਸਿੰਘ ਨਾਭਾ ਰਚਿਤ ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼‘ ਵਿਚ ਵੀ ਇਸ ਅਦੁਤੀ ਸ਼ਹੀਦ ਦਾ ਕੋਈ ਵੇਰਵਾ ਨਹੀਂ ਮਿਲਦਾ।
ਸ੍ਰੀ ਫਤਿਹਗੜ੍ਹ ਸਾਹਿਬ ਦੇ ‘ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰਸਟ (ਰਜਿ) ‘ਵਲੋਂ ਇਸ ਮਹਾਨ ਸ਼ਹੀਦ ਬਾਰੇ ਇਕ ਜੰਤਰੀ ਅਤੇ ਪੈਂਫਲਿਟ ਪ੍ਰਕਾਸ਼ਿਤ ਕੀਤਾ ਗਿਆ ਹੈ, ਜਿਸ ਰਾਹੀਂ ਬਾਬਾ ਮੋਤੀ ਰਾਮ ਦੀ ਕੁਰਬਾਨੀ ਦਾ ਪਤਾ ਲਗਦਾ ਹੈ। ਇਸ ਪੈਂਫਲਿਟ ਵਿਚ ਵੀ ਬਹੁਤੇ ਹਵਾਲੇ ਕੇਸਰ ਸਿੰਘ ਛਿਬਰ, ਜੂਨਾ ਸਿੰਘ ਹੰਡੂਰੀਆ, ਕਵੀ ਕਿਸ਼ਨ ਸਿੰਘ ਅਤੇ ਸੰਤਰੇਣ ਭਾਈ ਪ੍ਰੇਮ ਸਿੰਘ ਦੀਆਂ ਲਿਖਤਾਂ, ਕ੍ਰਮਵਾਰ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ, ਕਥਾ ਗੁਰ ਸੁਤਨ ਕੀ, ਸ਼ਹੀਦ ਨਾਮਾ ਅਤੇ ਗੁਰੂ ਪ੍ਰਕਾਸ਼ ਵਿਚੋਂ ਦਿਤੇ ਗਏ ਹਨ।
ਸਰੋਤਾਂ ਮੁਤਾਬਕ ਬਾਬਾ ਮੋਤੀ ਰਾਮ ਮਹਿਰਾ ਦਾ ਜਨਮ ਭਾਈ ਹਰਾ ਰਾਮ (ਜੋ ਪਿਛੋਂ ਅੰਮ੍ਰਿਤ ਛਕ ਕੇ ਹਰਾ ਸਿੰਘ ਬਣੇ) ਦੇ ਘਰ ਮਾਤਾ ਲਧੋ ਦੀ ਕੁਖੋਂ ਸਰਹਿੰਦ ਜਾਂ ਸੰਗਤਪੁਰ ਸੋਢੀਆਂ ਵਿਖੇ 1677 ਈ. ਦੇ ਕਰੀਬ ਹੋਇਆ ਮੰਨਿਆ ਜਾਂਦਾ ਹੈ। ਬਾਬਾ ਮੋਤੀ ਰਾਮ ਸਰਹਿੰਦ ਵਿਖੇ ਨਵਾਬ ਵਜ਼ੀਰ ਖਾਂ ਸੂਬਾ ਸਰਹਿੰਦ ਦੀ ਹਿੰਦੂ ਰਸੋਈ ਵਿਚ ਹਿੰਦੂ ਕੈਦੀਆਂ ਅਤੇ ਹਿੰਦੂ ਸਿਪਾਹੀਆਂ ਲਈ ਖਾਣਾ ਤਿਆਰ ਕਰਨ ਦਾ ਕੰਮ ਕਰਦੇ ਸਨ। ਆਪ ਗੁਰੂ-ਘਰ ਦੇ ਅਨਿੰਨ ਸੇਵਕ ਸਨ। ਉਹ ਆਨੰਦਪੁਰ ਸਾਹਿਬ ਆਉਣ- ਜਾਣ ਵਾਲੇ ਗੁਰੂ ਕੇ ਸਿਖਾਂ ਦੀ ਟਹਿਲ ਕਰਕੇ ਬਹੁਤ ਖੁਸ਼ ਹੁੰਦੇ ਸਨ। ਸਿਖ, ਬਾਬਾ ਮਹਿਰਾ ਦੇ ਕਚੇ ਘਰ ਵਿਚ ਵਿਸ਼ਰਾਮ ਕਰਦੇ ਸਨ, ਜਿਥੇ ਬਾਬਾ ਜੀ ਦੀ ਮਾਂ ਅਤੇ ਪਤਨੀ ਗੁਰਸਿਖਾਂ ਲਈ ਭੋਜਨ ਦਾ ਪ੍ਰਬੰਧ ਕਰਦੀਆਂ ਸਨ।
ਜਦੋਂ ਉਨ੍ਹਾਂ ਨੂੰ ਪਤਾ ਲਗਾ ਕਿ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ(ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ)ਨੂੰ ਸਰਹੰਦ ਦੇ ਠੰਢੇ ਬੁਰਜ ਵਿਚ ਕੈਦ ਕੀਤਾ ਹੋਇਆ ਹੈ, ਤਾਂ ਉਹ ਖਾਣਾ ਲੈ ਕੇ ਠੰਢੇ ਬੁਰਜ ਵਿਚ ਗਏ ਅਤੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਪ੍ਰਸ਼ਾਦਾ ਛਕਣ ਦੀ ਬੇਨਤੀ ਕੀਤੀ। ਪਰ ਮਾਤਾ ਜੀ ਨੇ ਮਲੇਛਾਂ ਦੀ ਰਸੋਈ ਵਿਚ ਬਣਿਆ ਖਾਣਾ ਖਾਣ ਤੋਂ ਇਨਕਾਰ ਕਰ ਦਿਤਾ। ਇਹ ਸੁਣ ਕੇ ਬਾਬਾ ਜੀ ਬੜੇ ਫਿਕਰਮੰਦ ਹੋਏ ਅਤੇ ਉਦਾਸੀ ਵਿਚ ਆਪਣੇ ਘਰੇ ਪਹੁੰਚੇ।
ਘਰ ਵਿਚ ਉਨ੍ਹਾਂ ਦੀ ਬਜ਼ੁਰਗ ਮਾਂ ਅਤੇ ਪਤਨੀ ਨੇ ਉਨ੍ਹਾਂ ਤੋਂ ਉਦਾਸੀ ਦਾ ਕਾਰਨ ਪੁਛਿਆ ਤਾਂ ਬਾਬਾ ਜੀ ਨੇ ਸਾਰੀ ਘਟਨਾ ਵਿਸਥਾਰ ਵਿਚ ਆਖ ਸੁਣਾਈ। ਪਰਿਵਾਰ ਨਾਲ ਸਲਾਹ-ਮਸ਼ਵਰਾ ਕਰਕੇ ਉਨ੍ਹਾਂ ਨੇ ਫੈਸਲਾ ਕੀਤਾ ਕਿ ਸਾਡਾ ਗੁਰੂ ਮੁਗਲਾਂ ਦੇ ਅਨਿਆਂ ਵਿਰੁਧ ਸੰਘਰਸ਼ ਕਰ ਰਿਹਾ ਹੈ ਤੇ ਸਾਨੂੰ ਗੁਰੂ ਜੀ ਦੇ ਪਰਿਵਾਰ ਦੀ ਹਰ ਹਾਲਤ ਵਿਚ ਮਦਦ ਕਰਨੀ ਚਾਹੀਦੀ ਹੈ। ਭਾਵੇਂ ਕਿ ਵਜ਼ੀਰ ਖਾਂ ਨੇ ਐਲਾਨ ਕੀਤਾ ਹੋਇਆ ਸੀ ਕਿ ਜਿਹੜਾ ਵੀ ਵਿਅਕਤੀ ਗੁਰੂ ਪਰਿਵਾਰ ਦੀ ਮਦਦ ਕਰੇਗਾ ਉਸ ਨੂੰ ਪਰਿਵਾਰ ਸਮੇਤ ਕੋਹਲੂ ਵਿਚ ਪੀੜ ਦਿਤਾ ਜਾਵੇਗਾ।
