ਚੰਡੀਗੜ੍ਹ, 20 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਸਿੱਖ ਦੰਗਿਆਂ ਦੇ ਮਾਮਲੇ ਵਿੱਚ ਬਿਨਾ ਵਜ੍ਹਾ ਗਾਂਧੀ ਪਰਿਵਾਰ ਨੂੰ ਲਪੇਟਣ ਦੀ ਮੁੜ ਕੋਸ਼ਿਸ਼ ਕਰਨ ’ਤੇ ਸੁਖਬੀਰ ਸਿੰਘ ਬਾਦਲ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਇਨ੍ਹਾਂ ਦੰਗਿਆਂ ਵਿੱਚ ਵਿਅਕਤੀਗਤ ਰੂਪ ਵਿੱਚ ਕੁਝ ਕਾਂਗਰਸੀ ਲੀਡਰ ਸ਼ਾਮਲ ਸਨ ਜਿਨ੍ਹਾਂ ਨੂੰ ਪਾਰਟੀ ਲੀਡਰਸ਼ਿਪ ਦੀ ਲੁਕਵੇਂ ਜਾਂ ਖੁੱਲ੍ਹੇ ਤੌਰ ’ਤੇ ਕੋਈ ਹਮਾਇਤ ਹਾਸਲ ਨਹੀਂ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਰਾਹੁਲ ਗਾਂਧੀ ਦੀ ਲੀਡਰਸ਼ਿਪ ਨੂੰ ਕਮਜ਼ੋਰ ਕਰਨ ਲਈ ਕੀਤੀਆਂ ਨਿਰਾਸ਼ ਕੋਸ਼ਿਸ਼ਾਂ ਨੂੰ ਹਾਸੋਹੀਣਾ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨੇ ਹਾਲ ਹੀ ’ਚ ਤਿੰਨ ਵੱਡੇ ਸੂਬਿਆਂ ਵਿੱਚ ਜਿੱਤ ਹਾਸਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਸਿੱਧ ਹੁੰਦਾ ਹੈ ਕਿ ਸੁਖਬੀਰ ਬਾਦਲ ਸੰਸਦੀ ਚੋਣਾਂ ਤੋਂ ਪਹਿਲਾਂ ਚੋਣ ਮੈਦਾਨ ਵਿੱਚ ਕੁੱਦਣ ਲਈ ਹੱਥ-ਪੈਰ ਮਾਰ ਰਿਹਾ ਹੈ। ਵੋਟਰਾਂ ਦਾ ਸਮਰਥਨ ਜੁਟਾਉਣ ਵਾਸਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਣ ਲਈ ਅਕਾਲੀਆਂ ’ਤੇ ਵਰ੍ਹਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨੂੰ ਇਸ ਸੰਵੇਦਨਸ਼ੀਲ ਮਸਲੇ ਦਾ ਸਿਆਸੀਕਰਨ ਬੰਦ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਸਿਆਸੀ ਲਾਭ ਦੀ ਖਾਤਰ ਧਰਮ ਦੀ ਦੁਰਵਰਤੋਂ ਕਰਨ ਨਾਲ ਅਕਾਲੀ ਦਲ ਨੂੰ ਕੋਈ ਫਾਇਦਾ ਨਹੀਂ ਪਹੁੰਚੇਗਾ ਅਤੇ ਲੋਕ ਸਭਾ ਚੋਣਾਂ ਵਿੱਚ ਵੀ ਇਸ ਪਾਰਟੀ ਦਾ ਹਸ਼ਰ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਾਲਾ ਹੀ ਹੋਵੇਗਾ।
ਮੁੱਖ ਮੰਤਰੀ ਨੇ ਆਪਣੇ ਪੈਂਤੜੇ ਨੂੰ ਦੁਹਰਾਉਂਦਿਆਂ ਕਿਹਾ ਕਿ ਜੇਕਰ ਕਿਸੇ ਦੀ ਵਿਅਕਤੀਗਤ ਤੌਰ ’ਤੇ ਸਿੱਖ ਦੰਗਿਆਂ ਵਿੱਚ ਕੋਈ ਸ਼ਮੂਲੀਅਤ ਹੈ ਤਾਂ ਉਹ ਸਜ਼ਾ ਦਾ ਹੱਕਦਾਰ ਹੈ ਅਤੇ ਉਸ ਨੂੰ ਗੁਨਾਹਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਸ ਮਾਮਲੇ ਵਿੱਚ ਪੂਰੀ ਕਾਂਗਰਸ ਪਾਰਟੀ ਜਾਂ ਗਾਂਧੀ ਪਰਿਵਾਰ ਨੂੰ ਲਪੇਟਣ ਦੀ ਕੋਸ਼ਿਸ਼ ਕਰਨੀ ਗੈਰ-ਵਾਜਬ ਹੈ।