ਸਮੁੱਚੇ ਪੰਜਾਬ ’ਚ ਪੰਚਾਇਤ ਰਾਜ ਐਕਟ ਤਹਿਤ ਪੰਚਾਇਤੀ ਚੋਣਾਂ 30 ਦਸੰਬਰ ਨੂੰ ਹੋਣ ਜਾ ਰਹੀਆਂ ਹਨ। ਉਸ ਦਿਨ ਹੀ ਦੇਰ ਰਾਤ ਤੱਕ ਚੋਣਾਂ ਦੇ ਨਤੀਜੇ ਐਲਾਨੇ ਜਾਣੇ ਹਨ। ਇਨ੍ਹਾਂ ਚੋਣਾਂ ’ਚ ਔਰਤਾਂ ਦਾ 50 ਫੀਸਦੀ ਰਾਖਵਾਂਕਰਨ ਹੈ, ਸੂਬੇ ’ਚ 13276 ਪੰਚਾਇਤਾਂ ਲਈ 83831 ਪੰਚਾਂ ਦੀ ਚੋਣ ਹੋਣੀ ਹੈ। 1 ਕਰੋੜ 27 ਲੱਖ ਤੋਂ ਜ਼ਿਆਦਾ ਵੋਟਰ ਆਪਣੇ ਅਧਿਕਾਰ ਦਾ ਇਸਤੇਮਾਲ ਕਰਕੇ ਆਪਣੇ ਪਿੰਡ ਦੀ ਪੰਚਾਇਤ ਚੁਣਨਗੇ। 17268 ਪੋ¦ਿਗ ਬੂਥ ਸਥਾਪਿਤ ਹੋਣੇ ਹਨ, 86340 ਸਰਕਾਰੀ ਮੁਲਾਜ਼ਮਾਂ ਦੀ ਡਿਊਟੀ ਲੱਗੀ ਹੈ। ਪੰਚਾਇਤ ਰਾਜ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸੰਵਿਧਾਨ ਦੀ 73ਵੀਂ, 74ਵੀਂ ਸੋਧ ਕੀਤੀ ਗਈ ਸੀ। ਪੰਚਾਇਤੀ ਚੋਣਾਂ ਆਪਣੇ ਵੱਕਾਰ ਆਪਣੀ ਸਾਖ ਲਈ ਲੜੀਆਂ ਜਾਂਦੀਆਂ ਹਨ, ਇਸ ਕਰਕੇ ਇਨ੍ਹਾਂ ਚੋਣਾਂ ’ਤੇ ਉਮੀਦਵਾਰਾਂ ਦਾ ਜ਼ੋਰ ਲੋਕ ਸਭਾ ਅਤੇ ਵਿਧਾਨ ਸਭਾ ਉਮੀਦਵਾਰਾਂ ਨਾਲੋਂ ਵੀ ਵੱਧ ਲੱਗਦਾ ਹੈ। ਸਰਪੰਚ ਬਣਨ ਲਈ ਪਿੰਡਾਂ ਦੇ ਲੋਕ ਜ਼ਮੀਨ ਬੈਅ ਕਰਨ ਤੋਂ ਵੀ ਪਿੱਛੇ ਨਹੀਂ ਹੱਟਦੇ। ਇਨ੍ਹਾਂ ਚੋਣਾਂ ਦੇ ਕਾਗਜ਼ ਦਾਖ਼ਲ ਕਰਨ ਸਮੇਂ ਹੀ ਪੰਜਾਬ ’ਚ ਇੱਕਾ ਦੁੱਕਾ ਵਾਰਦਾਤਾਂ ਹੋ ਚੁੱਕੀਆਂ ਹਨ, ਹੁਣ ਜਦ ਕੜਾਕੇ ਦੀ ਠੰਡ ’ਚ ਪਿੰਡਾਂ ’ਚ ਚੋਣ ਪ੍ਰਚਾਰ ਗਰਮ ਹੋ ਗਿਆ ਹੈ, ਲਾਲ ਪਰੀ ਦੇ ਪਿਆਕੜ ਉਮੀਦਵਾਰਾਂ ਦੇ ਬਰੂਹਿਆਂ ’ਤੇ ਅਲਖ ਜਗਾਕੇ ਸਵੇਰੇ ਸ਼ਾਮ ਆਪਣੀ ਹਾਜ਼ਰੀ ਲਗਾ ਰਹੇ ਹਨ। ਦੋ ਪੈਗ ਲਾਕੇ ਉਮੀਦਵਾਰ ਨੂੰ ਸਰਪੰਚ ਸਾਹਿਬ ਕਹਿਕੇ ਬੁਲਾਉਂਦੇ ਹਨ, ਪੈਗ ਨਾਲ ਭੁਜੀਆ ਜਾਂ ਹੋਰ ਨਮਕੀਨ ਚੀਜ਼ ਜਾਂ ਸਲਾਦ ਵੀ ਮੰਗਣਗੇ। ਮੁਫ਼ਤ ਦੀ ਪੀਣ ਵਾਲੇ ਇਹ ਲੋਕ ਜੇਕਰ ਇਕ ਪਾਸਿਓ ਕੋਟਾ ਪੂਰਾ ਨਹੀਂ ਹੁੰਦਾ ਤਾਂ ਦੂਜੇ ਉਮੀਦਵਾਰ ਦੀ ਜੈ ਬੁਲਾ ਦਿੰਦੇ ਹਨ। ਪੀਣ ਵਾਲੇ ਬੰਦੇ ਦੀ ਸਭ ਕੁਝ ਬੋਤਲ ਹੁੰਦੀ ਹੈ। ਦਾਰੂ ਪੀਣ ਦੇ ਸ਼ੌਕੀਨਾਂ ਲਈ ਪਹਿਲੇ ਤੋੜ ਦੀ ਜੀਹਦੀ ਕੋਈ ਡਿਗਰੀ ਨਹੀਂ ਹੁੰਦੀ ਖੂਬ ਮਿਲੇਗੀ। ਪਰ ਦਾਰੂ ਵੰਡਕੇ ਚੋਣ ਲੜਣੀ ਕਿਥੋਂ ਦੀ ਸਿਆਣਪ ਹੈ। ਪੰਜਾਬ ਦੀ ਧਰਤੀ ’ਤੇ ਦਸ ਗੁਰੂ ਸਾਹਿਬਾਨ ਨੇ ਪਵਿੱਤਰ ਚਰਨ ਪਾ ਕੇ ਨਸ਼ਿਆਂ ਖਿਲਾਫ਼ ਮੁਹਿੰਮ ਚਲਾਈ ਅਤੇ ਸਮੁੱਚੀ ਲੋਕਾਈ ਨੂੰ ਨਸ਼ਿਆਂ ਤੋਂ ਦੂਰ ਕੀਤਾ। ਪਰ ਅਫ਼ਸੋਸ ਇਕ ਵੋਟ ਲਈ ਨਸ਼ੇ ਵੰਡੇ ਜਾ ਰਹੇ ਹਨ। ਦਸ ਗੁਰੂ ਸਾਹਿਬਾਨਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਸ਼ਿਆਂ ਦੇ ਸੇਵਨ ਦੀ ਸਖ਼ਤ ਮਨਾਹੀ ਹੈ। ਗੁਰੂ ਸਾਹਿਬ ਤਾਂ ਐਸੇ ਨਸ਼ੇ ਦੀ ਗੱਲ ਕਰਦੇ ਹਨ ਜੋ ਉਤਰੇ ਹੀ ਨਾ। ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਆਪਣੀ ਵੋਟ ਖਾਤਰ ਆਪਣੀ ਜ਼ਮੀਰ ਮਾਰਕੇ ਕਿਸੇ ਦੇ ਦਰ ਡਿੱਗਣ ਵਾਲੇ ਬੰਦੇ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਫ਼ੁਰਮਾਨ ਹੈ
‘ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ, ਝੂਠਾ ਮਦੁ ਮੂਲਿ ਨਾ ਪੀਵਈ ਜੇ ਕਾ ਪਾਰਿ ਵਸਾਇ॥
