ਪਿਛਲੇ ਕੁਝ ਮਹੀਨਿਆਂ ਤੋਂ ਕਰਤਾਰਪੁਰ ਲਾਂਘੇ ਦਾ ਇੰਨਾ ਜਿਕਰ ਹੋਇਆ ਹੈ ਕਿ ਗੁਰੂ ਨਾਨਕ ਸਾਹਿਬ ਤੇ ਗੁਰੂ ਸਾਹਿਬ ਦੀ ਬਾਣੀ ਬਾਰੇ ਸੋਚ ਪਿਛਾਂਹ ਜਾਂਦੀ ਪ੍ਰਤੀਤ ਹੋ ਰਹੀ ਹੈ। ਕਰਤਾਰਪੁਰ ਸਾਹਿਬ ਨਗਰ ਗੁਰੂ ਨਾਨਕ ਸਾਹਿਬ ਨੇ ਆਪ ਵਸਾਇਆ ਸੀ ਤੇ ਜੀਵਨ ਦੇ ਅੰਤਮ ਅਠਾਰਹ ਵਰ੍ਹੇ ਉਥੇ ਆਮ ਗ੍ਰਿਹਸਥ ਜੀਵਨ ਜਿਉਂਦਿਆਂ ਇਸ ਪਾਵਨ ਧਰਤੀ ਤੋਂ ਪੂਰੇ ਸੰਸਾਰ ਨੂੰ ਵਿਆਪਕ ਧਾਰਮਕ , ਸਮਾਜਕ ਚੇਤਨਾ ਦਾ ਅਨਮੋਲ ਗਿਆਨ ਅੰਮ੍ਰਿਤ ਵਰਤਾਇਆ। ਅਜ ਗੁਰੂ ਸਾਹਿਬ ਦੁਆਰਾ ਵਸਾਏ ਗਏ ਨਗਰ ਕਰਤਾਰਪੁਰ ਦਾ ਕੋਈ ਵਜੂਦ ਨਹੀਂ ਹੈ। ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਗੁਰਗਦੀ ਦੇਣ ਤੋਂ ਬਾਅਦ ਖਡੂਰ ਸਾਹਿਬ ਚਲੇ ਜਾਣ ਦਾ ਹੁਕਮ ਦਿਤਾ ਸੀ। ਆਪ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਰਾਵੀ ਦਰਿਆ ਦੇ ਹੜ੍ਹ ਨਾਲ ਪੂਰਾ ਨਗਰ ਵਹਿ ਗਿਆ ਸੀ। ਇਸ ਅਸਥਾਨ ਤੇ ਸੰਨ 1925 ਵਿਚ ਪਟਿਆਲਾ ਰਿਆਸਤ ਦੀ ਆਰਥਕ ਮਦਦ ਨਾਲ ਗੁਰਦੁਆਰਾ ਸਾਹਿਬ ਦਾ ਭਵਨ ਉਸਾਰਿਆ ਗਿਆ। ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਪਾਕਿਸਤਾਨ ਵਿਚ ਹੈ ਤੇ ਭਾਰਤ ਦੀ ਹਦ ਤੋਂ ਚੰਦ ਮੀਲ ਦੀ ਦੂਰੀ ਤੇ ਹੋਣ ਕਾਰਣ ਵਿਖਾਈ ਦਿੰਦਾ ਹੈ। ਭਾਰਤ ਦੇ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਗੁਰਦੁਆਰੇ ਤਕ ਸ਼ਰਧਾਲੁਆਂ ਨੂੰ ਬੇ ਰੋਕ ਟੋਕ ਜਾਣ ਦੇਣ ਲਈ ਦੋਵੇ ਸਰਕਾਰਾਂ ਰਾਜੀ ਹੋ ਗਈਆਂ ਹਨ। ਇਸ ਸਹੂਲੀਅਤ ਨੂੰ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸੰਦਰਭ ’ਚ ਇਕ ਵਡੀ ਪ੍ਰਾਪਤੀ ਵਜੋਂ ਪਰਚਾਰਿਆ ਜਾ ਰਿਹਾ ਹੈ। ਸਿਖ ਸੰਗਤਾਂ ਕਈ ਦਹਾਕਿਆਂ ਤੋਂ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ “ ਦੀ ਅਰਦਾਸ ਕਰਦਾ ਆ ਰਿਹਾ ਹੈ। ਕਰਤਾਰਪੁਰ ਜਾਣ ਦਾ ਮਾਰਗ ਖੁਲਨਾ ਬੇਸ਼ਕ ਇਸ ਅਰਦਾਸ ਦੇ ਮਦੇਨਜ਼ਰ ਇਕ ਮਹੱਤਵਪੂਰਨ ਪ੍ਰਾਪਤੀ ਹੈ। ਗੁਰ ਅਸਥਾਨਾਂ ਲਈ ਅਕਸਰ ਗੁਰੂ ਰਾਮਦਾਸ ਜੀ ਦੀ ਬਾਣੀ ਦਾ ਹਵਾਲਾ ਦਿਤਾ ਜਾਂਦਾ ਹੈ ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ“। ਪਰ ਦਰਅਸਲ ਜ਼ਿਆਦਾ ਲੋੜ ਮਨ ਨੂੰ ਕਰਤਾਰ ਨਾਲ ਜੋੜਨ ਵਾਲੇ ਲੰਘੇ ਨੂੰ ਤਿਆਰ ਕਰਨ ਤੇ ਸੁਰਜੀਤ ਕਰਨ ਦੀ। ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਸੌੰਪ ਕੇ ਸਿਖ ਕੌਮ ਨੂੰ ਸਦੀਵੀ ਅਗੁਆਈ ਕਰਨ ਵਾਲੀ ਸਤਾ ਦੇ ਅਧੀਨ ਕਰ ਗਏ ਸਨ। ਗੁਰਸਿਖ ਲਈ ਤਾਂ ਗੁਰੂ ਦੀ ਸ਼ੋਭਾ ਗੁਰ ਸ਼ਬਦ ਅੰਦਰ ਹੈ “ ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ । ਭਾਈ ਗੁਰਦਾਸ ਜੀ ਨੇ ਵੀ ਗੁਰੂ ਕਾਲ ’ਚ ਹੀ ਇਸ ਦੇ ਸੰਕੇਤ ਦੇ ਦਿਤੇ ਸਨ“ ਗੁਰ ਮੂਰਤਿ ਗੁਰ ਸਬਦੁ ਹੈ ਸਾਧਸੰਗਤਿ ਵਿਚਿ ਪਰਗਟੀ ਆਇਆ। ਗੁਰੂ ਦਾ ਹੁਕਮ ਮੰਨਨ ਵਾਲਾ ਗੁਰਸਿਖ ਕੋਈ ਭਰਮ ਨਹੀਂ ਕਰਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਗੇ ਨਤਮਸਤਕ ਹੁੰਦਾ ਹੈ ਕਿਉਂਕਿ ਗੁਰ ਸ਼ਬਦ ਅੰਦਰ ਉਸ ਨੂੰ ਗੁਰੂ ਦੇ ਦਰਸ਼ਨ ਹੁੰਦੇ ਹਨ . ਜੇ ਗੁਰਸਿਖ ਗੁਰ ਸ਼ਬਦ ਅੰਦਰ ਪ੍ਰਤਖ ਗੁਰੂ ਤੇ ਹਰੀ ਦੀ ਸ਼ੋਭਾ ਵੇਖਦਾ ਹੈ ਤਾਂ ਕਰਤਾਰਪੁਰ ਲਾਂਘੇ ਲਈ ਜਾਹਰ ਕੀਤਾ ਜਾ ਰਿਹਾ ਭਾਰੀ ਜੋਸ਼ ਖਰੋਸ਼ ਕਿਤੇ ਕੌਮ ਦੀ ਸੋਚ ਅੰਦਰ ਆ ਰਹੀ ਭਟਕਣ ਵਲ ਤਾਂ ਇਸ਼ਾਰਾ ਨਹੀਂ ਕਰ ਰਿਹਾ। ਜਿਸ ਗੁਰ ਵਚਨ “ ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ “ ਦਾ ਵਾਰ ਵਾਰ ਹਵਾਲਾ ਦਿਤਾ ਜਾਂਦਾ ਹੈ, ਗੁਰੂ ਰਾਮਦਾਸ ਸਾਹਿਬ ਦਾ ਉਹ ਸ਼ਬਦ “ ਜਿਨ ਅੰਤਰਿ ਹਰਿ ਹਰਿ ਪ੍ਰੀਤਿ ਹੈ ਤੇ ਜਨ ਸੁਘੜ ਸਿਆਣੇ ਰਾਮਰਾਜੇ “ ਤੋਂ ਆਰੰਭ ਹੁੰਦਾ ਹੈ। ਗੁਰੂ ਸਾਹਿਬ ਮਨ ਅੰਦਰ ਵਸ ਰਹੇ ਪਰਮਾਤਮਾ ਨਾਲ ਪ੍ਰੀਤਿ ਲਈ ਪ੍ਰੇਰਨਾ ਕਰ ਰਹੇ ਹਨ। ਇਸ ਸ਼ਬਦ ਅੰਦਰ ਹੀ ਗੁਰੂ ਰਾਮਦਾਸ ਜੀ ਫੈਸਲਾ ਦਿੰਦੇ ਹਨ ਕਿ ਗੁਰੂ, ਪਰਮਾਤਮਾ ਨਾਲ ਮੇਲ ਦੀ ਗੁਰਸਿਖ ਦੀ ਅਰਦਾਸ ਤਾਂ ਹੀ ਪੂਰੀ ਹੁੰਦੀ ਹੈ ਜਦੋਂ ਉਹ ਨਾਮ ਧਿਆਉਂਦਾ ਹੈ “ ਗੁਰਸਿਖਾ ਕੀ ਘਾਲ ਥਾਇ ਪਈ ਜਿਨ ਹਰਿ ਨਾਮੁ ਧਿਆਵਾ। ਗੁਰਸਿਖ ਦਾ ਸਚਾ ਉਦਮ ਨਾਮ ਜਪਣਾ ਹੈ । ਗੁਰੂ ਨਾਨਕ ਸਾਹਿਬ ਨੇ ਗੁਰ ਸ਼ਬਦ ਮਨ ਅੰਦਰ ਧਾਰਨ ਕਰਨ ਤੇ ਗੁਰੂ ਹੁਕਮ ਅਨੁਸਾਰ ਜੀਵਨ ਜਿਉਣ ਲਈ ਵਚਨ ਕੀਤਾ “ ਹਿਰਦੈ ਸਬਦਿ ਸਦਾ ਭੈ ਰਚਿਆ ਗੁਰ ਕੀ ਕਾਰ ਕਮਾਵੈ “। ਇਹ ਵੀਚਾਰਨ ਦੀ ਲੋੜ ਹੈ ਕਿ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਜੋ ਉਦਮ ਕਰ ਰਹੇ ਹਾਂ ਕੀ ਉਹ ਗੁਰੂ ਹੁਕਮ ਅਨੁਸਾਰ ਹਨ। ਕਰਤਾਰਪੁਰ ਲਾਂਘਾ ਅਜਿਹਾ ਵਡਾ ਮੁਦਾ ਬਣਾ ਦਿਤਾ ਗਿਆ ਹੈ ਜਿਵੇਂ ਇਹ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਯਾਦਗਾਰ ਬਣਾ ਦੇਵੇਗਾ। ਭਾਰਤ ਹੀ ਨਹੀਂ ਪੂਰੇ ਵਿਸ਼ਵ ਵਿਚ ਸਿਖਾਂ ਨੂੰ ਅਦੁਤੀ ਖੁਸ਼ੀ ਦਾ ਅਹਿਸਾਸ ਕਰਾਉਣ ਦੇ ਸਾਰੇ ਜਤਨ ਹੋ ਰਹੇ ਹਨ।
ਸਿਖ ਕੌਮ ਅਜ ਕਈ ਗੰਭੀਰ ਚੁਨੌਤੀਆਂ ਦੇ ਦਰਪੇਸ਼ ਹੈ। ਇਹ ਚੁਨੌਤੀਆਂ ਗੁਰਸਿਖ ਦੀ ਨਿਜੀ ਰਹਿਣੀ ਤੇ ਪੰਥਕ ਰਹਿਣੀ ਦੁਹਾਂ ਦੇ ਮੁਤਲਕ ਹਨ। ਗੁਰਸਿਖ ਲਈ ਹੁਕਮ ਸੀ “ ਅੰਤਰਿ ਸਬਦੁ ਅਪਾਰਾ ਹਰਿ ਨਾਮੁ ਪਿਆਰਾ ਨਾਮੇ ਨਉ ਨਿਧਿ ਪਾਈ “। ਪਰ ਗੁਰਸਿਖ ਨੂੰ ਕੌਤਕ ਤੇ ਕਰਾਮਾਤਾਂ ਦੇ ਭਰਮਾਂ ‘ਚ ਪਾਇਆ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ , ਸ੍ਰੀ ਅੰਮ੍ਰਿਤਸਰ ਤੋਂ ਕਥਾ ਕਰਦਿਆਂ ਪੰਥ ਦੀ ਇਕ ਵਡੀ ਹਸਤੀ ਨੇ ਲਗਾਤਾਰ ਦੋ ਦਿਨ ਪੂਰਾ ਸਮਾਂ ਗੁਰੂ ਨਾਨਕ ਸਾਹਿਬ ਦੇ ਮਾਤਰ ਉਨ੍ਹਾਂ ਚਮਤਕਾਰਾਂ ਦਾ ਬਿਆਨ ਕੀਤਾ ਜੋ ਪੁਰਾਤਨ ਸਾਖੀਆਂ , ਬਹੀਆਂ ਵਿਚ ਮਿਲਦੇ ਹਨ ਜੋ ਬਹੁਤ ਬਾਅਦ ‘ਚ ਲਿਖੀਆਂ ਗਈਆਂ। ਕਰਾਮਾਤਾਂ ਦੀਆਂ ਸਾਖੀਆਂ ਨੂੰ ਪਿਛਲੇ ਚਾਰ – ਪੰਜ ਦਹਾਕਿਆਂ ‘ਚ ਪਰਚਾਰਕਾਂ , ਕਥਾ ਵਾਚਕਾਂ ਨੇ ਵਡੇ ਪਧਰ ਤੇ ਰਸ ਲੈ ਲੈ ਕੇ ਇੰਨਾ ਆਮ ਕਰ ਦਿਤਾ ਹੈ ਕਿ ਸਿਖੀ ਦਾ ਅਸਲ ਸਵਰੂਪ ਪਿਛੇ ਖਿਸਕਦਾ ਚਲਾ ਗਿਆ। ਇਕ ਗੁਰਸਿਖ ਅਗੇ ਸੰਕਟ ਹੈ ਕਿ ਉਹ ਸਾਖੀਆਂ ਤੇ ਭਰੋਸਾ ਕਰੇ ਜਾਂ ਗੁਰੂ ਸਾਹਿਬਾਨ ਦੇ ਸਮਕਾਲੀ ਭਾਈ ਗੁਰਦਾਸ ਜੀ ਤੇ ਜਿਨ੍ਹਾਂ ਸਿਧਾਂ ਨਾਲ ਗੁਰੂ ਨਾਨਕ ਸਾਹਿਬ ਦੀ ਚਰਚਾ ਦੁਰਾਨ ਕੀਤੇ ਗੁਰੂ ਨਾਨਕ ਸਾਹਿਬ ਦੇ ਵਚਨ ਦਰਜ ਕੀਤੇ ਕਿ “ ਬਾਝੋ ਸਚੇ ਨਾਮ ਦੇ ਹੋਰ ਕਰਾਮਾਤਿ ਅਸਾਂ ਤੇ ਨਾਹੀ“। ਗੁਰਦੁਆਰਿਆਂ ਅੰਦਰ ਅਜ ਸੰਸਾਰਕ ਲੋੜਾਂ ਦੀ ਪੂਰਤੀ ਲਈ ਅਰਦਾਸ ਕਰ ਕਿਸੇ ਕਰਾਮਾਤ ਦੀ ਆਸ ਰਖਨ ਵਾਲੀਆਂ ਦੀ ਬਹੁ ਗਿਣਤੀ ਹੈ। ਨਾਮ ਜਪ ਕੇ ਗੁਰੂ ਦ੍ਰਿਸ਼ਟੀ ਅਨੁਸਾਰ ਨੌ ਨਿਧਿਆਂ ਪ੍ਰਾਪਤ ਕਰਨ ਵਾਲੇ ਗੁਰਸਿਖ ਵਿਰਲੇ ਹੀ ਹੋਣਗੇ। ਸਿਖ ਪੰਥ ਨੂੰ ਹੌਲੇ ਹੌਲੇ ਵਿਪਰਵਾਦੀ ਧਰਮ ‘ਚ ਤਬਦੀਲ ਕਰ ਦੇਣ ਪਿਛੇ ਕੀ ਕੋਈ ਮਹੰਤੀ ਅਭਿਲਾਖਾ ਕੰਮ ਕਰ ਰਹੀ ਹੈ। ਇਸ ਬਾਰੇ ਗਹਿਰੀ ਪੜਤਾਲ ਦਾ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਤੋਂ ਸਟੀਕ ਸਮਾਂ ਹੋਰ ਕੀ ਹੋ ਸਕਦੇ। ਦੂਜੀ ਗੰਭੀਰ ਚੁਨੌਤੀ ਹੈ ਕਿ ਅਸੀਂ ਸਿਖ ਵੀ ਬਣੇ ਰਹਿਣਾ ਚਾਹੁੰਦੇ ਹਾਂ ਪਰ ਦਸਮ ਪਾਤਸ਼ਾਹ ਦਾ ਬਖਸ਼ਿਆ ਸਿਖੀ ਸਵਰੂਪ ਵੀ ਨਹੀਂ ਧਾਰਨ ਕਰਣਾ ਚਾਹੁੰਦੇ। ਗੁਰਸਿਖ ਦਾ ਨਾ ਤਾਂ ਮਨ ਗੁਰੂ ਅਨੁਸਾਰੀ ਹੈ ਨਾਂ ਤਨ ਗੁਰੂ ਹੁਕਮ ਅੰਦਰ ਹੈ । ਗੁਰਸਿਖੀ ਦੀ ਪਛਾਣ ਹੀ ਦਾਅ ਤੇ ਲਗੀ ਨਜਰ ਆ ਰਹੀ ਹੈ ਤੇ ਅਸੀਂ ਇਸ ਤੋਂ ਬੇਖਬਰ ਕਰਤਾਰਪੁਰ ਲਾਂਘੇ ਲਈ ਜਰੂਰਤ ਤੋਂ ਜਿਆਦਾ ਹੀ ਉਤਾਵਲੇ ਤੇ ਜਜਬਾਤੀ ਹੋ ਰਹੇ ਹਾਂ। ਮਨ ਤੇ ਤਨ ਦੁਹਾਂ ਦਾ ਗੁਰੂ ਹੁਕਮ ਅੰਦਰ ਨਾ ਹੋਣ ਦਾ ਹੀ ਨਤੀਜਾ ਸੀ ਕਿ ਕਰਤਾਰਪੁਰ ਲਾਂਘੇ ਦੇ ਸਵਾਲ ਤੇ ਆਪਸ ‘ਚ ਹੀ ਤਲਵਾਰਾਂ ਖਿਚੀਆਂ ਗਾਈਆਂ ਤੇ ਕੌਮ ਦੀ ਵੰਡ ਉਭਰ ਕੇ ਸਾਹਮਣੇ ਆਈ। ਗੁਰੂ ਨਾਨਕ ਸਾਹਿਬ ਦੇ ਨਾਂ ਤੇ ਵੀ ਇਕ ਹੋਣਾ ਮੁਸ਼ਕਿਲ ਹੋ ਜਾਂਦਾ ਹੈ ਤਾਂ ਕੀ ਸ਼ਰਧਾ ਤੇ ਕੀ ਭਾਵਨਾ।
ਗੁਰੂ ਨਾਨਕ ਸਾਹਿਬ ਨੇ ਗੁਰੂ ਨੂੰ ਪੂਰਨ ਸਮਰਪਤ ਪੰਥ ਚਲਾਇਆ ਸੀ “ ਗੁਰਮੁਖਿ ਪੰਥੁ ਚਲਾਇਓਨੁ ਸੁਖ ਸਾਗਰੁ ਬੇਅੰਤ ਅਮੇਉ “। ਗੁਰੂ ਦੇ ਹੁਕਮ ‘ਚ ਸੰਸਾਰ ਦੇ ਸਾਰੇ ਸੁਖ ਮਾਨਣ ਵਾਲੇ ਗੁਰੂ ਨਾਨਕ ਸਾਹਿਬ ਦੇ ਸਿਖ ਬਣੇ। ਅਜ ਉਹ ਸਿਖ ਪੰਥ ਕਿਸ ਦਿਸ਼ਾ ਵਲ ਵਧ ਰਿਹਾ ਹੈ। ਕੀ ਦੂਜੇ ਧਰਮ ਸਿਖ ਪੰਥ ਦੀ ਪ੍ਰੇਰਨਾ ਬਣਦੇ ਜਾ ਰਹੇ ਹਨ। ਹੋਰਨਾਂ ਧਰਮਾਂ ਵਾਂਗੂੰ ਹੀ ਕਰਾਮਾਤਾਂ ਨਾਲ ਸਾਰੇ ਦੁਖ ਦੂਰ ਕਰ ਦੇਣ ਵਾਲੇ , ਸਾਰੀਆਂ ਸੰਸਾਰਕ ਮੰਗਾਂ ਪੂਰੀਆਂ ਕਰ ਦੇਣ ਵਾਲੇ ਇਕ ਇਸ਼ਟ ਦੀ ਲੋੜ ਪੰਥ ਅੰਦਰ ਵੀ ਮਹਿਸੂਸ ਕੀਤੀ ਜਾ ਰਹੀ ਹੈ ਤਾਂ ਜੋ ਗੁਰਸਿਖ ਧਰਮ ਨਾਲ ਜੁੜੇ ਰਹਿ ਸਕਣ। ਸਿਖ ਪੰਥ ਅੰਦਰ ਵੀ ਪੁਜਾਰੀਆਂ ਦੀ ਇਕ ਜਮਾਤ ਤਿਆਰ ਹੁੰਦੀ ਜਾ ਰਹੀ ਹੈ ਜੋ ਗੁਰਸਿਖ ਨੂੰ ਵਾਹਿਗੁਰੂ ਤੇ ਪਰਮਾਤਮਾ ਨਾਲ ਜੋੜਨ ਦਾ ਕੰਮ ਕਰ ਸਕੇ। ਹੋਰਨਾਂ ਧਰਮਾਂ ਵਾਂਗੂੰ ਪੰਥ ਅੰਦਰ ਵੀ ਤੀਰਥਾਂ ਤੇ ਧਾਰਮਕ ਤਾਕਤਾਂ ਦੀ ਲੋੜ ਤੇ ਭੂਮਿਕਾ ਪੈਦਾ ਕੀਤੀ ਜਾ ਰਹੀ ਹੈ। ਸਿਖ ਪੰਥ ਦਾ ਤਾਂ ਮੁਢਲਾ ਸਿਧਾਂਤ ਸੀ “ ਸਚਿ ਸਬਦਿ ਆਰਾਧੀਐ ਅਗਮ ਅਗੋਚਰ ਅਲਖ ਅਭੇਉ “। ਪਰ ਇਹ ਸਾਰੇ ਜਤਨ ਤਾਂ ਗੁਰ ਸ਼ਬਦ ਤੋਂ ਦੂਰ ਕਰਨ ਵਾਲੇ ਹਨ। ਗੁਰੂ , ਗੁਰ ਸ਼ਬਦ ਤੇ ਗੁਰਸਿਖ ਵਿਚਕਾਰ ਮਹੰਤਵਾਦ , ਵਿਪਰਵਾਦ ਦੀ ਥਾਂ ਬਣਾਉਣ ਵਾਲੀਆਂ ਹਨ। ਗੁਰਸਿਖ ਲਈ ਗੁਰੂ ਨਾਨਕ ਸਾਹਿਬ ਦਾ ਹੁਕਮ ਸੀ ਕਿ ਧਰਮ ਤੇ ਪਰਮਾਤਮਾ ਦੇ ਮਾਰਗ ਤੇ ਚਲਣ ਲਈ ਗੁਰ ਸ਼ਬਦ ਦੀ ਹੀ ਟੇਕ ਸਹਾਈ ਹੈ , ਹੋਰ ਕਿਸੇ ਵੀ ਜੁਗਤ , ਤਾਕਤ , ਕਰਮ ਕਾਂਡ ਦੀ ਲੋੜ ਨਹੀਂ “ ਨਾਨਕੁ ਕਹੈ ਅਵਰੁ ਨਹੀ ਦੂਜਾ ਸਾਚ ਸਬਦਿ ਮਨੁ ਮਾਨਿਆ “। ਗੁਰਸਿਖ ਦੀ ਟੇਕ ਗੁਰਬਾਣੀ ਹੈ ਤੇ ਇਹੋ ਭਗਤੀ ਹੈ “ ਵਾਜਾ ਮਤਿ ਪਖਾਵਜੁ ਭਾਉ , ਹੋਇ ਅਨੰਦੁ ਸਦਾ ਮਨਿ ਚਾਉ , ਏਹਾ ਭਗਤਿ ਏਹੋ ਤਪ ਤਾਉ “। ਗੁਰੂ ਨਾਨਕ ਸਾਹਿਬ ਦੁਆਰਾ ਦਰਸਾਏ ਗਾਏ ਭਗਤੀ ਦੇ ਇਸ ਮਾਰਗ ਤੇ ਚਲਣ ਲਈ ਗੁਰ ਸ਼ਬਦ ਤੇ ਗੁਰਸਿਖ ਵਿਚਕਾਰ ਕਿਸੇ ਵੀ ਹੋਰ ਸ਼ਕਤੀ ਕੇਂਦਰ ਜਾਂ ਵਿਧਿ ਲਈ ਕੋਈ ਗੁੰਜਾਇਸ਼ ਨਹੀਂ ਬਚਦੀ . ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਦਾ ਮੌਕਾ ਇਸ ਗੁਰ ਹੁਕਮ ਤੇ ਦ੍ਰਿੜ੍ਹ ਹੋਣ ਦਾ ਹੈ ਨਾ ਕਿ ਕਰਤਾਰਪੁਰ ਲਾਂਘੇ ਜਿਹੇ ਸਵਾਲਾਂ ਤੇ ਭਰਮ ਪੈਦਾ ਕਰਨ ਦਾ। ਕਿਸੇ ਖਾਸ ਅਸਥਾਨ ਦਾ ਭਰਮ ਗੁਰੂ ਸਾਹਿਬਾਨ ਨੇ ਕਦੇ ਨਹੀਂ ਕੀਤਾ ਸੀ। ਗੁਰੂ ਸਾਹਿਬਾਨ ਦੀ ਚਰਨ ਛੋ ਪ੍ਰਾਪਤ ਅਸਥਾਨ , ਗੁਰੂ ਸਾਹਿਬਾਨ ਦੇ ਜੀਵਨ ਨਾਲ ਜੁੜੇ ਨਗਰ ਸਿਖ ਪੰਥ ਲਈ ਇਤਿਹਾਸਕ ਦ੍ਰਿਸ਼ਟੀ ਨਾਲ ਮਹਤਵਪੂਰਨ ਹੋ ਸਕਦੇ ਹਨ ਤੇ ਭਾਵਨਾਤਮਕ ਸੁਖ ਦੇ ਸਕਦੇ ਹਨ ਪਰ ਸਾਡੀ ਅਧਿਆਤਮਕ , ਧਾਰਮਕ ਟੇਕ ਨਹੀਂ ਹੋ ਸਕਦੇ। ਸਿਖ ਪੰਥ ਦੀ ਰਾਹ ਆਰੰਭ ਤੋਂ ਹੀ ਵਿਲਖਣ ਸੀ। ਹਰਿਦੁਆਰ ਅੰਦਰ ਜੇ ਸੈਂਕੜੇ ਲੋਗ ਪੂਰਬ ਦਿਸ਼ਾ ਵਲ ਜਲ ਅਰਪਨ ਕਰ ਰਹੇ ਸਨ ਤਾਂ ਗੁਰੂ ਨਾਨਕ ਸਾਹਿਬ ਪਛਮ ਵਲ ਖੜ੍ਹੇ ਹੋ ਗਏ। ਜਗੰਨਨਾਥਪੁਰੀ ਵਿਚ ਆਰਤੀ ਦੇ ਦੀਵੇ ਬਲਦੇ ਵੇਖ ਗੁਰੂ ਸਾਹਿਬ ਨੇ ਕੁਦਰਤ ਦੀ ਆਰਤੀ ਦੀ ਪਾਵਨ ਕਲਪਨਾ ਕੀਤੀ। ਇਹ ਬਿਲਕੁਲ ਜਰੂਰੀ ਨਹੀਂ ਕਿ ਜੋ ਬਾਕੀ ਧਰਮਾਂ ਦੀ ਪਛਾਣ ਤੇ ਪ੍ਰਤੀਕ ਹਨ , ਸਿਖ ਪੰਥ ਵੀ ਉਹਨਾਂ ਪ੍ਰਤੀਕਾਂ ਨੂੰ ਧਾਰਨ ਕਰ ਆਪਣੀ ਹੋਂਦ ਸਾਬਤ ਕਰਨ ’ਚ ਸੁਖ ਹਾਸਲ ਕਰੇ। ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾਣਾ ਤਾਂ ਹੀ ਸਫਲ ਹੋਵੇਗਾ ਜੇ ਅਸੀਂ ਆਪਨੇ ਜੀਵਨ ਅੰਦਰ ਗੁਰ ਸ਼ਬਦ ਦੀ ਮਹੱਤਤਾ ਪਛਾਣ ਕੇ ਧਾਰਨ ਕਰੀਏ ਤੇ ਸਿਖ ਪੰਥ ਨੂੰ ਉਹਨਾਂ ਕੁਰੀਤੀਆਂ , ਉਨਤਾਈਆਂ ਤੋਂ ਮੁਕਤ ਕਰੀਏ ਜਿੰਨਾ ਤੋਂ ਗੁਰੂ ਸਾਹਿਬਾਨ ਨੇ ਸਦਾ ਸੁਚੇਤ ਕੀਤਾ।