ਸਿਦਕ, ਸਾਹਸ ਤੇ ਸਹਿਣਸ਼ੀਲਤਾ ਦੀ ਸਾਕਾਰ ਮੂਰਤ : ਮਾਤਾ ਗੁਜਰੀ ਜੀ

ਸਿੱਖ ਧਰਮ ਤੇ ਸਿੱਖ ਇਤਿਹਾਸ ਵਿਚ ਮਾਤਾ ਗੁਜਰੀ ਜੀ ਦੇ ਤਿਆਗ ਅਤੇ ਬਲੀਦਾਨ ਦੀ ਗਾਥਾ ਬੜੀ ਬੇਮਿਸਾਲ ਹੈ।ਆਪ ਜੀ ਦੀ ਸੰਸਾਰ ਨੂੰ ਮਹਾਨ ਦੇਣ ਆਪਣੇ ਪਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਤਿਲਕ ਤੇ ਜੰਞੂ ਦੀ ਰਾਖੀ ਹਿਤ ਕੁਰਬਾਨੀ ਦੇਣ ਲਈ ਅਡੋਲਤਾ ਨਾਲ ਦਿਲੀ ਵਿਖੇ ਭੇਜਣਾ ਹੈ। ਛੋਟੇ- ਛੋਟੇ ਸਾਹਿਬਜ਼ਾਦਿਆਂ/ ਆਪਣੇ ਪੋਤਿਆਂ ਵਿਚ ਦ੍ਰਿੜ੍ਹਤਾ ਅਤੇ ਸਿਦਕ ਪੈਦਾ ਕਰਕੇ ਉਨ੍ਹਾਂ ਨੂੰ ਈਨ ਨਾ ਮੰਨਣ ਲਈ ਤਿਆਰ ਕਰਨਾ ਅਤੇ ਉਨ੍ਹਾਂ ਦੀ ਸ਼ਹਾਦਤ ਪਿਛੋਂ ਖ਼ੁਦ ਸਵਾਸ ਤਿਆਗ ਦੇਣਾ ਵੀ ਉਨ੍ਹਾਂ ਦੀ ਸਿਖ ਧਰਮ ਪ੍ਰਤੀ ਲਾਸਾਨੀ ਦੇਣ ਹੈ।
ਮਾਤਾ ਗੁਜਰੀ ਜੀ ਸੰਸਾਰ ਦੀ ਉਹ ਪੂਜਨੀਕ ਮਾਤਾ ਹਨ, ਜਿਨ੍ਹਾਂ ਨੇ ਆਪਣੇ ਪਤੀ ਸ੍ਰੀ ਗੁਰੂ ਤੇਗ ਬਹਾਦਰ ‘ਹਿੰਦ ਦੀ ਚਾਦਰ‘ ਦੀ ਛਬੀ ਸਾਲ, ਛੇ ਮਹੀਨੇ, ਤੇਰਾਂ ਦਿਨ ਦੀ ਤਪਸਿਆ ਦੌਰਾਨ ਸਾਰੇ ਦੁਨਿਆਵੀ ਸੁਖਾਂ ਦਾ ਤਿਆਗ ਕਰਕੇ ਤਨਦੇਹੀ ਨਾਲ ਸੇਵਾ ਕੀਤੀ। ਜਿਥੇ ਆਪ ਨੂੰ ਪਹਿਲੀ ਸਿਖ ਸ਼ਹੀਦ ਔਰਤ ਹੋਣ ਦਾ ਮਾਣ ਪ੍ਰਾਪਤ ਹੈ, ਉਥੇ ਉਹ ਸ਼ਹੀਦ (ਗੁਰੂ ਤੇਗ਼ ਬਹਾਦਰ ਜੀ) ਦੀ ਪਤਨੀ, ਸ਼ਹੀਦ (ਸ਼੍ਰੀ ਕ੍ਰਿਪਾਲ ਚੰਦ) ਦੀ ਭੈਣ, ਚਾਰ ਸ਼ਹੀਦ ਪੋਤਰਿਆਂ (ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ) ਦੀ ਦਾਦੀ ਅਤੇ ਪੰਜ ਸ਼ਹੀਦ ਦੋਹਤਿਆਂ(ਬੀਬੀ ਵੀਰੋ ਦੇ ਸਪੁਤਰਾਂ- ਭਾਈ ਸੰਗੋ ਸ਼ਾਹ ਅਤੇ ਜੀਤ ਮਲ) ਦੀ ਮਾਮੀ ਵੀ ਸਨ।
ਮਾਤਾ ਗੁਜਰੀ ਦਾ ਜਨਮ ਕਰਤਾਰਪੁਰ (ਜਲੰਧਰ) ਵਿਖੇ ਭਾਈ ਲਾਲ ਚੰਦ ਦੇ ਘਰ ਮਾਤਾ ਬਿਸ਼ਨ ਕੌਰ ਦੀ ਕੁਖੋਂ ਸੰਨ 1619 ਈ. ਵਿਚ ਹੋਇਆ। ਆਪ ਜੀ ਦਾ ਆਨੰਦ ਕਾਰਜ ਛੋਟੀ ਉਮਰ (ਮਾਰਚ 1632 ਈ.) ਵਿਚ ਹੀ ਸ੍ਰੀ (ਗੁਰੂ) ਤੇਗ ਬਹਾਦਰ ਜੀ ਨਾਲ ਹੋ ਗਿਆ ਸੀ। ਵਿਆਹ ਤੋਂ ਪਿਛੋਂ ਆਪ ਆਪਣੇ ਪਤੀ ਨਾਲ ਅੰਮ੍ਰਿਤਸਰ ਆ ਕੇ ਰਹਿਣ ਲਗ ਪਏ। ਆਪ ਬਚਪਨ ਤੋਂ ਹੀ ਸਚ ਦੇ ਧਾਰਨੀ ਅਤੇ ਇਕ ਪਰਮਾਤਮਾ ਵਿਚ ਵਿਸ਼ਵਾਸ ਰਖਦੇ ਸਨ।
ਮਾਤਾ ਜੀ ਸੇਵਾ,ਸਿਮਰਨ ਤੇ ਤਿਆਗ ਦੀ ਜਿਉਂਦੀ- ਜਾਗਦੀ ਮਿਸਾਲ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਅੰਤਲੇ ਸਮੇਂ ਗੁਰੂ ਤੇਗ ਬਹਾਦਰ ਜੀ ਨੂੰ ਮਾਤਾ ਗੁਜਰੀ ਅਤੇ ਮਾਤਾ ਨਾਨਕੀ ਸਮੇਤ ਬਾਬਾ ਬਕਾਲੇ ਭੇਜ ਦਿਤਾ ਸੀ।ਮਾਤਾ ਗੁਜਰੀ ਜੀ, ਗੁਰੂ ਤੇਗ ਬਹਾਦਰ ਜੀ ਨਾਲ ਕਾਫੀ ਸਮਾਂ ਬਕਾਲੇ ਵਿਖੇ ਰਹੇ। ਆਪ ਕਈ- ਕਈ ਘੰਟੇ ਗੁਰਬਾਣੀ ਦਾ ਜਾਪ ਕਰਦੇ ਰਹਿੰਦੇ ਸਨ।ਆਪ ਨੇ ਗੁਰੂ ਜੀ ਦੀ ਬੰਦਗੀ ਅਤੇ ਸਮਾਧੀ ਸਮੇਂ ਕਿਸੇ ਤਰ੍ਹਾਂ ਦਾ ਵਿਘਨ ਨਹੀੰ ਪੈਣ ਦਿਤਾ ਤੇ ਉਨ੍ਹਾਂ ਦੀ ਬਹੁਤ ਸੇਵਾ ਕੀਤੀ ।
ਜਦੋਂ ਗੁਰੂ ਤੇਗ ਬਹਾਦਰ ਜੀ ਨੂੰ 1661 ਈ. ਵਿਚ ਗੁਰਿਆਈ ਮਿਲੀ ਤਾਂ ਮਾਤਾ ਜੀ ਗੁਰੂ ਸਾਹਿਬ ਨਾਲ ਬਾਬਾ ਬਕਾਲਾ ਤੋਂ ਤੁਰ ਪਏ ਅਤੇ ਜਿਥੇ ਵੀ ਗੁਰੂ ਜੀ ਗਏ, ਆਪ ਉਨ੍ਹਾਂ ਦੇ ਨਾਲ- ਨਾਲ ਰਹੇ। ਗੁਰੂ ਜੀ ਪ੍ਰਯਾਗ, ਇਲਾਹਾਬਾਦ, ਬਨਾਰਸ ਹੁੰਦੇ ਹੋਏ ਗੰਗਾ ਦੇ ਕਿਨਾਰੇ ਪਟਨਾ ਸ਼ਹਿਰ ਵਿਖੇ ਪਹੁੰਚੇ। ਇਥੇ ਗੁਰੂ ਜੀ ਕੁਝ ਸਮਾਂ ਪਰਿਵਾਰ ਨਾਲ ਠਹਿਰੇ ਅਤੇ ਫਿਰ ਪ੍ਰਚਾਰ- ਦੌਰਿਆਂ ਲਈ ਆਸਾਮ ਤੇ ਬੰਗਾਲ ਦੀ ਯਾਤਰਾ ਨੂੰ ਚਲ ਪਏ ਤੇ ਪਰਿਵਾਰ ਨੂੰ ਪਟਨਾ ਵਿਖੇ ਹੀ ਛਡ ਗਏ। ਗੁਰੂ ਜੀ ਨੂੰ ਪ੍ਰਚਾਰ- ਫੇਰੀ ਦੇ ਦੌਰਾਨ ਹੀ ਮਾਤਾ ਗੁਜਰੀ ਜੀ ਦੀ ਕੁਖੋਂ ਬਾਲਕ ਗੋਬਿੰਦ ਰਾਏ ਦੇ ਪ੍ਰਕਾਸ਼ ਦੀ ਸੂਚਨਾ ਮਿਲੀ ਸੀ।
22 ਦਸੰਬਰ 1666 ਈ. ਨੂੰ (ਗੁਰੂ) ਗੋਬਿੰਦ (ਸਿੰਘ) ਜੀ ਨੇ ਪਟਨਾ ਵਿਖੇ ਅਵਤਾਰ ਧਾਰਿਆ। ਗੁਰੂ ਤੇਗ਼ ਬਹਾਦਰ ਜੀ ਕਰੀਬ ਚਾਰ ਸਾਲ ਬਾਅਦ ਪਟਨਾ ਆਏ ਤੇ ਉਨ੍ਹਾਂ ਨੇ ਪਹਿਲੀ ਵਾਰ ਆਪਣੇ ਬਚੇ ਨੂੰ ਵੇਖਿਆ। ਫੇਰ ਗੁਰੂ ਜੀ ਪੰਜਾਬ ਆ ਗਏ, ਜਿਥੇ ਉਨ੍ਹਾਂ ਨੇ ਮਾਖੋਵਾਲ ਨਗਰ ਵਿਖੇ ਜ਼ਮੀਨ ਖ਼ਰੀਦ ਕੇ ‘ਚਕ ਨਾਨਕੀ‘ ਨਾਂ ਦਾ ਨਗਰ ਵਸਾਇਆ, ਜੋ ਹੁਣ ਆਨੰਦਪੁਰ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮਾਤਾ ਗੁਜਰੀ ਜੀ ਨੇ ਗੁਰੂ ਜੀ ਦੇ ਪ੍ਰਚਾਰ- ਦੌਰਿਆਂ ਸਮੇਂ ਬਾਲਕ ਗੋਬਿੰਦ ਰਾਏ ਦੀ ਪਰਵਰਿਸ਼ ਬੜੀ ਸੂਝ- ਬੂਝ ਨਾਲ ਕੀਤੀ। ਗੁਰੂ ਤੇਗ਼ ਬਹਾਦਰ ਜੀ ਨੇ ਕੁਝ ਸਮੇਂ ਪਿਛੋਂ ਪਰਿਵਾਰ ਨੂੰ ਵੀ ਪੰਜਾਬ ਵਿਖੇ ਬੁਲਾ ਲਿਆ।
ਅਨੰਦਪੁਰ ਸਾਹਿਬ ਵਿਖੇ ਕਸ਼ਮੀਰੀ ਪੰਡਿਤਾਂ ਦੀ ਵਿਥਿਆ ਸੁਣ ਕੇ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਦਿਲੀ ਵਿਖੇ (1675 ਈ. ਨੂੰ) ਸ਼ਹੀਦ ਹੋਣ ਦਾ ਸੰਕਲਪ ਕੀਤਾ ਤਾਂ ਮਾਤਾ ਜੀ ਨੇ ਇਸ ਭਾਣੇ ਨੂੰ ਅਡੋਲਤਾ ਨਾਲ ਪ੍ਰਵਾਨ ਕੀਤਾ। ਜਦੋਂ ਭਾਈ ਜੈਤਾ ਜੀ(ਬਾਬਾ ਜੀਵਨ ਸਿੰਘ) ਦਿਲੀ ਤੋਂ ਗੁਰੂ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਵਿਖੇ ਆਏ ਤਾਂ ਆਪਨੇ ਕੋਈ ਵਿਰਲਾਪ ਨਹੀਂ ਕੀਤਾ, ਸਗੋਂ ਸੀਸ ਪ੍ਰਵਾਨ ਕਰਦਿਆਂ ਕਿਹਾ,ਠਆਪ ਜੀ ਦੀ ਤਾਂ ਨਿਭ ਗਈ ਹੈ,ਕਿਰਪਾ ਕਰਨੀ ਮੇਰੀ ਵੀ ਨਿਭ ਜਾਵੇ।ਠ ਗੁਰੂ- ਪਤੀ ਦੀ ਸ਼ਹਾਦਤ ਪਿਛੋਂ ਮਾਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਹਰ ਖੇਤਰ ਵਿਚ ਸੁਯੋਗ ਅਗਵਾਈ ਕੀਤੀ ਅਤੇ ਮਸੰਦਾਂ ਦੇ ਮਨਸੂਬੇ ਕਾਮਯਾਬ ਨਾ ਹੋਣ ਦਿਤੇ।
ਦਸੰਬਰ 1704 ਈ. ਵਿਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰਨਾ ਪਿਆ ਤਾਂ ਸਰਸਾ ਨਦੀ ਦੇ ਕਿਨਾਰੇ ਸਾਰਾ ਪਰਿਵਾਰ ਖੇਰੂੰ- ਖੇਰੂੰ ਹੋ ਗਿਆ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਸਮੇਤ ਆਪਣੇ ਪੁਰਾਣੇ ਰਸੋਈਏ ਗੰਗੂ ਨਾਲ ਉਹਦੇ ਪਿੰਡ ਸਹੇੜੀ (ਨੇੜੇ ਮੋਰਿੰਡਾ, ਰੋਪੜ) ਚਲੇ ਗਏ। ਗੰਗੂ ਨੇ ਲਾਲਚ ਵਿਚ ਮਾਤਾ ਜੀ ਦੀਆਂ ਮੋਹਰਾਂ ਚੁਰਾ ਲਈਆਂ ਅਤੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਦੇ ਹਾਕਮਾਂ ਰਾਹੀਂ ਵਜ਼ੀਰ ਖਾਨ ਸੂਬਾ ਸਰਹੰਦ ਕੋਲ ਪਕੜਵਾ ਦਿਤਾ। ਮਾਤਾ ਜੀ ਨੂੰ ਸਾਹਿਬਜ਼ਾਦਿਆਂ ਸਮੇਤ ਸਰਹੰਦ ਦੇ ਠੰਢੇ ਬੁਰਜ ਵਿਚ ਕੈਦ ਕਰ ਦਿਤਾ ਗਿਆ, ਜਿਥੇ ਉਹ ਸਾਹਿਬਜ਼ਾਦਿਆਂ ਨੂੰ ਸਿਖੀ- ਗੌਰਵ, ਸ਼ਹਾਦਤਾਂ ਤੇ ਇਤਿਹਾਸ ਦੀਆਂ ਸਾਖੀਆਂ ਸੁਣਾ ਕੇ ਉਨ੍ਹਾਂ ਨੂੰ ਆਪਣੇ ਪਿਤਾ ਅਤੇ ਦਾਦੇ ਦੇ ਮਾਰਗ ਤੇ ਚਲਣ ਲਈ ਦ੍ਰਿੜ੍ਹ ਕਰਦੇ ਰਹੇ। ਮਾਤਾ ਜੀ ਨੇ ਸੂਬੇ ਦੀ ਕੈਦ ਵਿਚ ਰਹਿੰਦਿਆਂ ਉਸ ਦੀ ਰਸੋਈ ਵਿਚ ਬਣਿਆ ਖਾਣਾ ਇਹ ਕਹਿ ਕੇ ਖਾਣ ਤੋਂ ਇਨਕਾਰ ਕਰ ਦਿਤਾ ਕਿ ਇਹ ਮਲੇਛਾਂ ਦਾ ਭੋਜਨ ਹੈ। ਤਾਂ ਗੁਰੂ- ਘਰ ਦੇ ਅਨਿੰਨ ਸ਼ਰਧਾਲੂ ਤੇ ਸਿਖ ਭਾਈ ਮੋਤੀ ਰਾਮ ਮਹਿਰਾ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀ ਦੁਧ ਨਾਲ ਸੇਵਾ ਕੀਤੀ। ਮਾਤਾ ਜੀ ਨੇ ਉਹਦੀ ਸੇਵਾ ਤੋਂ ਖ਼ੁਸ਼ ਹੋ ਕੇ ਉਹਨੂੰ ਬੇਅੰਤ ਅਸੀਸਾਂ ਨਾਲ ਨਿਵਾਜਿਆ।
ਮਾਤਾ ਜੀ ਦੀਆਂ ਸਿਖਿਆਵਾਂ ਅਤੇ ਸਾਖੀਆਂ ਸਦਕਾ ਸਾਹਿਬਜ਼ਾਦਿਆਂ ਨੇ ਵਜ਼ੀਰ ਖਾਂ ਦੀ ਈਨ ਮੰਨਣ ਤੋਂ ਕੋਰਾ ਇਨਕਾਰ ਕਰ ਦਿਤਾ ਅਤੇ ਆਪਣੇ ਧਰਮ ਵਿਚ ਪ੍ਰਪਕ ਰਹਿ ਕੇ ਲਾਸਾਨੀ ਸ਼ਹਾਦਤ ਦਿਤੀ। ਮਾਤਾ ਜੀ ਨੇ ਠੰਢੇ ਬੁਰਜ ਵਿਚ ਰਹਿੰਦਿਆਂ ਪੋਤਿਆਂ ਦੀ ਸ਼ਹਾਦਤ ਦੀ ਸੂਚਨਾ ਮਿਲਣ ਤੇ ਆਪਣੇ ਸਵਾਸ ਤਿਆਗ ਦਿਤੇ। ਗੁਰੂ- ਘਰ ਦੇ ਇਕ ਹੋਰ ਸ਼ਰਧਾਲੂ- ਸੇਵਕ, ਦੀਵਾਨ ਟੋਡਰ ਮਲ ਨੇ ਭਾਈ ਮੋਤੀ ਰਾਮ ਦੀ ਮਦਦ ਨਾਲ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਚੰਦਨ ਦੀ ਚਿਖਾ ਤਿਆਰ ਕੀਤੀ। ਸਸਕਾਰ ਵਾਲੀ ਥਾਂ ‘ਤੇ ਅਜ ਕਲ੍ਹ ਗੁਰਦੁਆਰਾ ਜੋਤੀ ਸਰੂਪ ਸੁਸ਼ੋਭਿਤ ਹੈ। ਜਿਸ ਥਾਂ ਤੇ ਸਸਕਾਰ ਕੀਤਾ ਗਿਆ ਸੀ, ਉਹਨੂੰ ਦੀਵਾਨ ਟੋਡਰ ਮਲ ਨੇ ਸੋਨੇ ਦੀ ਮੋਹਰਾਂ ਖੜ੍ਹੇ ਦਾਅ ਰਖ ਕੇ ਸੂਬਾ ਸਰਹੰਦ ਤੋੰ ਖਰੀਦਿਆ ਸੀ।
ਸੇਵਾ, ਸਿਮਰਨ,ਸਿਦਕ, ਸਾਹਸ ਤੇ ਸਹਿਣਸ਼ੀਲਤਾ ਦੀ ਲਾਸਾਨੀ ਮਿਸਾਲ ਮਾਤਾ ਗੁਜਰੀ ਜੀ ਦੇ ਨਾਮ ਤੇ ਫਤਿਹਗੜ੍ਹ ਸਾਹਿਬ ਵਿਖੇ ਉਤਰੀ ਭਾਰਤ ਦਾ ਪਹਿਲਾ ਆਟੋਨੋਮਸ ਕਾਲਜ ਸੁਸ਼ੋਭਿਤ ਹੈ, ਜਿਸ ਦਾ ਨਾਮ ਹੈ: ਮਾਤਾ ਗੁਜਰੀ ਕਾਲਜ, ਜੋ ਅਜ ਤੋਂ ਠੀਕ 61 ਸਾਲ ਪਹਿਲਾਂ 1957 ਈ.ਵਿਚ ਸਥਾਪਿਤ ਕੀਤਾ ਗਿਆ ਸੀ। ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਹਰ ਸਾਲ 11 ਤੋਂ 13 ਪੋਹ ਤਕ ਸ਼ਹੀਦੀ ਜੋੜਮੇਲ ਮਨਾਇਆ ਜਾਂਦਾ ਹੈ। ਸਿਆਣਪ ਅਤੇ ਦੂਰ- ਦ੍ਰਿਸ਼ਟੀ ਵਾਲੀ ਪਵਿਤਰ ਆਤਮਾ ਮਾਤਾ ਗੁਜਰੀ ਜੀ ਬਾਰੇ ਕਿਸੇ ਕਵੀ ਨੇ ਠੀਕ ਹੀ ਲਿਖਿਆ ਹੈ:
ਮੇਰਾ ਨਾਂ ਗੁਜਰੀ,
ਮੇਰੀ ਅਲ ਗੁਜਰੀ।
ਇਹੋ ਜਿਹੀ ਕਹਾਣੀ ਤਾਂ ਮੇਰੇ ਉਤੇ,
ਘੜੀ-ਘੜੀ ਗੁਜਰੀ,
ਪਲ ਪਲ ਗੁਜਰੀ।
ਪਹਿਲਾਂ ਪਤੀ ਦਿਤਾ,
ਫਿਰ ਮੈਂ ਪੋਤੇ ਦਿਤੇ,
ਆਹ, ਹੁਣ ਮੌਤ ਮੈਨੂੰ ਕਹਿੰਦੀ
ਚਲ ਗੁਜਰੀ।
ਗੁਜਰੀ ਲੋਕ ਮੈਨੂੰ ਤਾਹੀਓਂ
ਆਖਦੇ ਨੇ,
ਜਿਹੜੀ ਆਈ ਸਿਰ ਤੇ,
ਉਹ ਮੈਂ ਝਲ ਗੁਜਰੀ।

Send this to a friend