ਪੰਜਾਬੀ ਫ਼ਿਲਮ ਜਗਤ ’ਚ੍ਹ ਅਦਾਕਾਰ ਜ਼ਨਾਬ ਗੁੱਗੂ ਕਿਸੇ ਰਸਮੀ ਜਾਣ ਪਹਿਚਾਣ ਦਾ ਮੁਥਾਜ਼ ਨਹੀ ਹੈ। ਪੁਰਾਣੀਆਂ ਪੰਜਾਬੀ ਫ਼ਿਲਮਾਂ ਵਿੱਚ ਉਸਦਾ ਹਰ ਨਿਭਾਇਆਂ ਹੋਇਆਂ ਕਿਰਦਾਰ ਅੱਜ਼ ਵੀ ਪੰਜਾਬੀਆਂ ਦੇ ਦਿਲਾਂ ਵਿੱਚ ਧੜਕਦਾ ਹੈ। ਉਸਦੀ ਉਹ ਗੜਕਦੀ ਆਵਾਜ਼, ਉਸਦਾ ਜਬਰਦਸਤ ਕਰੈਕਟਰ ਨੂੰ ਨਿਭਾਉਣ ਦਾ ਤਰੀਕਾ ਸਭ ਤੋ ਵੱਖਰਾ ਤੇ ਨਿਰਾਲਾ ਹੁੰਦਾ ਸੀ ਤੇ ਹਰ ਕਿਰਦਾਰ ਹਰ ਸਰੋਤੇ ਦੇ ਦਿਲ ਤੇ ਅਹਿਮ ਛਾਪ ਛੱਡਦਾ ਰਿਹਾ। ਪੁਰਾਣਾ ਸਿਨੇਮਾਂ ਹੋਵੇ ਭਾਵੇ ਨਵਾਂ ਸਿਨੇਮਾਂ ਅੱਜ ਵੀ ਗੁੱਗੂ ਗਿੱਲ ਦਾ ਆਪਣਾ ਇੱਕ ਵੱਖਰਾ ਸਿਰਜਿਆਂ ਹੋਇਆਂ ਮੁਕਾਮ ਹੈ। ਭਾਵੇ ਉਹਨਾ ਨੇ ਅੱਜ ਤੱਕ ਕਈ ਹੀ ਪੰਜਾਬੀ ਫ਼ਿਲਮਾਂ ਜਿਵੇ ਬਦਲਾ ਜੱਟੀ ਦਾ, ਜੱਟ ਜਿਊਣਾਂ ਮੌੜ, ਮਿਰਜ਼ਾ ਜੱਟ, ਦਿਲ ਦਾ ਮਾਮਲਾ , ਜੱਟ ਤੇ ਜਮੀਨ , ਪੁੱਤ ਜੱਟਾਂ ਦੇ, ਵੈਰੀ , ਕੁਰਬਾਨੀ ਜੱਟ ਦੀ, ਲਲਕਾਰਾ ਜੱਟੀ ਦਾ, ਸਿਕੰਦਰਾ , ਲਵ ਯੂ ਬੌਬੀ, ਮੇਰਾ ਪਿੰਡ ਮਾਈ ਹੋਮ, ਇੱਕ ਕੁੜੀ ਪੰਜਾਬ ਦੀ, ਅੱਜ਼ ਦੇ ਰਾਂਝੇ , ਸੈਵਨ ਸਟੂ ਪਿਡ, ਗੱਭਰੂ ਦੇਸ਼ ਪੰਜਾਬ ਦਾ, ਪੁੱਤ ਸਰਦਾਰਾ ਦੇ ਕੀਤੀਆਂ ਤੇ ਇੰਨ੍ਹਾ ਫ਼ਿਲਮਾਂ ਵਿੱਚ ਕਈ ਤਰਾਂ ਦੇ ਕਿਰਦਾਰ ਵੀ ਪਲੈਅ ਕੀਤੇ । ਪਰ ਫ਼ਿਰ ਵੀ ਉਹ ਯੋਧੇ ਸੂਰਵੀਰਾਂ ਦੇ ਕਿਰਦਾਰ ਨਿਭਾਉਣ ਦੀ ਦਿਲੀ ਇੱਛਾਂ ਰੱਖਦੇ ਹਨ। ਖਾਸ ਤੋਰ ਤੇ ਯੋਗਰਾਜ ਜੀ ਨਾਲ ਫ਼ਿਰ ਤੋ ਇਕੱਠੇ ਕੰਮ ਕਰਨ ਨੂੰ ਲੋਚਦੇ ਹਨ। ਤੇ ਆਉ ਉਨ੍ਹਾਂ ਨਾਲ ਹੋਈਆ ਕੁੱਝ ਦਿਲ ਦੀਆਂ ਗੱਲਾ ਸਾਝੀਆਂ ਤੁਹਾਡੇ ਰੁੱਬਰੂ..
ਪ੍ਰ : ਸਭ ਤੋ ਪਹਿਲਾ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਬਾਰੇ ਦੱਸੋ।
ਉ : ਆਉਣ ਵਾਲੀਆਂ ਫ਼ਿਲਮਾਂ ਵਿੱਚੋ ਕਾਲਜੀਏਟ, ਦਿਲੀ 1984 , ਨੌ ਦੋ ਗਿਆਰਾਂ , ਜੱਟ ਤੇ ਜਮੀਨ ਤੇ ਬਦਲਾ ਜੱਟੀ ਦਾ, ਇਹ ਦੋਨੇ ਪੁਰਾਣੀਆਂ ਫ਼ਿਲਮਾਂ ਜੋ ਫ਼ਿਰ ਦੁਬਾਰਾ ਬਣ ਰਹੀਆਂ ਹਨ। ਨਵੀ ਤਕਨੀਕ ਨਾਲ ਨਵੇ ਤਜ਼ਰਬਿਆਂ ਨਾਲ ।
ਪ੍ਰ : ਦਿਲੀ 1984 ਵਿੱਚ ਕੀ ਕਿਰਦਾਰ ਨਿਭਾ ਰਹੇ ਹੋ।
ਉ : ਇਸ ਫ਼ਿਲਮ ਵਿੱਚ ਮੇਰਾ ਬੜਾ ਖੂਬਸੂਰਤ ਜਿਹਾ ਕਿਰਦਾਰ ਹੈ । ਮੈ ਇੱਕ ਟਰੱਕ ਡਰਾਇਵਰ ਦਾ ਰੋਲ ਪਲੈਅ ਕਰ ਰਿਹਾ। ਜੋ ਕੀ ਬਹੁਤ ਚੰਗਾ ਇਨਸਾਨ ਦਿਖਾਇਆਂ ਗਿਆਂ ਹੈ। ਜਿਸਨੂੰ ਸਾਰੇ ਲੋਕ ਬਹੁਤ ਪਿਆਰ ਕਰਦੇ ਹਨ ਤੇ ਉਹ ਵੀ ਲੋਕਾਂ ਨਾਲ ਹਰ ਸੁੱਖ ਦੁੱਖ ਸਾਝ੍ਹਾਂ ਕਰਦਾ ਤੇ ਉਨ੍ਹਾਂ ਦੀ ਹਰ ਮੱਦਦ ਲਈ ਹਰ ਵੇਲੇ ਯਤਨਸ਼ੀਲ ਰਹਿੰਦਾ ਹੈ ਤੇ ਲੋਕਾਂ ਦੇ ਹੱਕਾ ਲਈ ਲੜਦਾ ਹੈ ।
ਪ੍ਰ : ਕਿਸ ਥੀਮ ਤੇ ਅਧਾਰਤ ਹੈ ਇਹ ਫ਼ਿਲਮ ਦਿੱਲੀ 1984।
ਉ : ਇਸ ਫ਼ਿਲਮ ਦੀ ਸਟੋਰੀ ਜਿਵੇ 1984 ਵਿੱਚ ਜੋ ਵੀ ਹੋਇਆਂ ਸੀ । ਉਸ ਥੀਮ ਤੇ ਅਧਾਰਤ ਹੈ। ਉਹਦੋ ਦੇ ਲੋਕਾਂ ਦੇ ਪਿਆਰ ਮਹੁੱਬਤ ਵਿੱਚ ਫ਼ਰਕ ਪਾਉਣ ਦੀ ਕੁੱਝ ਅੰਨਸਰਾਂ ਨੇ ਬੜੀ ਕੋਸ਼ਿਸ਼ ਕੀਤੀ ਸੀ। ਪਰ ਉਹ ਉਨ੍ਹਾਂ ਲੋਕਾਂ ਦੇ ਦਿਲਾ ਵਿੱਚੋ ਪਿਆਰ , ਮਹੁੱਬਤ ਖਤਮ ਨਹੀ ਕਰ ਸਕੇ। ਜਿਆਦਾ ਇਹੀ ਦਿਖਾਇਆਂ ਗਿਆਂ। ਬਾਕੀ ਇੱਕ ਪਰਿਵਾਰ ਦੀ ਔਰਤ ਦਿਖਾਈ ਗਈ ਹੈ ਜੋ ਉਸ ਟਾਈਮ ਤੋ ਅੱਜ਼ ਤੱਕ ਇਨਸਾਫ਼ ਲਈ ਲੜ੍ਹ ਰਹੀ ਹੈ। ਪਰ ਉਸਨੂੰ ਅੱਜ ਤੱਕ ਇਨਸਾਫ਼ ਨਹੀ ਮਿਲਿਆਂ । ਇਹ ਫ਼ਿਲਮ ਹਰ ਇੱਕ ਨੂੰ ਆਪਸ ਵਿੱਚ ਪਿਆਰ ਮਹੁੱਬਤ ਲਈ ਪ੍ਰੇਰਦੀ ਹੈ।
ਪ੍ਰ : ਤੁਹਾਡੀ ਆਉਣ ਵਾਲੀ ਅਗਲੀ ਫ਼ਿਲਮ ‘ਕਾਲਜੀਏਟ’ ਅੱਜ ਦੀਆਂ ਫ਼ਿਲਮਾਂ ਤੋ ਵੱਖਰੀ ਸਟੋਰੀ ਤੇ ਅਧਾਰਤ ਹੈ ਉਸ ਫ਼ਿਲਮ ਬਾਰੇ ਕੀ ਕਹੋਗੇ।
ਉ : ਫ਼ਿਲਮ ‘ਕਾਲਜੀਏਟ’ ਜਿਵੇ ਦਿੱਲੀ ਦਾਮਨੀ ਰੇਪ ਕੇਸ ਹੋਇਆਂ ਸੀ। ਉਹੀ ਮੁੱਦਾ ਲੈ ਕੇ ਬਣਾਈ ਗਈ ਹੈ।। ਸਟੋਰੀ ਬਹੁਤ ਵਧੀਆਂ ਹੈਗੀ ਆਂ, ਸਮਾਜ ਨੂੰ ਕਈ ਮੈਸੇਜ ਦੇਵੇਗੀ । ਇਹ ਫਿਲਮ ਦੀ ਸਟੋਰੀ ਨਸ਼ਿਆਂ ਦੇ ਉਪੱਰ ਹੈਗੀ । ਕੀ ਕੁੱਝ ਹੋ ਰਿਹਾ ਪੰਜਾਬ ਵਿੱਚ ਪੰਜਾਬ ਦੇ ਲੋਕ ਨਸ਼ਿਆਂ ਵੱਲ ਜਾਂ ਰਹੇ ਨੇ, ਅਸਲ ਪੰਜਾਬ ਕਿੱਧਰ ਨੂੰ ਜਾਂ ਰਿਹਾ ਬਸ ਇਹੀ ਦਿਖਾਉਣ ਦੀ ਕੌਸ਼ਿਸ਼ ਕੀਤੀ ਗਈ ਹੈ। ਇਹ ਇੱਕ ਉਸਾਰੂ ਅਤੇ ਸਮਾਜ ਨੂੰ ਨਰੋਅ ਸੁਨੇਹਾ ਦੇਣ ਵਾਲੀ ਫਿਲਮ ਹੈ । ਔਰਤਾਂ ਉੱਪਰ ਜਿਸਮਾਨੀ ਜੁਲਮ ਹੋ ਰਹੇ ਹਨ, ਸਾਡਾ ਸ਼ਿਸ਼ਟਮ ਨਕਾਰਾ ਹੋ ਚੁੱਕਾ ਹੈ। ਇਹ ਸਾਰਾ ਫਿਲਮ ਰਾਹੀ ਦਿਖਾਇਆਂ ਗਿਆਂ ਹੈ । ਮੈ ਇਸ ਫ਼ਿਲਮ ਵਿੱਚ ਐਸ.ਐਸ. ਪੀ ਦਾ ਕਿਰਦਾਰ ਨਿਭਾ ਰਿਹਾ।
ਪ੍ਰ : ਤੁਹਾਡੀ ਪਹਿਲੀ ਤੇ ਪੁਰਾਣੀ ਫ਼ਿਲਮ ‘ਜੱਟ ਤੇ ਜਮੀਨ’ ਫ਼ਿਰ ਦੁਬਾਰਾ ਬਣ ਰਹੀ ਹੈ। ਕਿੱਦਾ ਦਾ ਲੱਗ ਰਿਹਾ।
ਉ : ਬੜੀ ਖੁਸ਼ੀ ਦੀ ਗੱਲ ਹੈ ਕਿ ਪੁਰਾਣੀਆਂ ਫ਼ਿਲਮਾਂ ਫ਼ਿਰ ਤੋ ਦੁਬਾਰਾ ਬਣ ਰਹੀਆਂ ਹਨ। ਜਿਵੇ ਹੁਣ ‘ ਜੱਟ ਬੁਆਏ – ਪੁੱਤ ਜੱਟਾ ਦੇ ’ ਫ਼ਿਲਮ ਨੇ ਅਪਾਰ ਸਫ਼ਲਤਾ ਹਾਸਲ ਕੀਤੀ । ਖੁਸ਼ੀ ਹੁੰਦੀ ਦੁਬਾਰਾ ਪੰਜਾਬੀ ਸਿਨੇਮਾਂ ਆਪਣੇ ਪੈਰਾ ਤੇ ਖੜ੍ਹਾ ਹੋਇਆਂ ਤੇ ਪੁਰਾਣੀਆਂ ਪੰਜਾਬੀ ਫ਼ਿਲਮਾਂ ਫ਼ਿਰ ਤੋ ਬਣ ਰਹੀਆਂ ਹਨ। ਇਸ ਫ਼ਿਲਮ ਬਾਰੇ ਇਹੀ ਕਹੁੰਗਾ ਕਿ ਉਹੀ ਪੁਰਾਣੀ ਸਟੋਰੀ ਨੂੰ ਥੋੜਾ ਬਹੁਤ ਬਦਲਕੇ ਤੇ ਅੱਜ਼ ਦੇ ਦੌਰ ਦੀ ਬਣਾਈ ਜਾਂ ਰਹੀ ਹੈ ਤੇ ਹੋਰ ਵੀ ਚੰਗੇ ਤਰੀਕੇ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂ ਰਹੀ ਹੈ ।
ਪ੍ਰ : ਪਹਿਲੇ ਪੰਜਾਬੀ ਸਿਨੇਮੇ ਤੇ ਅੱਜ ਦੇ ਪੰਜਾਬੀ ਸਿਨੇਮੇ ਵਿੱਚ ਬਹੁਤ ਫ਼ਰਕ ਆਇਆਂ। ਦੋਰ ਵੀ ਬਦਲਿਆਂ ਕਿ ਕਹਿਣਾਂ ਚਾਹੋਗੇ ।
ਉ : ਇਹਦੇ ਬਾਰੇ ਇਹੀ ਕਹੁੰਗਾ ਕਿ ਅੱਛੀ ਕਹਾਣੀ ਤੇ ਕਿਸੇ ਵੀ ਦੋਰ ’ਚ੍ਹ ਫ਼ਿਲਮ ਬਣਦੀ ਹੈ। ਲੋਕ ਉਸਨੂੰ ਪਸੰਦ ਕਰਦੇ ਹਨ। ਅੱਜ ਕਾਰੋਬਾਰ ਜਿਆਦਾ ਹੋ ਚੁਕਿਆਂ ਕਿਉਕਿ ਇੰਨਵੈਸਟਮੈਟ ਜਿਆਦਾ ਹੋ ਗਈ ਤੇ ਟੈਕਨੀਕਲੀ ਰਿੰਚ ਹੋ ਗਈਆਂ ਪੰਜਾਬੀ ਫ਼ਿਲਮਾਂ । ਚੰਗੇ ਸਮਝਦਾਰ ਲੋਕ ਸਿਨੇਮੇ ਨਾਲ ਜੁੜੇ ਹਨ। ਜਦ ਅਸੀ ਸ਼ੁਰੂਆਤ ਕੀਤੀ ਸੀ ਤਾਂ ਉਹਦੋ ਅਨਜਾਨ ਜਿਹੇ ਲੋਕ ਹੁੰਦੇ ਸੀ । ਐਕਟਰ, ਡਾਇਰੈਕਟਰ, ਸਾਰੇ ਟੈਕਨੀਕਲ ਗਿਣਵੇ ਬੰਦੇ ਹੀ ਜਾਣੂ ਹੁੰਦੇ ਸੀ। ਇਸ ਚੀਜ਼ ਦਾ ਬਹੁਤ ਫ਼ਰਕ ਪਿਆਂ । ਬਾਕੀ ਹੋਰ ਉਮੀਦ ਰੱਖਦੇ ਆਂ ਆਉਣ ਵਾਲੇ ਸਮਂੇ ਵਿੱਚ ਪੰਜਾਬੀ ਸਿਨੇਮਾਂ ਜਿਸ ਤਰਾਂ ਤਰੱਕੀ ਕਰ ਰਿਹਾ ਹੋਰ ਵੱਧ ਤੋ ਵੱਧ ਤਰੱਕੀ ਕਰੇਗਾ।
ਪ੍ਰ : ਹੱਦੋ ਵੱਧ ਪੰਜਾਬੀ ਫ਼ਿਲਮਾਂ ਅੱਜ ਫ਼ਲੋਪ ਜਾਂ ਰਹੀਆਂ ਤੁਸੀ ਇਸ ਪਿੱਛੇ ਕੀ ਕਾਰਨ ਮੰਨਦੇ ਹੋ।
ਉ : ‘ਹੱਸਦੇ- ਹੋਏ’ ਜਿਹੜੀਆਂ ਲੋਕਾਂ ਨੂੰ ਨਹੀ ਪਸੰਦ ਆਉਦੀਆਂ ਉਹ ਨਹੀ ਚੱਲਦੀਆਂ ਭਾਈ । ਮੈ ਸਮਝਦਾਂ ਦੇਖੋ ਕੋਈ ਵੀ ਫ਼ਿਲਮ ਮੇਕਰ ਨਹੀ ਚਾੰਹੁਦਾ ਕਿ ਉਸਦੀ ਫ਼ਿਲਮ ਫ਼ਲੋਪ ਹੋਵੇ। ਕੋਸ਼ਿਸ਼ ਹਰ ਇੱਕ ਦੀ ਇਹੀ ਹੁੰਦੀ ਕਿ ਚੰਗੀ ਫ਼ਿਲਮ ਬਣਾਈ ਜਾਵੇ ਤੇ ਚੰਗੀ ਕਮਾਈ ਕਰੇ। ਪਿੱਛੇ ਜਿਹੇ ਦੌਰ ਆਇਆਂ ਸੀ ਜਦੋ ਕਾਮੇਡੀ ਵਾਲੀਆਂ ਫ਼ਿਲਮਾਂ ਆਈਆਂ ’ਤੇ ਹਿੱਟ ਵੀ ਰਹੀਆਂ । ਆਪਣੇ ਪੰਜਾਬ ਵਿੱਚ ਇਹ ਰਿਵਾਜ਼ ਹੈਗਾ ਕਿ ਜੋ ਹਿੱਟ ਹੋਇਆਂ । ਉਸੇ ਤਰਾਂ ਦੀਆਂ ਫ਼ਿਲਮਾਂ ਬਣਨੀਆਂ ਸ਼ੁਰੂ ਹੋਈਆਂ ’ਤੇ ਏਨੀਆਂ ਫ਼ਿਲਮਾਂ ਸ਼ੁਰੂ ਹੋ ਗਈਆਂ ’ਤੇ ਇੱਕੋ ਤਰਾਂ ਦੀਆਂ ਹੋ ਗਈਆਂ । ਲੋਕਾਂ ਨੂੰ ਨਹੀ ਪਸੰਦ ਆਈਆਂ । ਜਦੋ ਇੱਕ ਚੰਗੀ ਸਟੋਰੀ ’ਤੇ ਫ਼ਿਲਮ ਬਣਦੀ ਹੈ । ਬੇਸ਼ੱਕ ਉਹਦੇ ਵਿੱਚ ਕਾਮੇਡੀ, ਐਕਸ਼ਨ ਵੀ ਹੁੰਦਾ ਫ਼ਿਲਮ ਦੀ ਕਹਾਣੀ ਹੋਣੀ ਬਹੁਤ ਜਰੂਰੀ ਹੈ। ਪੰਜਾਬੀ ਸਿਨੇਮੇ ਨੂੰ ਲੋੜ ਹੈ। ਨਵੀਆਂ ਨਵੀਆਂ ਸਟੋਰੀਆਂ ’ਤੇ ਫ਼ਿਲਮ ਬਣਾਉਣ ਦੀ ’ਤੇ ਪੰਜਾਬ ਵਿੱਚ ਬਹੁਤ ਐਸੀਆਂ ਸਟੋਰੀਆਂ ਹੈਗੀਆਂ ਜੋ ਹਜੇ ਅਣਛੂਹੀਆਂ ਹਨ।
ਪ੍ਰ : ਤੁਸੀ ਬਹੁਤ ਸਾਰੀਆਂ ਫ਼ਿਲਮਾਂ ਕੀਤੀਆਂ ਬਹੁਤ ਤਰਾਂ ਦੇ ਕਿਰਦਾਰ ਨਿਭਾਏ ਫ਼ਿਰ ਵੀ ਕੋਈ ਐਸਾ ਕਿਰਦਾਰ ਹੈ ਜੋ ਦਿਲੋ ਕਰਨ ਦੀ ਇੱਛਾ ਹੋਵੇ।
ਉ : ਕਦੇ ਵੀ ਇੱਕ ਐਕਟਰ ਨੂੰ ਤਸੱਲੀ ਨਹੀ ਹੁੰਦੀ । ਜੇ ਆਪਾ ਗਿਣੀਏ ਤਾਂ ਮੇਰੀਆਂ ਸਾਰੀਆਂ ਫ਼ਿਲਮਾਂ ਵਿੱਚੋ ਮੈਨੂੰ ‘ਜੱਟ ਜਿਊਣਾਂ ਮੌੜ’ ਫ਼ਿਲਮ ਵਧੀਆਂ ਲਗਦੀ ਹੈ । ਕਿਉਕਿ ਲੋਕਾਂ ਨੂੰ ਬਹੁਤ ਪਸੰਦ ਆਈ। ਮੇਰੇ ਅੱਜ ਦੇ ਕੈਰੀਅਰ ਵਿੱਚੋ ਜਿਵੇ ਬਦਲਾ ਜੱਟੀ ਦਾ, ਜੱਟ ਤੇ ਜਮੀਨ, ਇੰਨਾਂ ਫ਼ਿਲਮਾਂ ਦੇ ਕਰੈਕਟਰ ਲੋਕਾਂ ਨੇ ਵੀ ਪਸੰਦ ਕੀਤੇ ’ਤੇ ਮੈਨੂੰ ਵੀ ਬੜੇ ਪਸੰਦ ਆਏ ’ਤੇ ਦਿਲੋ ਨਿਭਾਏ। ਆਉਣ ਵਾਲੇ ਸਮਂੇ ਵਿੱਚ ਕਦੇ ਮੌਕਾ ਮਿਲੇ ਤੇ ਸਰਦਾਰ ਹਰੀ ਸਿੰਘ ਨਲੂਆਂ, ਚੰਦਰ ਸ਼ੇਖਰ ਆਜ਼ਾਦ ’ਤੇ ਫ਼ਿਲਮ ਬਣੇ ਜਾਨੀਕੇ ਪੰਜਾਬ ਦੇ ਅਸਲੀ ਹੀਰੋ ਨੇ ਜੋ ਕਦੇ ਉਨ੍ਹਾਂ ’ਤੇ ਫਿਲਮ ਬਣੇ ’ਤੇ ਉਨ੍ਹਾਂ ਦੇ ਕਿਰਦਾਰ ਦਿਲੋ ਨਿਭਾਉਣ ਦੀ ਇੱਛਾਂ ਰੱਖਦਾ । ਜਿੰਨਾਂ ਵਿੱਚ ਅਸੀ ਆਉਣ ਵਾਲੀਆਂ ਨਸਲਾਂ ਨੂੰ ਕੋਈ ਸੇਂਧ ਦੇ ਸਕੀਏ।
