June 24, 2026 5:42 pm

ਬਾਬਾ ਨਿਧਾਨ ਸਿੰਘ ਲੰਗਰਾਂ ਵਾਲਿਆਂ ਦੇ ਜਨਮ ਦਿਵਸ ਮੌਕੇ ਕੈਲੰਡਰ ਜਾਰੀ

image ਲੁਧਿਆਣਾ, 26 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸੇਵਾ ਤੇ ਭਗਤੀ ਦੇ ਪੁੰਜ ਬਾਬਾ ਨਿਧਾਨ ਸਿੰਘ ਲੰਗਰਾਂ ਵਾਲੇ ਸਮੁੱਚੀ ਕੌਮ ਦੇ ਲਈ ਇੱਕ ਪ੍ਰੇਰਨਾ ਦਾ ਸ੍ਰੋਤ ਸਨ ਜਿੰਨਾਂ ਨੇ ਗੁਰੂ ਸਾਹਿਬਾਨ ਵੱਲੋਂ ਚਲਾਈ ਗਈ ਲੰਗਰ ਤੇ ਪੰਗਤ ਦੀ ਪ੍ਰਥਾ ਨੂੰ ਬੜੀ ਨਿਸ਼ਕਾਮਤਾ ਤੇ ਸੁਹਿਰਦਤਾ ਦੇ ਨਾਲ ਚਲਾ ਕੇ ਸਮੁੱਚੀ ਲੋਕਾਈ ਨੂੰ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ । ਅੱਜ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਸਥਿਤ ਆਪਣੇ ਗ੍ਰਹਿ ਵਿਖੇ ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ (ਰਜਿ.) ਦੇ ਵੱਲੋਂ ਬਾਬਾ ਨਿਧਾਨ ਸਿੰਘ ਲੰਗਰਾਂ ਵਾਲਿਆਂ ਦੇ 132ਵੇਂ ਜਨਮ ਦਿਵਸ ਨੂੰ ਸਮਰਪਿਤ ਬਣਾਏ ਗਏ ਯਾਦਗਾਰੀ ਨਾਨਕਸ਼ਾਹੀ ਕੈਲੰਡਰ ਸੰਮਤ 546

(ਸਾਲ 2014-15) ਨੂੰ ਰਿਲੀਜ਼ ਕਰਦਿਆਂ ਹੋਇਆਂ ਜੱਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਬਾਬਾ ਨਿਧਾਨ ਸਿੰਘ ਜੀ ਵੱਲੋਂ ਸ਼੍ਰੀ ਹਜ਼ੂਰ ਸਾਹਿਬ ਵਿਖੇ ਗੁਰੂ ਸਾਹਿਬਾਂ ਦੇ ਥਾਪੜੇ ਸਦਕਾ ਆਰੰਭੀ ਗਈ ਲੰਗਰ ਦੀ ਸੇਵਾ ਮੌਜੂਦਾ ਸਮੇਂ ਅੰਦਰ ਇੱਕ ਵਿਸ਼ਾਲ ਆਕਾਰ ਲੈ ਚੁੱਕੀ ਹੈ ਜੋ ਸਮੁੱਚੇ ਸੰਸਾਰ ਤੋਂ ਆਉਣ ਵਾਲੇ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਆਪਣੇ ਵੱਲ ਆਕਰਸ਼ਿਤ ਕਰਦੀ ਹੈ । ਉਨ੍ਹਾਂ ਨੇ ਕਿਹਾ ਕਿ ਬਾਬਾ ਨਿਧਾਨ ਸਿੰਘ ਲੰਗਰਾਂ ਵਾਲਿਆਂ ਦੀ ਸੋਚ ਨੂੰ ਘਰ-ਘਰ ਪਹੁੰਚਾਉਣ ਦੇ ਮਨੋਰਥ ਨਾਲ ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ (ਰਜਿ.) ਦੇ ਵੱਲੋਂ ਬਾਬਾ ਨਿਧਾਨ ਸਿੰਘ ਜੀ ਨੂੰ ਸਮਰਪਿਤ ਪ੍ਰਕਾਸ਼ਿਤ ਕੀਤਾ ਗਿਆ ਯਾਦਗਾਰੀ ਨਾਨਕਸ਼ਾਹੀ ਕੈਲੰਡਰ ਸੰਮਤ 546 (ਸਾਲ 2014-15) ਮੌਜੂਦਾ ਸਮੇਂ ਦੀ ਨੌਜਵਾਨ ਪੀੜੀ ਤੇ ਬੱਚਿਆਂ ਦੇ ਲਈ ਪ੍ਰੇਰਨਾ ਦਾ ਸ੍ਰੋਤ ਸਾਬਤ ਹੋਵੇਗਾ । ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ, ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ (ਰਜਿ.) ਦੇ ਸਰਪ੍ਰਸਤ ਡਾ. ਪਰਮਜੀਤ ਸਿੰਘ ਸਰੋਆ (ਐਡੀਸ਼ਨ ਸੈਕਟਰੀ ਐਸ.ਜੀ.ਪੀ.ਸੀ), ਹਰਦਲਬੀਰ ਸਿੰਘ ਸ਼ਾਹ, ਅਵਤਾਰ ਸਿੰਘ, ਰਣਜੀਤ ਸਿੰਘ ਸਮੇਤ ਕਈ ਪ੍ਰਮੁੱਖ ਸਖਸ਼ੀਅਤਾਂ ਨੇ ਸਾਂਝੇ ਰੂਪ ਵਿੱਚ ਉਕਤ ਕੈਲੰਡਰ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਰਿਲੀਜ਼ ਕੀਤਾ।

Send this to a friend