ਪੇਟਿੰਗ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਦਾ ਸਭ ਤੋਂ ਵਧੀਆ ਸਾਧਨ ਹਨ। ਰਾਜਿੰਦਰ ਕੌਰ ਪਸਰੀਚਾ ਇੱਕ ਅਜਿਹੀ ਪੇਂਟਰ ਹੈ, ਜਿਹੜੀ ਸੂਖ਼ਮ ਤੋਂ ਸੂਖ਼ਮ ਭਾਵਨਾਵਾਂ ਨੂੰ ਬੁਰਛ ਦੀ ਛੂਹ ਨਾਲ ਬੋਲਣ ਲਾ ਦਿੰਦੀ ਹੈ। ਅਰਥਾਤ ਇਨਸਾਨ ਦੀਆਂ ਗੁੰਗੀਆਂ ਭਾਵਨਾਵਾਂ ਨੂੰ ਭੁੱਟ-ਭੁੱਟ ਬੋਲਣ ਲਾ ਦਿੰਦੀ ਹੈ। ਪੰਜਾਬ ’ਚ ਵਿਰਾਸਤੀ ਇਮਾਰਤਾਂ ’ਤੇ ਚਿੱਤਰਕਾਰੀ ਦੇ ਅਦਭੁਤ ਨਮੂਨੇ ਵੇਖਣ ਨੂੰ ਮਿਲਦੇ ਹਨ। ਇਸ ਕਰਕੇ ਪੰਜਾਬੀਆਂ ਦੇ ਵਿਰਸੇ ਵਿਚੋਂ ਮਿਲੀ ਇਹ ਸੁਹੱਪਣ ਭਰਪੂਰ ਕਲਾ ਦੇ ਚਿਤੇਰੇ ਵਰਤਮਾਨ ਪੰਜਾਬ ਦਾ ਸਰਮਾਇਆ ਹਨ। ਪੰਜਾਬੀ ਪਰੰਪਰਾਵਾਂ, ਪਹਿਰਾਵੇ, ਰੀਤੀ ਰਿਵਾਜਾਂ ਨੂੰ ਆਪਣੇ ਬੁਰਸ਼ ਦੀ ਕਲਾ ਰਾਹੀਂ ਕਲਾਕਾਰ ਆਪਣੀ ਰੂਹ ਦੀ ਸੰਤੁਸ਼ਟੀ ਲਈ ਕੈਨਵਸ ਤੇ ਉਤਾਰਕੇ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ। ਅਜਿਹੇ ਕਲਾਕਾਰਾਂ ਵਿਚੋਂ ਰਾਜਿੰਦਰ ਕੌਰ ਪਸਰੀਚਾ ਦਾ ਨਾਮ ਵਿਸ਼ੇਸ਼ ਤੌਰ ਤੇ ਵਰਣਨ ਯੋਗ ਹੈ। ਰਾਜਿੰਦਰ ਕੌਰ ਸੁਘੜ, ਸਿਆਣੀ, ਸੰਜੀਦਾ ਅਤੇ ਸੁਲਝੀ ਹੋਈ ਪੇਂਟਰ ਹੈ, ਜਿਹੜੀ ਪੰਜਾਬੀ ਸਭਿਆਚਾਰ ਦੀਆਂ ਪ੍ਰਤੀਕ ਕਲਾ ਕ੍ਰਿਤਾਂ, ਖ਼ਾਸ ਤੌਰ ਤੇ ਇਸਤਰੀ ਦੀ ਮਾਨਸਿਕ ਚੇਤਨਾ ਨੂੰ ਚਿਤਰਣ ਵਿਚ ਕਮਾਲ ਕਰ ਦਿੰਦੀ ਹੈ। ਵੇਖਣ ਵਾਲਾ ਉਸਦੀ ਪੇਂਟਿੰਗ ਨੂੰ ਵੇਖਕੇ ਉਸ ਕ੍ਰਿਤ ਨੂੰ ਜਿਉਂਦੀ ਜਾਗਦੀ ਮਹਿਸੂਸ ਕਰਦਾ ਹੈ। ਸਾਡੀ ਨਵੀਂ ਪੀੜ੍ਹੀ ਆਪਣੇ ਵਿਰਸੇ ਨਾਲੋਂ ਟੁੱਟਕੇ ਕੰਮਪਿਊਟਰ ਯੁਗ ਵਿਚ ਪ੍ਰਵੇਸ਼ ਹੋ ਚੁੱਕੀ ਹੈ। ਇਸ ਲਈ ਸਾਡੀ ਅਮੀਰ ਵਿਰਾਸਤ ਦੀ ਪੇਂਟਿੰਗ ਰਾਹੀਂ ਡਾਕੂਮੈਂਟੇਸ਼ਨ ਹੋਣੀ ਜ਼ਰੂਰੀ ਹੈ। ਰਾਜਿੰਦਰ ਕੌਰ ਪਸਰੀਚਾ ਦੀਆਂ ਕਲਾਕ੍ਰਿਤਾਂ ਦੀ ਵਿਲੱਖਣਤਾ ਇਹੋ ਹੈ ਕਿ ਉਸਨੇ ਸਾਡੀਆਂ ਅਲੋਪ ਹੋ ਰਹੀਆਂ ਵਿਰਾਸਤੀ ਵਸਤਾਂ ਜਿਨ੍ਹਾਂ ਵਿਚ ਚਰਖਾ ਕੱਤਦੀ , ਦੁੱਧ ਰਿੜਕਦੀ ਅਤੇ ਦੀਵਾ ਲਾਉਂਦੀ ਔਰਤ, ਖੂਹ, ਟਿੰਡਾਂ, ਹਲਟ, ਚਰਖ਼ੇ, ਦਾਣੇ ਭੁੱਨਣ ਵਾਲੀ ਭੱਠੀ, ਪੰਜਾਬੀ ਪਹਿਰਾਵਾ, ਘਗਰੇ, ਫੁਲਕਾਰੀਆਂ, ਚੁਲ੍ਹੇ-ਚੌਂਕੇ, ਦਰਵਾਜੇ, ਗ਼ਰੀਬਾਂ ਦੇ ਘਰ ਅਤੇ ਖਾਸ ਤੌਰ ਇਸਤਰੀਆਂ ਦੀ ਮਾਨਸਿਕਤਾ ਨੂੰ ਬਿੰਬਾਂ ਰਾਹੀਂ ਪੇਂਟ ਕਰਕੇ ਇਤਿਹਾਸ ਦਾ ਹਿੱਸਾ ਬਣਾ ਦਿੱਤਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਵਿਰਸੇ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਇਸ ਵਿਚ ਉਸਦੀ ਮੁਹਾਰਤ ਦਾ ਕਾਰਨ ਉਸਦਾ ਫਾਈਨ ਆਰਟਸ ਵਿਸ਼ੇ ਦੀ ਪੋਸਟ ਗ੍ਰੈਜੂਏਸ਼ਨ ਤੱਕ ਪੜ੍ਹਾਈ ਕਰਨਾ ਅਤੇ ਉਸਦੀ ਅਮਲੀ ਤੌਰ ਤੇ ਵਰਤੋਂ ਕਰਨਾ ਹੈ। ਉਸਨੇ ਐਮ.