ਨਵੀਂ ਦਿੱਲੀ, 10 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਹਾਲ ਵਿੱਚ ਹੋਈਆਂ 5 ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦੇ ਨਤੀਜੇ ਮੰਗਲਵਾਰ ਨੂੰ ਐਲਾਨੇ ਜਾਣਗੇ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਚੋਣਾਂ ਵਿੱਚ ਭਾਜਪਾ ਨੂੰ ਵੱਡਾ ਝਟਕਾ ਲੱਗੇਗਾ। ਭਾਜਪਾ ਦੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਚੋਣਾਂ ਹਾਰਨ ਦੇ ਚਰਚੇ ਹਨ। ਭਾਜਪਾ ਦੇ ਮੁਕਾਬਲੇ ਕਾਂਗਰਸ ਦੀ ਸਥਿਤੀ ਮਜ਼ਬੂਤ ਦਿਖ ਰਹੀ ਹੈ। ਇਨ੍ਹਾਂ ਚੋਣਾਂ ਨੂੰ ਲੋਕ ਸਭਾ ਚੋਣਾਂ ਲਈ ਇੱਕ ਪ੍ਰੀਖਿਆ ਵਜੋਂ ਹੀ ਲਿਆ ਜਾ ਰਿਹਾ ਹੈ। ਕਾਂਗਰਸੀ ਹਲਕੇ ਚੋਣ ਨਤੀਜਿਆਂ ਲਈ ਕਾਫੀ ਉਤਸੁਕ ਹਨ। ਜੇਕਰ ਕਾਂਗਰਸ ਦਾ ਹੱਥ ਉਪਰ ਰਹਿੰਦਾ ਹੈ ਤਾਂ ਸ੍ਰੀ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਮੁਕਾਬਲੇ ਵੱਡੇ ਅਤੇ ਮਜ਼ਬੂਤ ਆਗੂ ਬਣ ਜਾਣਗੇ। ਛਤੀਸਗੜ੍ਹ ਰਾਜਸਥਾਨ ਮਧ ਪ੍ਰਦੇਸ਼, ਤੇਲੰਗਾਨਾ ਤੇ ਮਿਜ਼ੋਰਮ ਵਿਧਾਨ ਸਭਾਵਾਂ ਦੀ ਚੋਣ ਕਈ ਪੜਾਅ ਵਿੱਚ ਮੁਕੰਮਲ ਹੋਈ ਸੀ। ਪੰਜੇ ਰਾਜਾਂ ਵਿੱਚ ਮੁੱਖ ਮੁਕਾਬਲਾ ਕਾਂਗਰਸ ਅਤੇ ਭਾਜਪਾ ਦਰਮਿਆਨ ਮੰਨਿਆ ਜਾ ਰਿਹਾ ਹੈ। ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਭਾਜਪਾ ਮੁੜ ਸੱਤਾ ਹਾਸਿਲ ਕਰਨ ਲਈ ਲੜਾਈ ਲੜ ਰਹੀ ਹੈ। ਦੋਵੇਂ ਰਾਜਾਂ ਵਿੱਚ ਸਰਕਾਰ ਵਿਰੋਧੀ ਰੁਝਾਨ ਕਾਫੀ ਮਜ਼ਬੂਤ ਦਿਖ ਰਿਹਾ ਹੈ। ਲਗਭਗ ਸਾਰੇ ਹੀ ਸਰਵੇ ਭਾਜਪਾ ਨੂੰ ਹਰਾ ਰਹੇ ਹਨ। ਕਾਂਗਰਸ ਇਨ੍ਹਾਂ ਚੋਣ ਨਤੀਜਿਆਂ ਤੋਂ ਵੱਡੀਆਂ ਉਮੀਦਾਂ ਰੱਖ ਰਹੀ ਹੈ।