ਹਰ ਤਰ੍ਹਾਂ ਦੇ ਜ਼ੁਲਮੋ- ਸਿਤਮ ਨੂੰ ਖਿੜੇ ਮਥੇ ਸਹਾਰਨ ਦਾ ਜਜ਼ਬਾ ਮਨ ਵਿਚ ਧਾਰ ਕੇ ਬਾਬਾ ਮੋਤੀ ਰਾਮ ਦੁਧ ਦਾ ਗੜਵਾ ਲੈ ਕੇ ਗੁਰੂ-ਪਰਿਵਾਰ (ਮਾਤਾ ਜੀ ਤੇ ਸਾਹਿਬਜ਼ਾਦਿਆਂ) ਕੋਲ ਪਹੁੰਚੇ ਅਤੇ ਤਿੰਨ ਰਾਤਾਂ ਉਨ੍ਹਾਂ ਨੂੰ ਦੁਧ ਛਕਾਉਣ ਦੀ ਸੇਵਾ ਕੀਤੀ। ਇਸ ਕਾਰਜ ਲਈ ਬਾਬਾ ਮੋਤੀ ਰਾਮ ਨੇ ਆਪਣੀ ਪਤਨੀ ਦੇ ਗਹਿਣੇ ਵੀ ਪਹਿਰੇਦਾਰਾਂ ਨੂੰ ਰਿਸ਼ਵਤ ਵਜੋਂ ਦੇ ਦਿਤੇ, ਕਿਉਂਕਿ ਉਹ ਮੋਤੀ ਰਾਮ ਨੂੰ ਅਗੇ ਜਾਣ ਤੋਂ ਰੋਕ ਰਿਹਾ ਸੀ। ਮਾਤਾ ਜੀ ਨੇ ਮੋਤੀ ਰਾਮ ਨੂੰ ਬੇਅੰਤ ਅਸੀਸਾਂ ਨਾਲ ਨਿਵਾਜਿਆ ਅਤੇ ਉਸ ਦੀ ਸੇਵਾ ਥਾਇੰ ਪਈ:
ਧੰਨ ਮੋਤੀ ਜਿਨ ਪੁੰਨ ਕਮਾਇਆ।
ਗੁਰ- ਲਾਲਾਂ ਤਾਈਂ ਦੁਧ ਪਿਆਇਆ।
ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਮਾਤਾ ਗੁਜਰੀ ਜੀ ਦੇ ਸਵਾਸ ਤਿਆਗਣ ਤੋਂ ਬਾਅਦ ਦੀਵਾਨ ਟੋਡਰ ਮਲ ਨਾਲ ਸਲਾਹ ਕਰਕੇ ਬਾਬਾ ਮੋਤੀ ਰਾਮ ਨੇ ਅਤਾ ਅਲੀ ਤੋਂ ਚੰਦਨ ਦੀ ਲਕੜੀ ਦਾ ਗਡਾ ਭਰ ਕੇ ਲਿਆਂਦਾ ਅਤੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀਆਂ ਪਾਵਨ ਦੇਹਾਂ ਦਾ ਸਸਕਾਰ ਕੀਤਾ। ਇਸ ਸਾਰੇ ਭੇਤ ਨੇ ਗੁਪਤ ਹੀ ਰਹਿ ਜਾਣਾ ਸੀ, ਪਰ (ਕਵੀ ਕਿਸ਼ਨ ਸਿੰਘ ਦੇ ਲਿਖਣ ਮੁਤਾਬਿਕ) ਗੰਗੂ ਬ੍ਰਾਹਮਣ (ਗੁਰੂ ਘਰ ਦਾ ਪੁਰਾਣਾ ਰਸੋਈਆ, ਜਿਸ ਨੇ ਮੁਖ਼ਬਰੀ ਕਰਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾਇਆ ਸੀ) ਦਾ ਭਰਾ ਪੰਮਾ, ਬਾਬਾ ਮੋਤੀ ਰਾਮ ਨਾਲ ਵਜ਼ੀਰ ਖਾਂ ਦੀ ਰਸੋਈ ਵਿਚ ਕੰਮ ਕਰਦਾ ਸੀ। ਉਹਨੇ ਦੁਧ ਛਕਾਉਣ ਵਾਲੀ ਸਾਰੀ ਘਟਨਾ ਵਜ਼ੀਰ ਖ਼ਾਨ ਨੂੰ ਦਸ ਦਿਤੀ, ਜਿਸ ਨੇ ਅਗ- ਬਬੂਲਾ ਹੋ ਕੇ ਮੋਤੀ ਰਾਮ ਤੇ ਉਹਦੇ ਪਰਿਵਾਰ ਨੂੰ ਸਖਤ ਸਜ਼ਾ ਦੇਣ ਦਾ ਐਲਾਨ ਕਰ ਦਿਤਾ।
ਵਜ਼ੀਰ ਖਾਂ ਦੇ ਐਲਾਨ ਤੇ ਮੋਤੀ ਰਾਮ ਨੂੰ ਪਰਿਵਾਰ ਸਮੇਤ ਗ੍ਰਿਫਤਾਰ ਕਰਕੇ ਸੂਬਾ ਸਰਹੰਦ ਮੂਹਰੇ ਪੇਸ਼ ਕੀਤਾ ਗਿਆ, ਤਾਂ ਬਾਬਾ ਜੀ ਨੇ ਨਿਰਭੈਤਾ ਨਾਲ ਜਵਾਬ ਦਿਤਾ ਕਿ ਮੈਨੂੰ ਮੌਤ ਦਾ ਕੋਈ ਡਰ ਨਹੀਂ ਹੈ।ਜੇ ਗੁਰੂ ਦੇ ਛੋਟੇ ਲਾਲ ਤੇਰੇ ਡਰਾਵੇ ਵਿਚ ਨਹੀਂ ਆਏ ਤਾਂ ਮੈਂ ਕਿਉੰ ਡਰਾਂ? ਇਹ ਸੁਣ ਕੇ ਸੂਬੇ ਨੇ ਬਾਬਾ ਜੀ ਦੇ ਪੂਰੇ ਪਰਿਵਾਰ ਨੂੰ ਕੋਹਲੂ ਵਿਚ ਪੀੜਨ ਦੀ ਸਜ਼ਾ ਸੁਣਾ ਦਿਤੀ। ਉਨ੍ਹਾਂ ਦੇ ਛੇ ਸਾਲ ਦੇ ਪੁਤਰ ਨਾਰਾਇਣ, ਪਤਨੀ ਭੋਲੀ ਅਤੇ ਮਾਤਾ ਲਧੋ ਨੂੰ ਬਾਬਾ ਮੋਤੀ ਰਾਮ ਸਮੇਤ ਇਹ ਭਿਆਨਕ ਸਜ਼ਾ ਦਿਤੀ ਗਈ। ਸਭ ਨੂੰ ਵਖ- ਵਖ ਕਰਕੇ ਇਹ ਸਜ਼ਾ ਦਿਤੀ ਗਈ ਅਤੇ ਅੰਤ ਵਿਚ ਮੋਤੀ ਰਾਮ ਨੂੰ ਇਕ ਵਾਰ ਫਿਰ ਮੁਸਲਮਾਨ ਬਣਨ ਲਈ ਕਿਹਾ ਗਿਆ। ਪਰ ਉਨ੍ਹਾਂ ਦੇ ਸਪਸ਼ਟ ਇਨਕਾਰ ਕਰਨ ਤੇ ਉਨ੍ਹਾਂ ਨੂੰ ਵੀ ਕੋਹਲੂ ਵਿਚ ਪੀੜ ਦਿਤਾ ਗਿਆ।
ਬਾਬਾ ਮੋਤੀ ਰਾਮ ਦੀ ਅਨੋਖੀ ਸੇਵਾ ਅਤੇ ਲਾਸਾਨੀ ਸ਼ਹਾਦਤ ਨੂੰ ਚਿਰ- ਸਥਾਈ ਬਣਾਉਣ ਲਈ ‘ਮੈਮੋਰੀਅਲ ਟਰਸਟ‘ ਵਲੋਂ ਬਸੀ ਰੋਡ ਉਤੇ ਰੋਜ਼ਾ ਸ਼ਰੀਫ਼ ਦੇ ਬਿਲਕੁਲ ਸਾਹਮਣੇ ਇਕ ਅਦੁਤੀ ਯਾਦਗਾਰ ਸਥਾਪਤ ਕੀਤੀ ਗਈ ਹੈ, ਜਿਥੇ ਹਰ ਸਾਲ 11 ਪੋਹ ਤੋਂ 14 ਪੋਹ (25 ਤੋਂ 28 ਦਸੰਬਰ) ਤਕ ਭਾਰੀ ਸ਼ਹੀਦੀ ਦੀਵਾਨ ਸਜਾਏ ਜਾਂਦੇ ਹਨ। ਇਥੇ ਹੀ ਅਜਾਇਬ ਘਰ ਸਥਾਪਤ ਕੀਤਾ ਗਿਆ ਹੈ, ਜਿਥੇ ਬਾਬਾ ਮੋਤੀ ਰਾਮ ਤੇ ਉਨ੍ਹਾਂ ਦੇ ਪਰਿਵਾਰ ਨੂੰ ਕੋਹਲੂ ਵਿਚ ਪੀੜੇ ਜਾਣ ਦੀਆਂ ਮਾਰਮਿਕ ਤਸਵੀਰਾਂ ਰਾਹੀਂ ਇਸ ਸ਼ਹੀਦੀ ਨੂੰ ਸਾਕਾਰ ਕੀਤਾ ਗਿਆ ਹੈ। ਇਥੇ ਹੀ ਉਹ ਦੋ ਪਵਿਤਰ ਗਲਾਸ ਪਏ ਹਨ, ਜਿਨ੍ਹਾਂ ਨਾਲ ਬਾਬਾ ਜੀ ਨੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਦੁਧ ਛਕਾਉਣ ਦੀ ਸੇਵਾ ਕੀਤੀ ਸੀ। ਬਾਬਾ ਮੋਤੀ ਰਾਮ ਦੀ ਲਾਸਾਨੀ ਸ਼ਹੀਦੀ ਨੂੰ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਪ੍ਰਗਟ ਕੀਤਾ ਸੀ। ਪਾਠਕਾਂ ਨੂੰ ਇਹ ਗਲ ਵੀ ਸ਼ਾਇਦ ਪਹਿਲੀ ਵੇਰ ਪਤਾ ਲਗੇ ਕਿ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਾਜੇ ਗਏ ਪੰਜ ਪਿਆਰਿਆਂ ਵਿਚੋਂ ਇਕ ਭਾਈ ਹਿੰਮਤ ਸਿੰਘ ਜੀ (ਜੋ ਤੀਸਰੇ ਪਿਆਰੇ ਵਜੋਂ ਸਾਹਮਣੇ ਆਏ ਸਨ),ਬਾਬਾ ਮੋਤੀ ਰਾਮ ਮਹਿਰਾ ਦੇ ਚਾਚਾ ਜੀ ਸਨ।
‘ਕਸ਼ਯਪ ਰਾਜਪੂਤ ਸ਼ੋਸਲ ਵੈਲਫੇਅਰ ਸੁਸਾਇਟੀ ਲੁਧਿਆਣਾ ਵਲੋਂ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਨੂੰ ਚਿਰ-ਸਥਾਈ ਬਣਾਉਣ ਲਈ ਕਈ ਪ੍ਰਾਜੈਕਟ ਉਲੀਕੇ ਗਏ ਹਨ।ਸਰਹੰਦ ਵਿਖੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਅਕੀਦਤ ਭੇਟ ਕਰਨ ਵਾਲੀ ਸੰਗਤ ਨੂੰ ਬਾਬਾ ਮੋਤੀ ਰਾਮ ਮਹਿਰਾ ਦੇ ਯਾਦਗਾਰੀ ਸਥਾਨ ਤੇ ਵੀ ਨਤਮਸਤਕ ਹੋਣਾ ਚਾਹੀਦਾ ਹੈ:
ਧੰਨ ਧੰਨ ਮੋਤੀ ਸਿਖੀ ਦੇ ਮੁਨਾਰਿਆ।
ਸਾਰਾ ਪਰਿਵਾਰ ਸਿਖੀ ਉਤੋਂ ਵਾਰਿਆ।