‘ਪੰਜਾਬ ਟੂਰਿਜ਼ਮ’ ਰਹੇਗਾ ਸਮਾਗਮ ਦਾ ਮੁੱਖ ਕੇਂਦਰ
ਚੰਡੀਗੜ੍ਹ, 29 ਨਵੰਬਰ- ਪੀ.ਐਚ.ਡੀ ਚੈਂਬਰ ਆਫ ਕਮਰਸ ਅਤੇ ਇੰਡਸਟਰੀ (ਪੀ.ਐਚ.ਡੀ.ਸੀ.ਸੀ.ਆਈ), ਚੰਡੀਗੜ੍ਹ ਵਲੋਂ ‘ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ-2018’ ਅੰਮ੍ਰਿਤਸਰ ਵਿਖੇ 6 ਤੋਂ 10 ਦਸੰਬਰ, 2018 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਸ੍ਰੀਮਤੀ ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ, ਉਦਯੋਗ ਤੇ ਵਣਜ ਵਿਭਾਗ, ਪੰਜਾਬ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਇਹ ਸਮਾਗਮ ਜਿੱਥੇ ਪੰਜਾਬ ਦੇ ਹੋਰਨਾਂ ਦੇਸ਼ਾਂ/ਸੂਬਿਆਂ ਨਾਲ ਆਰਥਿਕ ਅਤੇ ਸਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਸਹਾਈ ਸਿਧ ਹੋਵੇਗਾ, ਉਥੇ ਹੀ ਮੇਲ-ਜੋਲ ਵਧਾਉਣ, ਬ੍ਰਾਂਡ ਸਬੰਧੀ ਜਾਗਰੂਕਤਾ ਫੈਲਾਉਣ, ਭਾਈਵਾਲੀ ਸਥਾਪਤ ਕਰਨ, ਸੰਪਰਕ ਬਣਾਉਣ ਅਤੇ ਕਾਰੋਬਾਰਾਂ ਦੀ ਅਗਵਾਈ ਕਰਨ ਲਈ ਸਹਾਈ ਸਿੱਧ ਹੋਵੇਗਾ।ਉਨ੍ਹਾਂ ਦੱਸਿਆ ਕਿ ਜੰਮੂ ਅਤੇ ਕਸ਼ਮੀਰ, ਰਾਜਸਥਾਨ, ਉਤਰ-ਪੂਰਬੀ, ਹਿਮਾਚਲ ਪ੍ਰਦੇਸ਼ ਦੀਆਂ ਸੂਬਾ ਸਰਕਾਰਾਂ ਇਸ ਸਮਾਰੋਹ ਵਿੱਚ ਸ਼ਮੂਲੀਅਤ ਕਰਨਗੀਆਂ। ਉਨ੍ਹਾਂ ਹੋਰਨਾਂ ਸੂਬਿਆਂ ਦੇ ਨੁਮਾਇੰਦਿਆਂ ਦੇ ਸ਼ਾਮਲ ਹੋਣ ਦੀ ਉਮੀਦ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਸਮਾਗਮ ’ਚ ਕਪੜਾ ਮੰਤਰਾਲਾ, ਆਯੂਸ਼ ਮੰਤਰਾਲਾ, ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ ਵੀ ਪ੍ਰਤੀਨਿਧਤਾ ਕਰਨਗੇ। ਇਸ ਮੌਕੇ ਥਾਈਲੈਂਡ, ਤੁਰਕੀ, ਮਿਸਰ, ਅਫਗਾਨਿਸਤਾਨ, ਦਖਣੀ ਅਫਰੀਕਾ ਅਤੇ ਹੋਰ ਅੰਤਰਰਾਸ਼ਟਰੀ ਭਾਈਵਾਲਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸ੍ਰੀਮਤੀ ਮਹਾਜਨ ਨੇ ਅੰਮ੍ਰਿਤਸਰ ਨੂੰ ਬਰਾਮਦ ਲਈ ਇੱਕ ਕੇਂਦਰੀ ਸਥਾਨ ਵਜੋਂ ਸਥਾਪਿਤ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਮੌਕੇ ਕਰਵਾਏ ਜਾ ਰਹੇ ਸੈਮੀਨਾਰ ਮੌਕੇ ਮੁੱਖ ਫੋਕਸ ‘ਪੰਜਾਬ ਟੂਰਿਜ਼ਮ’ ਹੋਵੇਗਾ ਜਦਕਿ ਇਸ ਮੌਕੇ ‘ਮੈਡੀਕਲ ਟੂਰਿਜ਼ਮ’ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ-2017 ਦੇ 12ਵੇਂ ਸਲਾਨਾ ਅਡੀਸ਼ਨ ਦੀ ਵਡੀ ਸਫਲਤਾ ਤੋਂ ਬਾਅਦ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪੀ.ਐਚ.ਡੀ ਚੈਂਬਰ ਆਫ ਕਮਾਰਸ ਐਂਡ ਇੰਡਸਟਰੀ ਵਲੋਂ ਅੰਮ੍ਰਿਤਸਰ ਵਿਖੇ 6 ਤੋਂ 10 ਦਸੰਬਰ, 2018 ਨੂੰ 13ਵਾਂ ਸਲਾਨਾ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ‘ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ-2018’ (ਪੀਟੈਕਸ) ਪ੍ਰਦਰਸ਼ਕਾਂ ਅਤੇ ਭਾਗ ਲੈਣ ਵਾਲਿਆਂ ਪਖੋਂ ਉਤਰੀ ਭਾਰਤ ਦੀ ਸਭ ਤੋਂ ਵਡੀ ਪ੍ਰਦਰਸ਼ਨੀ ਹੈ। ਇਹ ਪੰਜਾਬ ਅਤੇ ਗੁਆਂਢੀ ਸੂਬਿਆਂ ਦੀਆਂ ਪ੍ਰਾਪਤੀਆਂ ਅਤੇ ਸਮਰਥਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਸਭ ਤੋਂ ਵਧੀਆ ਮੰਚ ਹੈ।