ਪ੍ਰ : ਤੁਹਾਡੀ ਤੇ ਯੋਗਰਾਜ ਜੀ ਜੌੜੀ ਪੁਰਾਣੀਆਂ ਪੰਜਾਬੀ ਫ਼ਿਲਮਾਂ ਵਿੱਚ ਕਾਮਯਾਬ ਜੌੜੀ ਰਹੀ ਹੈ । ਹੁਣ ਨਵੇ ਪੰਜਾਬੀ ਸਿਨੇਮੇ ਵਿੱਚ ਇਸ ਜੌੜੀ ਨੂੰ ਇਕੱਠੇ ਵੇਖਣ ਦੀਆਂ ਘੜੀਆਂ ਕਦੋ ਖਤਮ ਹੋ ਰਹੀਆਂ ਹਨ।
ਉ : ਬਿਲਕੁੱਲ ਸਹੀ ਕਿਹਾ ਤੁਸੀ ਹੁਣ ਮੈਨੂੰ ’ਤੇ ਯੋਗਰਾਜ ਜੀ ਨੂੰ ਇਕੱਠੇ ਜਲਦ ਹੀ ਦੇਖੋਗੇ। ਮੇਰੀ ਬੜੀ ਦਿਲੀ ਇੱਛਾਂ ਵੀ ਹੈ ਕਿ ਅਸੀ ਹੁਣ ਇਕੱਠੇ ਪੰਜਾਬੀ ਫ਼ਿਲਮਾਂ ਕਰੀਏ। ਕਿਉਕਿ ਅਸੀ ਪਹਿਲਾ ਬਹੁਤ ਫ਼ਿਲਮਾਂ ਵਿੱਚ ਇਕੱਠੇ ਕੰਮ ਕੀਤਾ। ਬਹੁਤ ਵਧੀਆਂ ਐਕਟਰ ਨੇ ਯੋਗਰਾਜ ਜੀ ਬੜ੍ਹਾ ਆਨੰਦ ਆਉਦਾ ਉਨ੍ਹਾਂ ਨਾਲ ਕੰਮ ਕਰਕੇ ਸੋ ਇਹ ਇੰਤਜਾਰ ਦੀਆਂ ਘੜੀਆਂ ਮੈ ਵੀ ਕਹਿਣਾ ਕਿ ਜਲਦੀ ਹੀ ਖਤਮ ਹੋਣ ।
ਪ੍ਰ : ਆਖਰ ਵਿੱਚ ਕੀ ਕਹਿਣਾ ਚਾਹੋਗੇ।
ਉ : ਆਖਰ ਵਿੱਚ ਇਹੀ ਕਿ ਆਪਣੀ ਮਾਂ ਬੋਲੀ ਦਾ ਸਤਿਕਾਰ ਕਰੋ। ਆਪਣੀਆਂ ਜੜ੍ਹਾਂ ਨਾਲ ਹਮੇਸ਼ਾ ਜੂੜ ਕੇ ਰਹੋ । ਮਾਂ ਪਿਉ ਰੱਬ ਦਾ ਰੂਪ ਹੁੰਦੇ ਹਨ । ਉਨ੍ਹਾਂ ਦੀ ਵੱਧ ਤੋ ਵੱਧ ਇੱਜਤ ਕਰੋ। ਪੰਜਾਬੀ ’ਤੇ ਪੰਜਾਬੀਅਤ ਨਾਲ ਜੂੜੇ ਰਹੋ। ਨਸ਼ਿਆਂ ਤੋ ਪ੍ਰਹੇਜ਼ ਕਰੋ। ਪੰਜਾਬੀ ਉਹੀ ਆਂ ਜੋ ਆਪਣੀ ਮਾਂ ਬੋਲੀ ਆਪਣਾ ਪੰਜਾਬੀ ਪਹਿਰਾਵਾ ਪੰਜਾਬੀ ਅੰਦਾਜ਼ ਕਦੇ ਨਹੀ ਭੁੱਲਦਾ।
ਅਮਰਜੀਤ ਸੱਗੂ
ਤਲਵੰਡੀ ਜੱਲੇ ਖਾਂ, ਜ਼ੀਰਾ ਸੰਪਰਕ : 98881-08384