ਅੰਮ੍ਰਿਤਸਰ, 28 ਮਾਰਚ (ਮਨਿੰਦਰ ਸਿੰਘ ਗੋਰੀ)-ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਐਲਾਨੇ ਜਾਣ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅੰਮ੍ਰਿਤਸਰ ਪੁੱਜਣ ’ਤੇ ਹਜ਼ਾਰਾਂ ਦੀ ਤਾਦਾਦ ਵਿੱਚ ਕਾਂਗਰਸੀ ਵਰਕਰਾਂ ਨੇ ਨਿੱਘਾ ਸਵਾਗਤ ਕੀਤਾ। ਸ੍ਰੀ ਦਰਬਾਰ ਸਾਹਿਬ ਦੇ ਬਾਹਰ ਕੁਝ ਨੌਜਵਾਨਾਂ ਨੇ ਕਾਲੀਆਂ ਝੰਡੀਆਂ ਵਿਖਾ ਕੇ ‘ਕੈਪਟਨ ਗੋ ਬੈਕ’ ਦੇ ਨਾਅਰੇ ਲਾਏ। ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ੍ਰੀ ਸੁਨੀਲ ਜਾਖੜ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਿਧਾਇਕਾਂ ਸਹਿਤ ਜਿਉਂ ਹੀ ਜੀ.ਟੀ.ਰੋਡ ਸਥਿਤ ਗੇਟ ਵੇਅ ਆਫ ਇੰਡੀਆ ਪੁੱਜੇ ਤਾਂ ਉਥੇ ਮੌਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੇ ਰਾਣਾ ਗੁਰਜੀਤ ਸਿੰਘ, ਗੁਰਜੀਤ
ਸਿੰਘ ਔਜਲਾ, ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਹਰਪ੍ਰਤਾਪ ਸਿੰਘ ਅਜਨਾਲਾ, ਓਮ ਪ੍ਰਕਾਸ਼ ਸੋਨੀ, ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਸੁਖਪਾਲ ਸਿੰਘ ਖਹਿਰਾ, ਇੰਦਰਜੀਤ ਸਿੰਘ ਬਾਸਰਕੇ, ਸਰਦੂਲ ਸਿੰਘ ਬੰਡਾਲਾ, ਨਵਦੀਪ ਗੋਲਡੀ, ਹਰਜਿੰਦਰ ਸਿੰਘ ਠੇਕੇਦਾਰ, ਜੁਗਲ ਕਿਸ਼ੋਰ, ਸੁਖਪਾਲ ਸਿੰਘ ਸਚਦੇਵਾ, ਚੰਦ ਸਿੰਘ ਗਿੱਲ, ਦਿਲਬਾਗ ਸਿੰਘ, ਨੰਬਰਦਾਰ ਮਾਨ ਸਿੰਘ, ਅੰਗਰੇਜ ਸਿੰਘ ਆਦਿ ਦੀ ਅਗਵਾਈ ਵਿੱਚ ਜੈਪਟਨ ਅਮਰਿੰਦਰ ਸਿਘ ਜਿੰਦਾਬਾਦ, ਆਲ ਇੰਡੀਆ ਕਾਂਗਰਸ ਪਾਰਟੀ ਜਿੰਦਾਬਾਦ ਦੇ ਅਕਾਸ਼ ਗੁੰਜਾਊ ਨਾਅਰੇ ਲਾ ਕੇ ਸਵਾਗਤ ਕੀਤਾ। ਇਥੋਂ ਹੀ ਕੈਪਟਨ ਅਮਰਿੰਦਰ ਸਿੰਘ ਇੱਕ ਜਲੂਸ ਦੀ ਸ਼ਕਲ ਵਿੱਚ ਐਲੀਵੇਟਡ ਰੋਡ, ਭੰਡਾਰੀ ਪੁਲ, ਹਾਲ ਗੇਟ, ਹਾਲ ਬਾਜ਼ਾਰ, ਕੋਤਵਾਲੀ ਚੌਕ, ਧਰਮ ਸਿੰਘ ਮਾਰਕੀਟ ਹੁੰਦੇ ਹੋਏ ਸ੍ਰੀ ਦਰਬਾਰ ਸਾਹਿਬ ਪੁੱਜੇ। ਸਮੁਚੇ ਰਸਤੇ ਵਿੱਚ ਉੇਨ੍ਹਾਂ ਦਾ ਪਾਰਟੀ ਵਰਕਰਾਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਕੈਪਟਨ ਆਮ ਸੰਗਤ ਦੇ ਨਾਲ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਗਏੇ,ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾਈ ਤੇ ਕੁਝ ਸਮੇਂ ਲਈ ਕੀਰਤਨ ਸਰਵਣ ਕੀਤਾ। ਉੇਹ ਆਪਣੇ ਸਾਥੀਆਂ ਸਹਿਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਅਰਦਾਸ ਕੀਤੀ।
ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਦੁਹਰਾਇਆ ਕਿ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉੱਪਰ ਹੋਏ ਹਮਲੇ ਲਈ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ, ਜਿਸ ਨੇ ਤੱਤਕਾਲੀਨ ਗ੍ਰਹਿ ਮੰਤਰੀ ਨਰਸਿੰਮਾ ਰਾਓ ਨਾਲ ਮੁਲਾਕਾਤ ਕਰਕੇ ਹਮਲੇ ਲਈ ਪ੍ਰਵਾਨਗੀ ਦਿੱਤੀ। ਕੈਪਟਨ ਨੇ ਕਿਹਾ ਕਿ ਭਾਜਪਾ ਦੀ ਫੌਜੀ ਹਮਲੇ ਵਿੱਚ ਸ਼ਮੂਲੀਅਤ ਤਾਂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਦੀ ਕਿਤਾਬ ਹੀ ਕਰ ਰਹੀ ਹੈ। ਉਨਾਂ ਕਿਹਾ ਕਿ ਆਰ. ਐੱਸ. ਐੱਸ. ਦੁਆਰਾ ਇੱਕ ਸਾਜਿਸ਼ ਤਹਿਤ ਸ੍ਰੀ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਤੋਂ ਚੋਣ ਲੜਾ ਕੇ ਬਲੀ ਦਾ ਬਕਰਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਤਲੀ ਤਾ ਪਹਿਲਾਂ ਹੀ ਗੁਜਰਾਤ ਤੋਂ ਰਾਜ ਸਭਾ ਮੈਂਬਰ ਹੈ।
ਇਸ ਤੋਂ ਪਹਿਲਾਂ ਜਿਉਂ ਹੀ ਕੈਪਟਨ ਅਮਰਿੰਦਰ ਸਿੰਘ ਘੰਟਾਘਰ ਵੱਲੋਂ ਨਵੇਂ ਬਣ ਰਹੇ ਪਲਾਜ਼ਾ ਪੁਜੇ ਤਾਂ ਜੋਈ 15-20 ਨੌਜਵਾਨਾਂ ਦਾ ਇੱਕ ਛੋਟਾ ਜਿਹਾ ਸਮੂਹ ਸ੍ਰੀ ਦਰਬਾਰ ਸਾਹਿਬ ਦੇ ਮੁਖ ਗੇਟ ਸਾਹਮਣੇ ਆ ਖੜੋਤਾ, ਵੇਖਦੇ ਵੇਖਦੇ ਹੀ ਕੈਪਟਨ ਗੋ ਬੈਕ ਵਾਲੇ ਫਲੈਕਸ ਖੋਲ੍ਹ ਦਿੱਤੇ ਗਏ ਤੇ ਕੈਪਟਨ ਦੇ ਨੇੜੇ ਆਉਂਦਿਆਂ ਹੀ ਕਾਲੀਆਂ ਝੰਡੀਆਂ ਹਿੱਲਣ ਲੱਗ ਪਈਆਂ। ਮੌਕੇ ਤੇ ਮੌਜੂਦ ਪੰਜਾਬ ਪੁਲਿਸ ਦੇ ਖੁਫੀਆ ਵਿਭਾਗ ਤੇ ਸਪੈਸ਼ਲ ਬ੍ਰਾਂਚ ਦੇ ਮੁਲਾਜ਼ਮਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਜਦਕਿ ਏੇ.ਸੀ.ਪੀ.ਮਨਵਿੰਦਰ ਸਿੰਘ ਨੇ ਨੌਜਵਾਨਾਂ ਦੇ ਇਸ ਸਮੂਹ ਨੂੰ ਰਾਹ ’ਚੋ ਂਪਿੱਛੇ ਕਰਕੇ ਅੱਗੇ ਵਰਦੀਧਾਰੀ ਪੁਲਿਸ ਮੁਲਾਜ਼ਮ ਲਗਾ ਦਿੱਤੇ। ਰਣਜੀਤ ਸਿੰਘ ਵੈਲਫੇਅਰ ਨਾਮੀ ਸੰਸਥਾ ਨਾਲ ਸਬੰਧਤ ਦੱਸੇ ਗਏ ਇਨ੍ਹਾਂ ਨੌਜਵਾਨਾਂ ਵਿੱਚ ਜ਼ਿਆਦਾਤਾਰ ਤਾਂ ਜੂਨ 84 ਦੇ ਹਮਲੇ ਬਾਰੇ ਹੀ ਅਨਜਾਣ ਸਨ ਜਦਕਿ ਮੁਖੀ ਵਜੋਂ ਸਾਹਮਣੇ ਆ ਰਹੇ ਵਿਅਕਤੀ ਆਪਣਾ ਨਾਮ ਦੱਸਣ ਤੋਂ ਹੀ ਗੁਰੇਜ ਕਰ ਗਏ।