ਸਿੱਖ ’ਤੇ ਹਮਲਾ ਕਰਨ ਵਾਲੇ ਅਮਰੀਕੀ ਨੂੰ ਕੈਦ

ਨਿਊਯਾਰਕ, 19 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਅਮਰੀਕਾ ਦੇ ਸਿਆਟਲ ’ਚ ਪਿਛਲੇ ਸਾਲ ਭਾਰਤੀ ਮੂਲ ਦੇ 53 ਸਾਲਾ ਸਿਖ ਕੈਬ ਡਰਾਈਵਰ ’ਤੇ ਹਥੌੜੇ ਨਾਲ ਵਾਰ ਕਰਨ ਦੇ ਦੋਸ਼ ’ਚ ਅਮਰੀਕੀ ਨਾਗਰਿਕ ਨੂੰ 15 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਸਿਖ ਮਨੁਖੀ ਅਧਿਕਾਰ ਸਮੂਹ ‘ਦੀ ਸਿਖ ਕੋਲੀਜ਼ਨ’ ਮੁਤਾਬਕ ਰਾਰੀ ਬੈਨਸਨ ਨਾਂਅ ਦੇ ਅਮਰੀਕੀ ਨੇ ਦਸੰਬਰ, 2017 ਵਿਚ ਸਵਰਨ ਸਿੰਘ ’ਤੇ ਜਾਨਲੇਵਾ ਹਮਲਾ ਕੀਤਾ ਸੀ। ਬੈਨਸਨ ਨੇ ਸਿਆਟਲ ਦੀ ਅਦਾਲਤ ’ਚ ਸ਼ੁਕਰਵਾਰ ਨੂੰ ਹੀ ਆਪਣਾ ਜ਼ੁਰਮ ਕਬੂਲਿਆ ਹੈ। ਅਦਾਲਤ ਨੇ ਉਸ ਨੂੰ 15 ਮਹੀਨਿਆਂ ਲਈ ਜੇਲ੍ਹ ਭੇਜ ਦਿੱਤਾ ਹੈ। ‘ਦੀ ਸਿਖ ਕੋਲੀਜ਼ਨ’ ਮੁਤਾਬਕ ਸਵਰਨ ਸਿੰਘ ਬੈਨਸਨ ਤੇ ਉਸ ਦੀ ਮਾਂ ਨੂੰ ਉਨ੍ਹਾਂ ਦੇ ਘਰ ਛਡਣ ਜਾ ਰਿਹਾ ਸੀ। ਇਸੇ ਦੌਰਾਨ ਬੈਨਸਨ ਨੇ ਸਵਰਨ ਸਿੰਘ ’ਤੇ ਹਮਲਾ ਕਰ ਦਿਤਾ। ਬੈਨਸਨ ਸਵਰਨ ਸਿੰਘ ਨਾਲ ਦੀ ਸੀਟ ’ਤੇ ਬੈਠਾ ਸੀ। ਉਸ ਨੇ ਸਿੰਘ ਦਾ ਗਲਾ ਘੁਟਣ ਦੀ ਵੀ ਕੋਸ਼ਿਸ਼ ਕੀਤੀ ਤੇ ਉਸ ਦੀ ਪਗ ’ਤੇ ਵੀ ਵਾਰ ਕੀਤੇ ਸੀ।

Send this to a friend