ਸ਼ਬਦ ਗੁਰੂ ’ਚ ਸੰਸਾਰੀ ਨਸ਼ਿਆਂ ਨੂੰ ਝੂਠੇ ਨਸ਼ੇ ਆਖਿਆ ਗਿਆ ਹੈ। ਇਨ੍ਹਾਂ ਪਿੱਛੇ ਲੱਗਕੇ ਆਪਣੇ ਜੀਵਨ ਨੂੰ ਖ਼ਰਾਬ ਕਰਨਾ ਮੂਰਖਤਾ ਹੈ। ਇਹ ਜੀਵਨ ਅਮੋਲਕ ਹੈ ਇਸ ਨੂੰ ਨਸ਼ਿਆਂ ਦੇ ਚੱਕਰ ਵਿਚ ਫਸਕੇ ਭੰਗ ਦੇ ਭਾਣੇ ਸੁੱਟਣਾ ਮੰਦਭਾਗਾ ਹੈ। ਨਸ਼ਿਆਂ ਦੇ ਸੇਵਨ ਸਿਰਫ਼ ਤਨ ਅਤੇ ਮਨ ਨੂੰ ਹੀ ਬਰਬਾਦ ਨਹੀਂ ਕਰਦਾ ਸਗੋਂ ਹੋਰ ਕਈ ਵਿਕਾਰ ਮਨੁੱਖ ਨੂੰ ਘੇਰ ਲੈਂਦੇ ਹਨ। ਗੁਰੂ ਸਾਹਿਬ ਆਖਦੇ ਹਨ ਭਾਈ ਜੇ ਤੂੰ ਸ਼ਰਾਬ ਪੀਣ ਤੋਂ ਬਿਨ੍ਹਾਂ ਰਹਿ ਹੀ ਨਹੀਂ ਸਕਦਾ ਤਾਂ ਸ਼ਰਾਬ ਬਣਾੳਬੁਣ ਦਾ ਢੰਗ ਅਸੀਂ ਤੈਨੂੰ ਦੱਸਦੇ ਹਾਂ ਜੇਕਰ ਪੀਣੀ ਹੀ ਹੈ ਤਾਂ ਸਾਡੇ ਦੱਸੇ ਢੰਗ ਨਾਲ ਸ਼ਰਾਬ ਬਣਾਕੇ ਵੀ-ਜਿਵੇਂ ਗੁਰਬਾਣੀ ਦਾ ਫੁਰਮਾਨ ਹੈ ‘ ਗੁਰੂ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਣੀ ਕਸੁ ਪਾਈਐ, ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਵਸਿ ਅਮਿਉ ਚੁਆਈਐ॥ ਜੇਕਰ ਤੂੰ ਸ਼ਰਾਬ ਬਣਾਉਣੀ ਹੈ ਤਾਂ ਗਿਆਨ ਰੂਪੀ ਗੁੜ ਦੀ ਵਰਤੋਂ ਕਰ ਅਰਥਾਤ ਉਸ ਪ੍ਰਮਾਤਮਾ ਨਾਲ ਆਪਣੀ ਸਾਂਝ ਗੂੜ ਬਣਾ। ਪ੍ਰਮਾਤਮਾ ਦੇ ਚਰਨਾਂ ਵਿਚ ਜੁੜੀ ਸੁਰਤ ਨੂੰ ਮਹੂਏ ਦੇ ਫੁੱਲ ਬਣਾ ਅਤੇ ਉਚੇ ਆਚਰਨ ਰੂਪੀ ਕਿੱਕਰ ਦੇ ਸੱਕ ਵਿਚ ਪਾ। ਕੂੜੇ ਮੋਹ ਅਤੇ ਲਾਲਚ ਨੂੰ ਸਾੜ ਉਸ ਦੀ ਭੱਠੀ ਬਣਾ। ਇੰਜ ਤੂੰ ਸ਼ਰਾਬ ਕੱਢਣੀ ਸ਼ੁਰੂ ਕਰ। ਰੱਬ ਦੇ ਪਿਆਰੇ ਵਾਲੇ ਗਿੱਲੇ ਕੱਪੜੇ ਨਾਲ ਅਰਕ ਵਾਲੀ ਨਾਲੀ ਨੂੰ ਢੱਕ, ਫ਼ਿਰ ਜਿਹੜੀ ਮਦੁ ਤਿਆਰ ਹੋਵੇਗੀ ਉਹ ਸਦੀਵੀ ਨਸ਼ਾ ਦੇਣ ਵਾਲੀ ਹੋਵੇਗੀ। ਹਮੇਸ਼ਾ ਪ੍ਰਭੂ ਦੇ ਨਾਮ ਰੂਪੀ ਅੰਮ੍ਰਿਤ ਦਾ ਸੇਵਨ ਕਰੋ। ਸੰਸਾਰ ਵਿਚ ਕਦੇ ਵੀ ਕਿਸੇ ਹੋਰ ਨਸ਼ੇ ਦੀ ਲੋੜ ਮਹਿਸੂਸ ਨਹੀਂ ਹੋਵੇਗੀ। ਅਗਲਾ ਵਰ੍ਹਾ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦੀਆਂ ਤਿਆਰੀਆਂ ਵਿਸ਼ਵ ਭਰ ’ਚ ਵੱਸਦੀ ਨਾਨਕ ਨਾਮ ਲੇਵਾ ਸੰਗਤ ਕਰ ਰਹੀ ਹੈ। ਪਿੰਡਾਂ ’ਚ ਹੋ ਰਹੀਆਂ ਪੰਚਾਇਤੀ ਚੋਣਾਂ ਨਸ਼ਿਆਂ ਤੋਂ ਰਹਿਤ ਹੋਣ। ਸਰਪੰਚੀ-ਪੰਚੀ ਦੇ ਉਮੀਦਵਾਰ ਜੇਕਰ ਨਸ਼ੇ ਵੰਡਣ ਤੋਂ ਟਾਲਾ ਵੱਟਣਗੇ, ਫੇਰ ਪੀਣ ਵਾਲੇ ਵੀ ਉਨ੍ਹਾਂ ਦੇ ਨੇੜੇ ਨਹੀਂ ਫਟਣਗੇ। ਦਾਰੂ ਦੀ ਬੋਤਲ ਪਿੱਛੇ ਆਪਣੀ ਜ਼ਮੀਰ ਵੇਚਣ ਵਾਲੇ ਇਹ ਗੱਲ ਜ਼ਰੂਰ ਸੋਚਣ ਕਿ ਆਹ ਪੰਜ ਦਿਨ ਤਾਂ ਪੀਣ ਨੂੂੰ ਮਿਲ ਜਾਵੇਗੀ ਫੇਰ ਕੀ ਕਰੋਗੇ। ਜੀਹਤੋਂ ਸ਼ਰਾਬ ਜਾਂ ਹੋਰ ਨਸ਼ਾ ਲਿਆ ਕੀ ਉਹ ਸਰਪੰਚ ਜਾਂ ਪੰਚ 5 ਸਾਲ ਤੁਹਾਡਾ ਕੋਈ ਕੰਮ ਕਰੇਗਾ ਬਿਲਕੁੱਲ ਨਹੀਂ? ਤੁਹਾਡੀ ਵੋਟ ਦੀ ਵੱਡੀ ਕੀਮਤ ਹੈ। ਵੋਟ ਦੀ ਕੀਮਤ ਉਨ੍ਹਾਂ ਸਿਆਸੀ ਲੋਕਾਂ ਤੋਂ ਪੁੱਛੋਂ ਜਿਨ੍ਹਾਂ ਨੂੰ ਇਕ ਵੋਟ ਘੱਟ ਮਿਲਣ ਕਰਕੇ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ। ਇਥੇ ਦੱਸਣਾ ਬਣਦਾ ਹੈ ਕਿ ਇਹ ਪੰਚਾਇਤਾਂ ਦੀ ਪ੍ਰਥਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕਾਰਜਕਾਲ ਵੇਲੇ ਚਲਾਈ ਹੈ। ਗੁਰੂ ਸਾਹਿਬਾਂ ਉਸ ਸਮੇਂ ਪੰਚ ਪ੍ਰਧਾਨੀ ਸਿਸਟਮ ਖੜ੍ਹਾ ਕੀਤਾ, ਪੰਜਾਂ ਨੂੰ ਪੂਰੀ ਤਾਕਤ ਦਿੰਦਿਆਂ ਪੰਜਾਂ ਵਿਚ ਖੁਦ ਅਕਾਲ ਪੁਰਖ ਦਾ ਵਾਸਾ ਕੀਤਾ। ਇਕੱਲਾ ਵਿਅਕਤੀ ਕੋਈ ਵੀ ਗਲਤ ਫੈਸਲਾ ਲੈ ਸਕਦਾ ਹੈ, ਪੰਜ ਵਿਅਕਤੀਆਂ ’ਚ ਸਾਰੇ ਗਲਤ ਨਹੀਂ ਹੋ ਸਕਦੇ। ਸਭ ਦੀ ਸੋਚ, ਸੁਭਾਅ ਅਲੱਗ ਅਲੱਗ ਹੋਵੇਗਾ। ਇਸ ਲਈ ਗੁਰੂ ਨੇ ਪੰਚ ਪ੍ਰਧਾਨੀ ਸਿਸਟਮ ਚਲਾਇਆ ਸੀ ਜੋ ਅੱਜ ਤੱਕ ਸਾਡੇ ਸਿੱਖ ਸਮਾਜ ਅੰਦਰ ਲਾਗੂ ਹੈ। ਸਰਪੰਚ ਪੰਚ ਉਹ ਹੋਣੇ ਚਾਹੀਦੇ ਹਨ ਜਿਨ੍ਹਾਂ ਦਾ ਕਿਰਦਾਰ ਸੱਚਾ-ਸੁੱਚਾ, ਇਮਾਨਦਾਰ, ਨਿਧੜਕ, ਸੱਚੀ ਗੱਲ ਮੂੰਹ ’ਤੇ ਕਹਿਣ ਵਾਲਾ, ਆਪਣੇ ਨਗਰ ਦੇ ਛੋਟੇ ਮੋਟੇ ਮਾਮਲੇ ਥਾਣੇ ਕਚਿਹਰੀਆਂ ’ਚ ਲਿਜਾਣ ਦੀ ਬਜਾਏ ਆਪਣੇ ਪਿੰਡ, ਘਰ, ਸੱਥ ’ਚ ਨਿਬੇੜੇ, ਪਿੰਡ ਦੀਆਂ ਨੂੰਹਾਂ ਨੂੰ ਛੋਟੇ ਮੋਟੇ ਝਗੜੇ ਜੋ ਪਤੀ ਪਤਨੀ ਵਿਚ ਹੁੰਦੇ ਹਨ ਘਰਾਂ ’ਚ ਬੈਠਕੇ ਸਮਝਾਵੇ। ਪਿੰਡ ਦੀਆਂ ਧੀਆਂ ਉਪਰ ਮੈਲੀ ਨਿਗ੍ਹਾ ਰੱਖਣ ਵਾਲਿਆਂ ਨੂੰ ਚੰਗੀ ਮੱਤ ਦੇਵੇ। ਪਿੰਡ ਦੇ ਨੌਜਵਾਨਾਂ ਨੂੰ ਇਹ ਸਮਝਾਵੇ ਕਿ ਪਿੰਡ ਦੀ ਧੀ ਭੈਣ ਉਨ੍ਹਾਂ ਦੀ ਹੀ ਧੀ ਭੈਣ ਹੈ। ਗਲੀਆਂ-ਮੋੜਾਂ ਸਕੂਲਾਂ ਦੇ ਆਸ ਪਾਸ ਸਕੂਲ ਲੱਗਣ ਸਮੇਂ ਜਾਂ ਛੁੱਟੀ ਹੋਣ ਸਮੇਂ ਖੜ੍ਹਨਾ ਆਪਣੇ ਨਗਰ ਦੀ ਤੌਹੀਨ ਹੈ। ਪਿੰਡ ਦੀਆਂ ਧੀਆਂ ਸਾਡੇ ਪਿੰਡ ਦੀ ਅਣਖ, ਸ਼ਾਨ ਹਨ, ਇਨ੍ਹਾਂ ਦੀ ਇੱਜ਼ਤ ਕਰਨੀ ਸਿੱਖੋ। ਪਿੰਡ ਦਾ ਮੁੱਖੀ ਨਸ਼ਾ ਰਹਿਤ ਹੋਵੇ ਤਾਂ ਕਿ ਵੇਲੇ ਕੁਵੇਲੇ ਪਿੰਡ ਦੇ ਕਿਸੇ ਮਸਲੇ ਸਬੰਧੀ ਉਸ ਕੋਲ ਜਾਈਏ ਤਾਂ ਫਟਾਫਟ ਤਿਆਰ ਹੋ ਕੇ ਅੱਗੇ ਲੱਗ ਜਾਵੇ ਨਾ ਕਿ ਉਸ ਦੇ ਘਰ ਵਾਲੇ ਇਹ ਕਹਿਣ ਕਿ ਅੱਜ ਤਾਂ ਸਰਪੰਚ ਸਾਹਿਬ ਨਾ ਕੁਝ ਜ਼ਿਆਦਾ ਪੀ ਲਈ ਕਿਸੇ ਵਿਆਹ ’ਚ ਗਿਆ ਸੀ ਹੁਣ ਤਾਂ ਸਵੇਰੇ 9-10 ਵਜੇ ਹੀ ਉਠੂ। ਪਿੰਡ ਦਾ ਮੁੱਖੀ ਆਲਸੀ ਨਾ ਹੋਵੇ, ਉਸ ਨੂੰ ਆਪਣੇ ਅਧਿਕਾਰਾਂ ਬਾਰੇ ਪਤਾ ਹੋਵੇ, ਪੜ੍ਹਿਆ ਲਿਖਿਆ ਹੋਵੇ। ਹਰ ਵਰਗ ਨੂੰ ਪੰਚਾਇਤਾਂ ’ਚ ਨੁਮਾਇੰਦਗੀ ਮਿਲੇ। ਪਿੰਡ ਦੀਆਂ ਬੀਬੀਆਂ ਨੂੰ ਸਰਪੰਚ, ਪੰਚ ਬਣਨ ’ਤੇ ਪਿੰਡ ਦੇ ਸਾਂਝੇ ਕੰਮਾਂ ਲਈ ਮਿਲ ਬੈਠਣ ਦੀ ਖੁੱਲ੍ਹ ਹੋਵੇ, ਉਹ ਵੀ ਪਿੰਡ ਦੀ ਸੇਵਾ ਲਈ ਅੱਗੇ ਆਉਣ। ਨੌਜਵਾਨ ਵਰਗ ਅੱਗੇ ਆਵੇ ਕਿਉਂਕਿ ਨੌਜਵਾਨਾਂ ’ਚ ਕੰਮ ਕਰਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ। ਜਵਾਨੀ ਹੀ ਕੁਰਾਹੇ ਪਈ ਜਵਾਨੀ ਨੂੰ ਸਹੀ ਰਾਸਤੇ ਲਿਆ ਸਕਦੀ ਹੈ। ਛੋਟੇ ਸਾਹਿਬਜ਼ਾਦਿਆਂ ਨੇ ਮਾਤਾ ਗੁੱਜਰ ਕੌਰ ਜੀ ਨਾਲ ਆਹ ਪੋਹ ਮਹੀਨੇ ਦੇ ਜੋ ਦਿਨ ਆਪਾਂ ਸ਼ਰਾਬਾਂ ਪੀ ਤੇ ਪਿਆਕੇ ਜਸ਼ਨ ਮਨਾਕੇ ਪੰਚਾਇਤੀ ਚੋਣਾਂ ਲੜ ਰਹੇ ਹਾਂ, ਇਨ੍ਹਾਂ ਦਿਨਾਂ ’ਚ ਕੱਕਰ ਭਰੀਆਂ ਠੰਡੀਆਂ ਰਾਤਾਂ ’ਚ ਠੰਡੇ ਬੁਰਜ ’ਚ ਰਾਤਾਂ ਗੁਜਾਰੀਆਂ। ਗੁਰੂ ਸਾਹਿਬ ਜੀ ਦਾ ਪੂਰਾ ਪਰਿਵਾਰ ਇਨ੍ਹਾਂ ਦਿਨਾਂ ’ਚ ਦੁੱਖਾਂ ਵਿਚ ਸੀ ਸਾਡੇ ਤੋਂ ਉਨ੍ਹਾਂ ਸਰਬੰਸ ਵਾਰ ਦਿੱਤਾ, ਪਰ ਅੱਜ ਅਸੀਂ ਇਨ੍ਹਾਂ ਦਿਨਾਂ ’ਚ ਜਸ਼ਨ ਮਨਾ ਰਹੇ ਹੋਵਾਂਗੇ। ਇਹ ਸਰਕਾਰ ਦੀ ਸੋਚੀ ਸਮਝੀ ਸਾਜਿਸ਼ ਹੈ। ਆਓ ਸਾਰੇ ਰਲਕੇ ਅਮਨ ਅਮਾਨ ਨਾਲ ਪੰਚਾਇਤੀ ਚੋਣਾਂ ਦਾ ਕਾਰਜ ਨੇਪਰੇ ਚਾੜੀਏ, ਆਪਸੀ ਭਾਈਚਾਰਾ ਕਾਇਮ ਰੱਖੀਏ, ਨਸ਼ਿਆਂ ਤੋਂ ਦੂਰ ਰਹੀਏ।