ਬਰਨਾਲਾ, 28 ਮਾਰਚ (ਕੁਲਦੀਪ ਸੂਦ)-ਪੰਜਾਬ ਦੇ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸ. ਸੁਖਦੇਵ ਸਿੰਘ ਢੀਂਡਸਾ ਦੀ ਚੋਣ ਮੁਹਿੰਮ ਦਾ ਜ਼ੋਰਦਾਰ ਆਗਾਜ਼ ਕਰਦਿਆਂ ਕਿਹਾ ਕਿ ਕਾਂਗਰਸ ਨੂੰ ਸੱਤ੍ਹਾ ਤੋਂ ਲਾਹੁਣ ਲਈ ਸਮੁੱਚੇ ਦੇਸ਼ ਅੰਦਰ ਚੱਲ ਰਹੀ ਲਹਿਰ ਪੰਜਾਬ ਅੰਦਰ ਸਭ ਤੋਂ ਵੱਡੀ ਸਾਬਤ ਹੋਵੇਗੀ। ਦੇਸ਼ ਦੇ ਲੋਕ ਬਿਹਤਰ ਤੇ ਮਜ਼ਬੂਤ ਸ਼ਾਸਨ ਚਾਹੁੰਦੇ ਹਨ , ਜੋ ਕਾਂਗਰਸ ਕੋਲ ਨਹੀਂ ਹੈ। ਸ. ਸੁਖਬੀਰ ਸਿੰਘ ਬਾਦਲ ਅੱਜ ਇੱਥੇ ਮਹਿਲ ਕਲਾਂ ਵਿਖੇ ਸ. ਸੁਖਦੇਵ ਸਿੰਘ ਢੀਂਡਸਾ ਦੇ ਹੱਕ ਵਿਚ ਹੋਏ ਵਿਸ਼ਾਲ ਚੋਣ ਜਲਸੇ ਨੂੰ ਸੰਬੋਧਨ ਕਰ ਰਹੇ ਸਨ। ਕਾਂਗਰਸ ਪਾਰਟੀ ਨੂੰ ‘ਡੁੱਬਦਾ ਜ਼ਹਾਜ’ ਕਰਾਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸ ਦਾ ਸਿਆਸੀ ਸਫਰ ਖਤਮ ਹੋ ਗਿਆ ਹੈ। ਕਾਂਗਰਸ ਦੇ
ਆਗੂਆਂ ਨੇ 60 ਸਾਲਾਂ ਅੰਦਰ ਘੁਟਾਲਿਆਂ ਤੇ ਘਪਲਿਆਂ ਨੂੰ ਢੱਕਣ ਦੀ ਮੁਹਾਰਤ ਸਿੱਖੀ ਹੈ। ਕਾਂਗਰਸੀ ਵਿਕਾਸ ਦੀਆਂ ਮੀਟਿੰਗਾਂ ਨਹੀਂ ਕਰਦੇ ਸਗੋਂ ਦੇਸ਼ ਦੇ ਲੋਕਾਂ ਨੂੰ ਹਨ੍ਹੇਰੇ ਵਿੱਚ ਰੱਖਣ ਤੇ ਗੁੰਮਰਾਹ ਕਰਨ ਲਈ ਕਰਦੇ ਹਨ। ਕਾਂਗਰਸ ਨੇ ਬਹੁਤ ਸਾਰੇ ਫੈਸਲੇ ਜ਼ਮਹੂਰੀਅਤ ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਪਾਰਲੀਮੈਂਟ ਨੂੰ ਬਾਈਪਾਸ ਕਰਕੇ ਲੈ ਲਏ। ਕਾਂਗਰਸ ਦੇ ਦੁਰਪ੍ਰਬੰਧ ਨਾਲ ਲੋਕਾਂ ਨੂੰ ਭਾਰੀ ਔਕੜਾਂ ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਦੇ ਫਾਈਵ ਸਟਾਰ ਹੋਟਲਾਂ ਵਿਚ ਬਹਿਕੇ ਬਣਾਈਆਂ ਯੋਜਨਾਵਾਂ ਗਰੀਬ ਪੱਖੀ ਨਹੀਂ ਹੋ ਸਕਦੀਆਂ। ਪੁਰਾਣੇ ਨਿਯਮਾਂ ਨੂੰ ਬਦਲਣ ਦੀ ਲੋੜ ਹੈ। ਜਿਨ੍ਹਾਂ ਦੀ ਆਧੁਨਿਕ ਜ਼ਮਾਨੇ ਵਿਚ ਕੋਈ ਪ੍ਰਸੰਗਤਾ ਨਹੀਂ ਹੈ। ਸ. ਬਾਦਲ ਨੇ ਦੋਸ਼ ਲਾਉਂਦਿਆਂ ਕਿਹਾ ਕਿ ਜ਼ਮ੍ਹਾਖੋਰਾਂ ਨੂੰ ਹਮੇਸ਼ਾਂ ਕਾਂਗਰਸ ਦੀ ਸਰਪ੍ਰਸਤੀ ਰਹੀ ਹੈ। ਜਿਸ ਕਰਕੇ ਮਹਿੰਗਾਈ ਸਿੱਖਰਾਂ ਨੂੰ ਛੋਹ ਗਈ ਹੈ। ਜੇਕਰ ਦੇਸ਼ ਦੇ ਹੁਕਮਰਾਨ ਸੁਚੇਤ ਹੋਣ, ਸੁਹਿਰਦ ਹੋਣ ਤੇ ਦਿਆਨਤਦਾਰ ਹੋਣ ਤਾਂ ਮਹਿੰਗਾਈ ਰੁਕ ਸਕਦੀ ਹੈ। ਪੰਜਾਬ ਸਰਕਾਰ ਦੀਆਂ ਲੋਕਪੱਖੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕਈ ਮਹੱਤਵਪੂਰਨ ਲੋਕ ਪੱਖੀ ਯੋਜਨਾਵਾਂ ਸ. ਸੁਖਦੇਵ ਸਿੰਘ ਢੀਂਡਸਾ ਦੀ ਦੇਣ ਹਨ। ਉਨ੍ਹਾਂ ਕਿਹਾ ਕਿ ਐਨ.ਡੀ.ਏ ਦੀ ਸੱਤ੍ਹਾ ਸੰਭਾਲਣ ਮਗਰੋਂ ਪੰਜਾਬ ਨੂੰ ਵੱਡੇ ਪ੍ਰੋਜੈਕਟਾਂ ਦੇ ਗੱਫੇ ਮਿਲਣਗੇ। ਜਿਨ੍ਹਾਂ ਦਾ ਸਭ ਤੋਂ ਵੱਧ ਲਾਭ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਨੂੰ ਹੋਵੇਗਾ। ਉਨ੍ਹਾਂ ਪ੍ਰਗਤੀਸ਼ੀਲ ਸੰਮੇਲਨ ਨੂੰ ਵੱਡੀ ਪ੍ਰਾਪਤੀ ਦੱਸਦਿਆਂ ਕਿਹਾ ਕਿ ਇਸ ਨਾਲ ਵਿਕਾਸ ਦੇ ਨਵੇਂ ਰਾਹ ਖੁੱਲ੍ਹਣਗੇ ਤੇ ਨੌਜਵਾਨਾਂ ਨੂੰ ਆਪਣੇ ਇਲਾਕਿਆਂ ਅੰਦਰ ਨੌਕਰੀਆਂ ਮਿਲਣਗੀਆਂ।
ਸ. ਬਾਦਲ ਨੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੇ ਇੱਕਾ-ਦੁੱਕਾ ਸਾਥੀਆਂ ਵੱਲੋਂ ਕਾਂਗਰਸ ਦੀ ਹਮਾਇਤ ਦੇ ਐਲਾਨ ਨੂੰ ‘ਫ਼ੋਕਾ ਡਰਾਮਾ’ ਕਰਾਰ ਦੱਸਦਿਆਂ ਕਿਹਾ ਕਿ ਵੇਲਾ ਵਿਹਾ ਚੁੱਕੇ ਇਨ੍ਹਾਂ ਇਨ੍ਹਾਂ ਸੱਜਣਾਂ ਦਾ ਲੋਕਾਂ ਅੰਦਰ ਕੋਈ ਆਧਾਰ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ‘ਚੰਗਾ ਹੁੰਦਾ ਜੇ ਬਰਨਾਲਾ ਸਾਹਿਬ ਅਜਿਹੀ ਰਾਜਨੀਤੀ ਦਾ ਸੰਤਾਪ ਭੋਗਣ ਨਾਲੋਂ ਰਾਜਨੀਤੀ ਤੋਂ ਸੰਨਿਆਸ ਲੈ ਲੈਂਦੇ’। ਸ. ਬਾਦਲ ਨਵੀਂ ਪਾਰਟੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਸੇ ਵੀ ਪਾਰਟੀ ਨੂੰ ਆਪਣੀ ਪਹਿਚਾਣ ਤੇ ਦਿੱਖ ਬਣਾਉਣ ਲਈ ਲੰਮ੍ਹਾ ਸਮਾਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ, ਸ. ਸੁਖਦੇਵ ਸਿੰਘ ਢੀਂਡਸਾ ਤੇ ਹੋਰ ਅਹਿਮ ਸ਼ਖਸ਼ੀਅਤਾਂ ਦੇ ਯਤਨਾਂ ਸਦਕਾ ਸ਼੍ਰੋਮਣੀ ਅਕਾਲੀ ਦਲ ਦੀ ਅਜਿਹੀ ਲੋਕਪੱਖੀ ਦਿੱਖ ਬਣੀ ਹੈ, ਜਿਸ ਕਰਕੇ ਸਮਾਜ ਦਾ ਹਰ ਵਰਗ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਪਾਰਟੀ ਸਮਝਦਾ ਹੈ, ਤੇ ਮਾਣ ਮਹਿਸੂਸ ਕਰਦਾ ਹੈ। ਆਪ ਪਾਰਟੀ ਦੀ ਆਲੋਚਨਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕੁਝ ਦਿਨਾਂ ਵਾਲੀ ਪਾਰਟੀ ਦੇ ਆਗੂ ਅਣਜਾਣੇ ਬੰਦਿਆਂ ਵਾਂਗ ਵਿਵਹਾਰ ਕਰ ਰਹੇ ਹਨ। ਆਪ ਦੇ ਉਮੀਦਵਾਰ ਦੀ ਸਿਆਸੀ ਜਿੰਦਗੀ ਦੋ ਸਾਲ ਦੀ ਹੈ। ਜਿਸ ਨੇ ਦੋ ਪਾਰਟੀਆਂ ਬਦਲ ਲਈਆਂ ਹਨ। ਨਾ ਹੀ ਪਾਰਟੀ ਦੀ ਕੋਈ ਜੱਥੇਬੰਦਕ ਬਣਤਰ ਹੈ, ਨਾ ਕੋਈ ਅਸੂਲ, ਨਾ ਹੀ ਸਵਿੰਧਾਨ ਤੇ ਨਾ ਹੀ ਕੋਈ ਨਿਯਮ ਹਨ। ਇਸ ਤੋਂ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ, ਕਿ ਅਜਿਹੇ ਲੋਕ ਸਿਆਸਤ ਅੰਦਰ ਕੀ ਗੁਲ ਖਿਲਾਉਣਗੇ।
ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਭ੍ਰਿਸ਼ਟਾਚਾਰ, ਮਹਿੰਗਾਈ ਤੇ ਮਾੜੀ ਕਾਰਗੁਜ਼ਾਰੀ ਕਾਂਗਰਸ ਪਾਰਟੀ ਦੀ ਪਹਿਚਾਣ ਬਣ ਚੁੱਕੀ ਹੈ। ਸ. ਢੀਂਡਸਾ ਨੇ ਕਿਹਾ ਕਿ ਦੇਸ਼ ਨੂੰ ਇਸ ਸੰਕਟ ਵਿਚੋਂ ਕੱਢਣ ਤੇ ਲੋਕ ਪੱਖੀ ਨੀਤੀਆਂ ਬਣਾਉਣ ਲਈ ਅਕਾਲੀ-ਭਾਜਪਾ ਗਠਜੋੜ ਹੀ ਸਮਰੱਥ ਹੈ। ਉਨ੍ਹਾਂ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਦੇ ਵਿਕਾਸ ਦੀ ਚਰਚਾ ਕਰਦਿਆਂ ਕਿਹਾ ਕਿ ਇਨ੍ਹਾਂ ਜ਼ਿਲ੍ਹਿਆਂ ਅੰਦਰ 7 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਪ੍ਰੋਜੈਕਟ ਪ੍ਰਵਾਨ ਹੋਏ ਹਨ। ਇਨ੍ਹਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਇਨ੍ਹਾਂ ਜ਼ਿਲਿਆਂ ਦੀ ਕਾਇਆ-ਕਲਪ ਹੋ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸੰਤ ਬਲਵੀਰ ਸਿੰਘ ਘੁੰਨਸ ਮੁੱਖ ਸੰਸਦੀ ਸਕੱਤਰ, ਦਰਬਾਰਾ ਸਿੰਘ ਗੁਰੂ, ਰਜਿੰਦਰ ਸਿੰਘ ਕਾਂਝਲਾ, ਸੰਤ ਜਸਵੀਰ ਸਿੰਘ ਕਾਲਾਮਾਲਾ, ਪਰਮਜੀਤ ਸਿੰਘ ਖ਼ਾਲਸਾ, ਸੰਤ ਦਲਬਾਰਾ ਸਿੰਘ ਛੀਨੀਵਾਲ ਕਲਾਂ, ਅਜੈਬ ਕੌਰ ਭੋਤਨਾ (ਸਾਰੇ ਸ਼੍ਰੋਮਣੀ ਕਮੇਟੀ ਮੈਂਬਰ), ਕੈਬਨਿਟ ਮੰਤਰੀ ਗੋਬਿੰਦ ਸਿੰਘ ਕਾਂਝਾਲਾ, ਕੁਲਵੰਤ ਸਿੰਘ ਕੀਤੂ, ਐਡਵੋਕੇਟ ਰੁਪਿੰਦਰ ਸਿੰਘ ਸੰਧੂ, ਬਲਵੰਤ ਸਿੰਘ ਰਾਮੂਵਾਲੀਆ,ਅਜਮੇਰ ਸਿੰਘ ਲੱਖੋਵਾਲ, ਜਸਵਿੰਦਰ ਸਿੰਘ ਪੀ.ਏ. ਟੂ ਸ. ਢੀਂਡਸਾ, ਗੁਰਵਿੰਦਰ ਸਿੰਘ ਸੰਧੂ, ਦੀਪਕ ਕੁਮਾਰ ਕੱਟੂ, ਗੋਪਾਲ ਸਿੰਘ ਦਰਦੀ, ਇੰਦਰਪਾਲ ਸਿੰਘ ਦਿਓਲ, ਗੁਰਪ੍ਰੀਤ ਸਿੰਘ ਬਾਜਵਾ, ਰੂਬਲ ਗਿੱਲ ਕੈਨੇਡਾ, ਗੁਰਜਿੰਦਰ ਸਿੰਘ ਸਿੱਧੂ ਆਦਿ ਆਗੂ ਮੌਜੂਦ ਸਨ।