June 20, 2026 8:53 am

ਪੰਜਾਬ ’ਚ ਨਹੀਂ ਕੋਈ ਮੋਦੀ ਲਹਿਰ, ਫੇਲ੍ਹ ਹੋਈ ਸੁਖਬੀਰ ਦੀ ਯੋਜਨਾ : ਬਾਜਵਾ

image ਗੁਰਦਾਸਪੁਰ, 28 ਮਾਰਚ (ਅਵਤਾਰ ਸਿੰਘ ਬੋਪਾਰਾਏ, ਪਰਮਜੀਤ ਬਾਜਵਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਪੰਜਾਬ ’ਚ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਹੱਕ ’ਚ ਕੋਈ ਲਹਿਰ ਨਹੀਂ ਚੱਲ ਰਹੀ ਹੈ, ਜਦਕਿ ਅਕਾਲੀ ਭਾਜਪਾ ਗਠਜੋੜ ਵੱਲੋਂ ਆਪਣੇ ਪ੍ਰਦਰਸ਼ਨ ਦੀ ਗੱਲ ਕੀਤੇ ਬਗੈਰ ਮੋਦੀ ਦੇ ਨਾਂ ’ਤੇ ਵੋਟ ਮੰਗਣ ਨਾਲ ਪੰਜਾਬੀ ਸਮਾਜ ਦੇ ਵੱਖ ਵੱਖ ਵਰਗਾਂ ’ਚ ਸਵਾਲ ਖੜ੍ਹੇ ਹੋ ਗਏ ਹਨ। ਬਾਜਵਾ ਬਟਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਮਾਨ ਗਰੁੱਪ ਵੱਲੋਂ ਸੱਦੀ ਗਈ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਬਾਜਵਾ ਨੇ ਕਿਹਾ ਕਿ ਡਿਪਟੀ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਵੱਲੋਂ ਅਪਣਾਈ ਜਾ ਰਹੀ ਰਣਨੀਤੀ ਕਿਸੇ ਕੰਮ ਨਹੀਂ ਆਉਣ ਵਾਲੀ, ਜਿਨ੍ਹਾਂ ਨੂੰ ਵੋਟਾਂ

ਦੀ ਗਿਣਤੀ ਵਾਲੇ ਦਿਨ ਜ਼ੋਰਦਾਰ ਝਟਕਾ ਲੱਗੇਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਝਟਕਾ ਅਕਾਲੀ ਦਲ ਲਈ 1999 ਦੀਆਂ ਲੋਕ ਸਭਾ ਚੋਣਾਂ ਨਾਲੋਂ ਵੀ ਵੱਡਾ ਹੋਵੇਗਾ।ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਕਾਂਗਰਸੀ ਵਰਕਰ ਸੱਤਾ ਪੱਖ ਵੱਖ ਵੱਲੋਂ ਉਨ੍ਹਾਂ ਖਿਲਾਫ ਕੱਢੀ ਗਈ ਸਿਆਸੀ ਦੁਸ਼ਮਣੀ ਦਾ ਬਦਲਾ ਲੈਣਾ ਚਾਹੁੰਦੇ ਹਨ, ਜਿਨ੍ਹਾਂ ਅਕਾਲੀ ਗੁੰਡਿਆਂ ਨੇ ਆਮ ਕਾਂਗਰਸੀ ਵਰਕਰਾਂ ਨਾਲ ਵੀ ਜੰਮ੍ਹ ਕੇ ਧੱਕੇਸ਼ਾਹੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਗਠਜੋੜ ਸਰਕਾਰ ਦੇ ਆਗੂਆਂ ਵੱਲੋਂ ਮਚਾਈ ਗਈ ਕਾਲਾਬਾਜ਼ਾਰੀ ਤੋਂ ਦੁਖੀ ਹਨ। ਅਕਾਲੀ ਭਾਜਪਾ ਰਾਜ ’ਚ ਰੇਤ ਸੀਮੇਂਟ ਦੇ ਭਾਅ ਵਿੱਕ ਰਹੀ ਹੈ, ਸੱਤਾਧਾਰੀ ਆਗੂਆਂ ਦੀ ਸ਼ੈਅ ’ਤੇ ਫੈਲਾਈ ਜਾ ਰਹੀ ਨਸ਼ਾਖੋਰੀ ਨੌਜਵਾਨਾਂ ਦਾ ਭਵਿੱਖ ਬਰਬਾਦ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਪਠਾਨਕੋਟ ਤੋਂ ਲੈ ਕੇ ਬਠਿੰਡੇ ਤੱਕ ਹਰ ਕੋਈ ਇਸ ਤਾਨਾਸ਼ਾਹੀ, ਭ੍ਰਿਸ਼ਟ ਤੇ ਲੁਟੇਰੇ ਗਠਜੋੜ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ। ਇਸ ਲੜੀ ਹੇਠ ਸੂਬੇ ’ਚ ਗਠਜੋੜ ਸਰਕਾਰ ਖਿਲਾਫ ਲੋਕਾਂ ਦੇ ਭਾਰੀ ਰੋਸ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਯੋਗ ਅਗਵਾਈ ਵੱਲੋਂ ਲਏ ਗਏ ਫੈਸਲਿਆਂ ਨੇ ਹੋਰ ਧਾਰ ਦੇ ਕੇ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ-ਪੀ.ਪੀ.ਪੀ ਗਠਜੋੜ ਦੀ ਜਿੱਤ ਸੁਨਿਸ਼ਚਿਤ ਕਰ ਦਿੱਤੀ ਹੈ। ਕਾਂਗਰਸ ਹਾਈਕਮਾਂਡ ਵੱਲੋਂ ਇਸ ਨਿਰਣਾਂਇਕ ਲੜਾਈ ’ਚ ਸਾਰੇ ਪ੍ਰਮੁੱਖ ਹਥਿਆਰਾਂ ਦਾ ਇਸਤੇਮਾਲ ਕਰਨ ਦੀ ਰਣਨੀਤੀ ਨੇ ਸੁਖਬੀਰ ਨੂੰ ਕੰਬਣੇ ਲਾ ਦਿੱਤਾ ਹੈ, ਜਿਹੜੇ ਗਠਜੋੜ ਉਮੀਦਵਾਰਾਂ ਦੇ ਅਸਾਨੀ ਨਾਲ ਜਿੱਤਣ ਦੀ ਆਸਾਂ ਬੰਨ੍ਹੀ ਬੈਠੇ ਸਨ। ਬਾਜਵਾ ਨੇ ਸੁਖਬੀਰ ਵੱਲੋਂ ਕਾਂਗਰਸ ’ਤੇ ਸੂਬੇ ਦੇ ਗਰੀਬਾਂ ਨੂੰ ਰਿਆਇਤੀ ਰਾਸ਼ਨ ਦੀ ਵੰਡ ਦੇ ਰਸਤੇ ’ਚ ਰੋੜੇ ਅਟਕਾਉਣ ਸਬੰਧੀ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਹੈ ਕਿ ਪੰਜਾਬ ’ਚ ਹਰ ਕੋਈ ਜਾਣਦਾ ਹੈ ਕਿ ਪੰਜਾਬ ਸਰਕਾਰ ਦੀ ਵਿੱਤੀ ਮੰਦਹਾਲੀ ਕਾਰਨ ਕਈ ਵਾਰ ਰਿਆਇਤੀ ਅਨਾਜ ਦੀ ਵੰਡ ਪ੍ਰਣਾਲੀ ’ਚ ਰੁਕਾਵਟ ਆਈ ਹੈ। ਹੁਣ ਕੇਂਦਰ ਦੇ ਖੁਰਾਕ ਸੁਰੱਖਿਆ ਪ੍ਰੋਗਰਾਮ ਨੂੰ ਹਾਈਜੈਕ ਕਰਕੇ ਅਕਾਲੀ ਭਾਜਪਾ ਸਰਕਾਰ ਇਸਨੂੰ ਆਪਣੀ ਸਕੀਮ ਦੱਸ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਿਰਫ ਚੋਣ ਜਾਬਤੇ ਦੇ ਕੀਤੇ ਜਾ ਰਹੇ ਉ¦ਘਣਾਂ ਨੂੰ ਸਾਹਮਣੇ ਲਿਆ ਰਹੀ ਹੈ। ਇਸ ਸਕੀਮ ਦਾ ਛੋਟੇ ਸਿਆਸੀ ਹਿੱਤਾਂ ਲਈ ਇਸਤੇਮਾਲ ਕੀਤਾ ਜਾਣਾ ਪੂਰੀ ਤਰ੍ਹਾਂ ਗਲਤ ਹੈ।
ਬਾਜਵਾ ਨੇ ਕਿਹਾ ਕਿ ਇਸ ਸਕੀਮ ਹੇਠ ਵੀ ਲੋਕਾਂ ਨਾਲ ਪੱਖਪਾਤ ਕੀਤਾ ਗਿਆ ਹੈ। ਇਸ ਲੜੀ ਹੇਠ ਰਿਆਇਤੀ ਰਾਸ਼ਨ ਵਾਸਤੇ ਨੀਲੇ ਕਾਰਡ ਜ਼ਾਰੀ ਕਰਨ ਦੇ ਮਾਮਲੇ ’ਚ ਬਠਿੰਡਾ ਤੇ ਮੁਕਤਸਰ ਜਿਲ੍ਹਿਆਂ ਨੂੰ ਪਹਿਲ ਦਿੱਤੀ ਗਈ ਹੈ। ਜਿਨ੍ਹਾਂ ਖੇਤਰਾਂ ਨੂੰ ਬਾਦਲ ਪਰਿਵਾਰ ਆਪਣੀ ਜਗੀਰ ਸਮਝਦਾ ਹੈ ਅਤੇ ਬਾਦਲ ਆਪਣੇ ਘਰ ਦਾ ਭਲਾ ਕਰਨ ਨੂੰ ਹੀ ਪਹਿਲ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਹੈਰਾਨੀਜਨਕ ਕੋਈ ਹੋਰ ਸੱਚ ਨਹੀਂ ਹੋਵੇਗਾ ਕਿ ਬਠਿੰਡਾ ਜ਼ਿਲ੍ਹੇ ’ਚ 98341 ਤੇ ਮੁਕਤਸਰ ਵਰਗੇ ਛੋਟੇ ਜਿਹੇ ਜ਼ਿਲ੍ਹੇ ’ਚ 40075 ਨੀਲੇ ਕਾਰਡ ਜ਼ਾਰੀ ਕੀਤੇ ਗਏ ਹਨ। ਜਦਕਿ ਗੁਰਦਾਸਪੁਰ ’ਚ ਸਿਰਫ 18 ਨੀਲੇ ਕਾਰਡ ਜ਼ਾਰੀ ਹੋਏ ਹਨ ਤੇ ਤਰਨਤਾਰਨ ਅਤੇ ਫਿਰੋਜ਼ਪੁਰ ਤਾਂ ਇਸ ਮਾਮਲੇ ’ਚ ਸਿਫਰ ਹੀ ਹਨ। ਇਹ ਸੱਚਾਈ ਸੁਖਬੀਰ ਵੱਲੋਂ ਗਰੀਬਾਂ ਲਈ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਹੈ। ਉਨ੍ਹਾਂ ਨੇ ਅਕਾਲੀ ਦਲ ਨੂੰ ਭੁੱਖ ’ਤੇ ਸਿਆਸਤ ਨਾ ਕਰਨ ਦੀ ਸਲਾਹ ਦਿੱਤੀ ਹੈ। ਇਸ ਮੌਕੇ ਬਾਜਵਾ ਨਾਲ ਹੋਰਨਾਂ ਤੋਂ ਇਲਾਵਾ ਸਾਬਕਾ ਐਮ.ਪੀ ਤੇ ਕੌਮੀ ਪ੍ਰਧਾਨ ਭੁਪਿੰਦਰ ਸਿੰਘ ਮਾਨ, ਜਨਰਲ ਸਕੱਤਰ ਗੁਰਬਚਨ ਸਿੰਘ ਬਾਜਵਾ, ਸੁਖਵਿੰਦਰ ਸਿੰਘ ਕਾਹਲੋਂ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਕੇਵਲ ਸਿੰਘ ਜ਼ਿਲ੍ਹਾ ਪ੍ਰਧਾਨ ਪਠਾਨਕੋਟ ਤੇ ਭਾਰਤੀ ਕਿਸਾਨ ਯੂਨੀਅਨ ਮਾਨ ਦੇ ਮੈਂਬਰ ਵੀ ਮੌਜ਼ੂਦ ਰਹੇ। ਭਾਰਤੀ ਕਿਸਾਨ ਯੂਨੀਅਨ ਮਾਨ ਗਰੁੱਪ ਨੇ ਲੋਕ ਸਭਾ ਚੋਣਾਂ ਦੌਰਾਨ ਬਾਜਵਾ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ।