ਬਟਾਲਾ, 13 ਨਵੰਬਰ (ਰਾਜੂ ਖਹਿਰਾ)- ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਅਗਾਮੀ ਵਿਧਾਨ ਸਭਾ ਇਜਲਾਸ ਦੌਰਾਨ ਸ੍ਰੀ ਹਰਗੋਬਿੰਦਪੁਰ ਦੇ ਨਾਮ ਨਾਲ ‘ਸਾਹਿਬ‘ ਲਗਾਉਣ ਲਈ ਵਿਧਾਨ ਸਭਾ ਵਿਚ ਇਕ ਵਿਸ਼ੇਸ਼ ਮਤਾ ਪੇਸ਼ ਕਰਨਗੇ। ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਸ੍ਰੀ ਹਰਗੋਬਿੰਦਪੁਰ ਉਹ ਪਵਿਤਰ ਨਗਰ ਹੈ ਜਿਸਨੂੰ ਗੁਰੂ ਸਾਹਿਬ ਵਲੋਂ ਵਸਾਇਆ ਗਿਆ ਹੈ ਅਤੇ ਇਸ ਸ਼ਹਿਰ ਦਾ ਨਾਮ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਨਾਮ ਉਪਰ ਹੈ। ਉਨਾਂ ਕਿਹਾ ਕਿ ਗੁਰੂ ਸਾਹਿਬ ਦੇ ਨਾਮ ਉਪਰ ਇਸ ਸ਼ਹਿਰ ਦਾ ਨਾਮ ਹੋਣ ਕਾਰਨ ਉਹ ਵਿਧਾਨ ਸਭਾ ਵਿਚ ਇਹ ਮਤਾ ਪੇਸ਼ ਕਰਨਗੇ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਹਰਗੋਬਿੰਦਪੁਰ ਦੇ ਨਾਮ ਨਾਲ ‘ਸਾਹਿਬ‘ ਲਗਾ ਕੇ ਇਸਨੂੰ ਸ੍ਰੀ ਹਰਗੋਬਿੰਦਪੁਰ ਸਾਹਿਬ ਕੀਤਾ ਜਾਵੇ। ਸ. ਲਾਡੀ ਨੇ ਕਿਹਾ ਕਿ ਉਨਾਂ ਨੂੰ ਇਹ ਪੂਰੀ ਉਮੀਦ ਹੈ ਕਿ ਵਿਧਾਨ ਸਭਾ ਵਿਚ ਇਹ ਮਤਾ ਸਰਬਸੰਮਤੀ ਨਾਲ ਪਾਸ ਹੋ ਜਾਵੇਗਾ।ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਉਨਾਂ ਵਲੋਂ ਸ੍ਰੀ ਹਰਗੋਬਿੰਦਪੁਰ ਦੇ ਵਿਕਾਸ ਵਲ ਵਿਸ਼ੇਸ਼ ਤਵਜੋ ਦਿਤੀ ਗਈ ਹੈ ਅਤੇ ਸ਼ਹਿਰ ਵਾਸੀਆਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਦੇਣ ਦੇ ਉਪਰਾਲੇ ਕੀਤੇ ਗਏ ਹਨ। ਉਨਾਂ ਕਿਹਾ ਕਿ ਸ਼ਹਿਰ ਦੀ ਧਾਰਮਿਕ ਅਤੇ ਇਤਿਹਾਸਕ ਮਹਤਤਾ ਨੂੰ ਮੁਖ ਰਖਦਿਆਂ ਇਥੇ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਗਿਆ ਹੈ।ਸ. ਲਾਡੀ ਨੇ ਕਿਹਾ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਦੀ ਧਾਰਮਿਕ ਵਿਰਾਸਤ ਬਹੁਤ ਅਮੀਰ ਹੈ ਅਤੇ ਹਲਕੇ ਦਾ ਨਾਮ ਜਿਥੇ ਸ੍ਰੀ ਹਰਗੋਬਿੰਦ ਸਾਹਿਬ ਦੇ ਨਾਮ ਉਪਰ ਹੈ ਉਥੇ ਹਲਕੇ ਦੇ ਪਿੰਡ ਅਚਲ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਧ-ਗੋਸ਼ਿਟ ਕਰਕੇ ਮਾਨਵਤਾ ਨੂੰ ਰਾਹ ਦਿਖਾਇਆ ਹੈ। ਇਸਦੇ ਨਾਲ ਹੀ ਅਚਲੇਸ਼ਵਰ ਧਾਮ ਵਿਖੇ ਭਗਵਾਨ ਸ਼ਿਵ ਜੀ ਮਹਾਂਰਾਜ ਅਤੇ 33 ਕਰੋੜ-ਦੇਵੀ ਦੇਵਤਿਆਂ ਦੀ ਆਮਦ ਮੰਨੀ ਜਾਂਦੀ ਹੈ। ਹਲਕੇ ਦੇ ਪਿੰਡ ਘੁਮਾਣ ਅਤੇ ਭਟੀਵਾਲ ਵਿਖੇ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਆਮਦ ਕਾਰਨ ਇਹ ਧਰਤੀ ਬਹੁਤ ਪਵਿਤਰ ਤੇ ਭਾਗਾਂ ਵਾਲੀ ਹੈ। ਸ. ਲਾਡੀ ਨੇ ਕਿਹਾ ਕਿ ਇਸ ਭਾਗਾਂ ਭਰੀ ਧਰਤੀ ਦੇ ਵਸਨੀਕਾਂ ਦੀ ਸੇਵਾ ਲਈ ਉਹ ਦਿਨ ਰਾਤ ਹਾਜ਼ਰ ਹਨ ਅਤੇ ਹਲਕੇ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛਡੀ ਜਾਵੇਗੀ।