ਏ.ਫਾਈਨ ਆਰਟਸ ਵਿਚ ਪੰਜਾਬੀ ਯੂਨੀਵਰਸਿਟੀ ਵਿਚੋਂ ਗੋਲਡ ਮੈਡਲ ਪ੍ਰਾਪਤ ਕੀਤਾ। ਉਸਨੂੰ ਕਾਲਜ ਕਲਰ ਅਤੇ ਰੋਲ ਆਫ ਆਨਰ ਵੀ ਮਿਲਿਆ ਹੋਇਆ ਹੈ। ਪੰਜਾਬੀ ਵਿਰਾਸਤੀ ਵਸਤਾਂ ਦੀ ਪੇਂਟਿੰਗਜ਼ ਕਰਨ ਤੋਂ ਪਹਿਲਾਂ ਉਸਨੇ ਪੇਂਟਿੰਗਜ਼ ਦੇ ਹੋਰ ਖੇਤਰਾਂ ਦੀ ਜਾਣਕਾਰੀ ਇਕੱਤਰ ਕੀਤੀ। ਖ਼ਾਸ ਤੌਰ ਤੇ ਪਟਿਆਲਾ ਵਿਚ ਫੋਕ ਆਰਟ ਐਂਡ ਕਲਚਰ ਆਫ ਰਾਜਸਥਾਨੀ ਵਿਸ਼ੇ ਤੇ ਡਾਕਟਰੇਟ ਕੀਤੀ। ਹਾਲਾਂ ਕਿ ਉਸਦਾ ਭਰਾ ਡਾ.ਆਸਾ ਸਿੰਘ ਉਸਨੂੰ ਡਾਕਟਰ ਬਣਾਉਣਾ ਚਾਹੁੰਦਾ ਸੀ। ਪ੍ਰੰਤੂ ਉਸਨੂੰ ਬਚਪਨ ਵਿਚ ਹੀ ਪੇਂਟਿੰਗ ਦੀ ਚੇਟਕ ਲੱਗ ਗਈ ਸੀ। ਸਕੂਲ ਵਿਚ ਉਸਦੀਆਂ ਪੇਂਟਿੰਗ ਨੂੰ ਇਨਾਮ ਮਿਲਦੇ ਰਹੇ। ਉਸਦੀ ਮਾਤਾ ਘਰ ਦੇ ਕੰਮਾਂ ਨੂੰ ਕਰਨ ਤੋਂ ਰੋਕ ਕੇ ਉਸਨੂੰ ਪੇਂਟਿੰਗ ਵਲ ਲਗਾਉਂਦੀ ਰਹੀ। ਕਾਲਜ ਵਿਚ ਉਹ ਦਸਦੀ ਹੈ ਕਿ ਪ੍ਰੋ.ਪ੍ਰਦੀਪ ਸਿੰਘ ਅਰਸ਼ੀ ਅਤੇ ਡਾ.ਸਰੋਜ ਉਸਦੇ ਮਾਰਗ ਦਰਸ਼ਕ ਬਣੇ ਜਿਨ੍ਹਾਂ ਨੇ ਉਸਦੀ ਕਲਾ ਨੂੰ ਨਿਖ਼ਾਰਿਆ। ਰਾਜਿੰਦਰ ਕੌਰ ਖ਼ੁਸ਼ਕਿਸਮਤ ਰਹੀ ਕਿਉਂਕਿ ਉਸਦਾ ਪਤੀ ਵਰਿੰਦਰ ਸਿੰਘ ਪਸਰੀਚਾ ਅਤੇ ਉਸਦੀ ਸੱਸ ਉਸਦੇ ਰਾਹ ਵਿਚ ਰੋੜਾ ਬਣਨ ਦੀ ਥਾਂ ਸਹਾਈ ਹੋਏ, ਜਿਸ ਕਰਕੇ ਉਸਦਾ ਪੇਂਟਿੰਗ ਕਰਨ ਦਾ ਪਰਵਾਹ ਲਗਾਤਾਰ ਜਾਰੀ ਰਿਹਾ। ਉਹ ਸਰਕਾਰੀ ਲੜਕੀਆਂ ਦੇ ਕਾਲਜ ਪਟਿਆਲਾ ਤੋਂ ਬਤੌਰ ਪ੍ਰਿੰਸੀਪਲ ਸੇਵਾ ਮੁਕਤ ਹੋਏ ਹਨ। 34 ਸਾਲ ਉਹ ਪੋਸਟ ਗ੍ਰੈਜੂਏਟ ਕਲਾਸਾਂ ਦੇ ਵਿਦਿਆਰਥੀਆਂ ਨੂੰ ਫਾਈਨ ਆਰਟਸ ਤੇ ਫੋਕ ਆਰਟ ਪੜ੍ਹਾਉਂਦੇ ਰਹੇ ਹਨ, ਜਿਸ ਕਰਕੇ ਉਨ੍ਹਾਂ ਦਾ ਤਜ਼ਰਬਾ ਵਿਸ਼ਾਲ ਹੈ। ਉਸਦੀ ਚਿਤਰਕਾਰੀ ਤੇ ਵਰਤਮਾਨ ਪੇਂਟਿੰਗ ਦੀਆਂ ਊਲ ਜਲੂਲ ਚਿਤਰਣ ਦੀਆਂ ਰੁਚੀਆਂ ਦਾ ਕੋਈ ਅਸਰ ਨਹੀਂ ਹੋਇਆ। ਉਹ ਅਜਿਹੇ ਪ੍ਰਭਾਵ ਕਬੂਲਣ ਤੋਂ ਅਭਿਜ ਰਹੀ। ਉਸਨੇ ਆਪਣੀਆਂ ਪੇਂਟਿੰਗਜ਼ ਵਿਚ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਸਰੋਕਾਰਾਂ ਨੂੰ ਹੀ ਦਰਸਾਇਆ। ਉਸਦੀਆਂ ਲਗਪਗ ਸਾਰੀਆਂ ਹੀ ਪੇਂਟਿੰਗਜ਼ ਵਿਚੋਂ ਪੰਜਾਬੀਆਂ ਦੀ ਰੂਹ ਝਲਕਦੀ ਹੈ। ਉਸ ਉਪਰ ਆਧੁਨਿਕਤਾ ਦਾ ਵੀ ਬਹੁਤਾ ਅਸਰ ਨਹੀਂ ਹੋਇਆ। ਉਸਦੀਆਂ ਪੇਂਟਿੰਗਜ਼ ਵਰਤਮਾਨ ਅਤੇ ਪੁਰਾਤਨ ਸਮੇਂ ਵਿਚ ਇਸਤਰੀਆਂ ਦੀਆਂ ਮਾਨਸਿਕ ਉਲਝਣਾ, ਸਮੱਸਿਆਵਾਂ ਅਤੇ ਪਰਿਵਾਰਾਂ ਵੱਲੋਂ ਕੀਤੇ ਜਾਂਦੇ ਵਿਵਹਾਰਾਂ ਨੂੰ ਬਿੰਬਾਂ ਰਾਹੀਂ ਪੇਂਟ ਕੀਤਾ ਹੈ। ਇਸੇ ਪ੍ਰਕਾਰ ਪੰਜਾਬ ਦੀਆਂ ਨੌਜਵਾਨ ਲੜਕੀਆਂ ਦੀਆਂ ਭਾਵਨਾਵਾਂ, ਅੱਲ੍ਹੜ ਕੁੜੀ ਦੀ ਪੇਂਟਿੰਗ, ਦਰਵਾਜੇ ਵਿਚ ਬੇਬਸ ਹੋਈ ਬੈਠੀ ਲੜਕੀ ਅਤੇ ਕਾਲੀਆਂ ਐਨਕਾਂ ਲਾ ਕੇ ਖੜ੍ਹੀ ਮੁਟਿਆਰ ਵੀ ਬਿੰਬਾਤਮਿਕ ਹੈ, ਉਸਦੀਆਂ ਅੱਖਾਂ ਦੀ ਚਮਕ ਬਹੁਤ ਕੁਝ ਕਹਿ ਰਹੀ ਹੈ ਪ੍ਰੰਤੂ ਉਸਨੇ ਬਾਹਰ ਕੁਝ ਵੀ ਨਹੀਂ ਵੇਖਣਾ ਤੇ ਵਿਖਾਉਣਾ ਕਿਉਂਕਿ ਸਾਡਾ ਸਮਾਜ ਉਸਨੂੰ ਆਪਣੇ ਘਰ ਤੋਂ ਬਾਹਰ ਵੇਖਣ ਦੀ ਇਜ਼ਾਜਤ ਨਹੀਂ ਦਿੰਦਾ, ਉਸਨੇ ਆਪਣੀਆਂ ਭਾਵਨਾਵਾਂ ਨੂੰ ਪੁੰਗਰਨ ਹੀ ਨਹੀਂ ਦੇਣਾ, ਸਗੋਂ ਕਾਲੀਆਂ ਐਨਕਾਂ ਲਗਾ ਕੇ ਉਨ੍ਹਾਂ ਨੂੰ ਲੁਕਾਉਂਦੀ ਵਿਖਾਈ ਗਈ ਹੈ। ਵਿਆਹ ਤੋਂ ਬਾਅਦ ਪੂਰੇ ਹਾਰ ਸ਼ਿੰਗਾਰ ਵਿਚ ਔਂਸੀਆਂ ਪਾਉਂਦੀ ਅਤੇ ਉਸਲਵੱਟੇ ਲੈਂਦੀ ਲੜਕੀ ਦੀ ਤਸਵੀਰ ਸੰਕੇਤਕ ਤੌਰ ਤੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੀ ਹੈ ਕਿ ਉਹ ਬੇਬਸ ਹੈ। ਦੀਵਾ ਜਗਾਉਂਦੀ ਇਸਤਰੀ ਉਪਰ ਦੀਵੇ ਦੀ ਰੌਸ਼ਨੀ ਦੀ ਰਿਫਲੈਕਸ਼ਨ ਵੀ ਔਰਤ ਦੇ ਵਲਵਲਿਆਂ ਦਾ ਦ੍ਰਿਸ਼ਟਾਂਤਕ ਰੂਪ ਪੇਸ਼ ਕਰਦੀ ਹੈ। ਚੁਲ੍ਹੇ ਉਪਰ ਕੜਾਹੀ ਵਿਚ ਗੁਲਗੁਲੇ ਬਣਾਉਂਦੀ, ਕਰਵਾ ਚੌਥ ਮੌਕੇ ਪੂਜਾ ਕਰਦੀ ਅਤੇ ਦਰਖ਼ਤ ਦੀ ਪੂਜਾ ਕਰਨਾ ਵੀ ਔਰਤ ਦੇ ਦਰਖ਼ਤ ਰੂਪੀ ਆਦਮੀ ਦੀ ਪੂਜਾ ਕਰਨ ਦਾ ਸੰਕੇਤ ਕਰਦੀ ਹੈ। ਉਸਨੇ ਮੱਕੜੀ ਦੇ ਜਾਲੇ ਵਿਚ ਇਸਤਰੀ ਨੂੰ ਪੇਂਟ ਕੀਤਾ ਹੈ, ਜਿਸ ਤੋਂ ਸ਼ਪਸ਼ਟ ਹੁੰਦਾ ਹੈ ਕਿ ਔਰਤ ਦੀ ਆਜ਼ਾਦੀ ਮੁੰਗੇਰੀ ਲਾਲ ਦੇ ਸੁਪਨੇ ਦੇ ਸਮਾਨ ਹੈ। ਪੀੜ੍ਹੀ ਤੇ ਬੈਠਕੇ ਫੁਲਕਾਰੀ ਦੀ ਕਢਾਈ ਕਰਨਾ ਵੀ ਆਪਣੇ ਪ੍ਰੇਮੀ ਪ੍ਰਮੇਸ਼ਰ ਰੂਪੀ ਪਤੀ ਦੀ ਯਾਦ ਵਿਚ ਤੋਪੇ ਭਰਦੀ ਔਂਸੀਆਂ ਲੈਂਦੀ ਹੈ। ਇੱਕ ਹੋਰ ਉਸਦੀ ਸ਼ਾਹਕਾਰ ਪੇਂਟਿੰਗ ਹੈ, ਜਿਸ ਵਿਚ ਰੰਗਾਂ ਨਾਲ ਹੀ ਔਰਤ ਦੀ ਜੀਭ ਤੇ ਤਾਲਾ ਤੇ ਚਾਬੀ, ਹੱਥਾਂ ਪੈਰਾਂ ਵਿਚ ਸੰਗਲ ਅਤੇ ਮੇਖ ਠੋਕੀ ਹੋਈ ਵਿਖਾਈ ਹੈ। ਅਜਿਹੀ ਹੀ ਇੱਕ ਹੋਰ ਪੇਂਟਿੰਗ ਵੇਖਕੇ ਇਸਤਰੀ ਦੇ ਜਦੋਜਹਿਦ ਭਰੇ ਜੀਵਨ ਦਾ ਪਤਾ ਲਗਦਾ ਹੈ। ਇਸ ਤੋਂ ਇਲਾਵਾ ਪੁਰਾਤਨ ਪੰਜਾਬ ਦੀਆਂ ਖੇਡਾਂ, ਮਦਾਰੀਆਂ ਵਲੋਂ ਬਾਂਦਰ ਬਾਂਦਰੀ ਦਾ ਨਾਚ, ਭੰਬੀਰੀਆਂ, ਲੇਬਰ ਕਰਦੀਆਂ , ਇੱਟਾਂ ਦੇ ਭੱਠਿਆਂ ਤੇ ਕੰਮ ਕਰਦੀਆਂ ਔਰਤਾਂ ਅਤੇ ਰੌਸ਼ਨਦਾਨ ਵਿਚ ਕਬੂਤਰ ਦਾ ਡਰ ਕੇ ਲੁਕਣਾ ਵੀ ਸੰਕੇਤਕ ਹਨ। ਉਸਨੇ ਕੁਝ ਇਨਕਲਾਬੀ ਪੇਂਟਿੰਗਜ਼ ਵੀ ਕੀਤੀਆਂ ਹਨ। ਰਾਜਿੰਦਰ ਕੌਰ ਪਸਰੀਚਾ ਦੀਆਂ ਸਾਰੀਆਂ ਹੀ ਪੇਂਟਿੰਗ ਪੰਜਾਬੀ ਸਭਿਆਚਾਰਕ ਵਿਰਸੇ ਨੂੰ ਸੰਕੇਤਾਂ ਰਾਹੀਂ ਪੇਂਟ ਕੀਤਾ ਗਿਆ ਪ੍ਰਗਟਾਵਾ ਹਨ। ਉਸਨੇ 40 ਪੰਜਾਬੀ ਵਿਰਾਸਤ, 40 ਇਸਤਰੀ ਦੀ ਮਾਨਸਿਕਤਾ, ਗਰਲ ਚਾਈਲਡ ਅਤੇ ਪੰਜਾਬੀ ਸਰੋਕਾਰਾਂ ਨਾਲ ਸੰਬੰਧਤ ਪੇਂਟਿੰਗਜ਼ ਕੀਤੀਆਂ ਹਨ। ਇਸ ਤੋਂ ਇਲਾਵਾ 50 ਪੋਰਟਰੇਟ ਮਹੱਤਵਪੂਰਣ ਵਿਅਕਤੀਆਂ ਦੇ ਪੇਂਟ ਕੀਤੇ ਹਨ। ਉਸਦੀ ਆਰਟ ਗੈਲਰੀ ਪੰਜਾਬੀ ਵਿਰਸੇ ਦਾ ਪ੍ਰਤੀਕ ਹੈ।