Skip to content
Independent perspectives. Global stories.
BREAKING

ਹਰਸਿਮਰਤ ਬਾਦਲ ਨੇ ਜਤਾਇਆ ਡਰ ‘ਪੰਜਾਬ ’ਚ ਪੈਦਾ ਹੋ ਰਿਹੈ ਅੱਤਵਾਦ’

Share this story

ਬਠਿੰਡਾ 13 ਨਵੰਬਰ (ਹਰਮਿੰਦਰ ਸਿੰਘ ਅਵਿਨਾਸ਼)- ਬਠਿੰਡਾ ਦੌਰੇ ਤੇ ਆਏ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਸਰਕਾਰ ਅਤੇ ਬਰਗਾੜੀ ਮੋਰਚੇ ਪ੍ਰਤੀ ਨਵਾਂ ਸਵਾਲ ਪੈਦਾ ਕਰਦੇ ਹੋਏ ਡਰ ਜਤਾ ਦਿੱਤਾ ਹੈ ਕਿ ਪੰਜਾਬ ਵਿੱਚ ਅੱਤਵਾਦ ਦਾ ਡਰ ਪੈਦਾ ਹੋ ਰਿਹਾ ਹੈ ਜਿਸ ਪਾਸੇ ਕੈਪਟਨ ਸਰਕਾਰ ਦਾ ਕੋਈ ਧਿਆਨ ਨਹੀਂ ਬਲਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਅਮਨ ਵਿਰੋਧੀ ਤਾਕਤਾਂ ਨੂੰ ਸ਼ਹਿ ਦੇ ਰਹੇ ਹਨ ਜਦੋਂ ਕਿ ਫੌਜ ਮੁਖੀ ਵੀ ਪੰਜਾਬ ਵਿੱਚ ਫੈਲ ਰਹੇ ਅੱਤਵਾਦ ਦੇ ਡਰ ਦਾ ਖਦਸ਼ਾ ਜਾਹਰ ਕਰ ਚੁੱਕੇ ਹਨ। ਹਰਸਿਮਰਤ ਬਾਦਲ ਨੇ ਕੇਂਦਰੀ ਮੰਤਰੀ ਅਨੰਤ ਕੁਮਾਰ ਦੇ ਅਚਾਨਕ ਦੇਹਾਂਤ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ ਅਤੇ ਆਪਣੇ ਦਿਓਰ ਤੇ ਬਾਦਲ ਪਰਿਵਾਰ ਦੇ ਸੱਜਰੇ ਸ਼ਰੀਕ ਖਜਾਨਾ ਮੰਤਰੀ ਮਨਪ੍ਰੀਤ ਬਾਦਲ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਖਜਾਨਾ ਭਰਨ ਦੇ ਵਾਅਦੇ ਕਰਨ ਵਾਲੇ ਮਨਪ੍ਰੀਤ ਬਾਦਲ ਨੇ ਪੰਜਾਬ ਨੂੰ ਆਰਥਿਕ ਪੱਖੋਂ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿੱਤਾ ਅਤੇ ਨਾ ਹੀ ਕੈਪਟਨ ਸਰਕਾਰ ਚੋਣਾਂ ਵੇਲੇ ਕੀਤੇ ਵਾਅਦਿਆਂ ਨੂੰ ਪੂਰਾ ਕਰ ਸਕੀ। ਉਹਨਾਂ ਦੋਸ਼ ਲਾਏ ਕਿ ਮਨਪ੍ਰੀਤ ਬਾਦਲ ਆਪਣੇ ਰਿਸ਼ਤੇਦਾਰ ਜੋਜੋ ਰਾਹੀਂ ਗੁੰਡਾ ਟੈਕਸ ਵਸੂਲ ਰਹੇ ਹਨ ਤੇ ਹੁਣ ਇਸ ਪਰਿਵਾਰ ਦੀ ਨਿਗਾਹ ਏਮਜ਼ ਹਸਪਤਾਲ ਦੇ ਨਿਰਮਾਣ ਦੇ ਟੈਂਡਰਾਂ ’ਤੇ ਹੈ। ਪਾਰਟੀ ਵਿੱਚੋਂ ਬਰਖਾਸਤ ਕੀਤੇ ਟਕਸਾਲੀ ਅਕਾਲੀਆਂ ਵੱਲੋਂ ਉਹਨਾ ਤੋਂ ਪਾਰਟੀ ਪ੍ਰਤੀ ਕੀਤੇ ਸੰਘਰਸ਼ ਦੀ ਜਵਾਬਦੇਹੀ ਕਰਨ ਦੇ ਪੁੱਛੇ ਸਵਾਲ ਤੇ ਬੋਲਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਜੋ ਲੀਡਰ ਪਾਰਟੀ ਦੇ ਨਹੀਂ ਬਣੇ ਉਹ ਆਮ ਲੋਕਾਂ ਦੇ ਕੀ ਬਨਣਗੇ ਤੇ ਹੁਣ ਉਹ ਜੋ ਮਰਜੀ ਕਹਿਣ ਪਾਰਟੀ ਨੂੰ ਕੋਈ ਨੁਕਸਾਨ ਨਹੀਂ। ਆਉਂਦੀਆਂ ਲੋਕ ਸਭਾ ਚੋਣਾ ਬਠਿੰਡਾ ਤੋਂ ਲੜਨ ਸਬੰਧੀ ਪੁੱਛੇ ਸਵਾਲ ਤੇ ਗੋਲਮੋਲ ਜਵਾਬ ਦਿੰਦਿਆ ਉਹਨਾਂ ਕਿਹਾ ਕਿ ਪਾਰਟੀ ਜਿੱਥੋਂ ਕਹੂ ਚੋਣ ਲੜਾਂਗੀ ਪਰ ਹਾਲੇ ਪਾਰਟੀ ਵੱਲੋਂ ਇਸ ਸਬੰਧੀ ਕੋਈ ਫੈਸਲਾ ਨਹੀਂ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਸੇਵਾਦਾਰ ਅਮਿਤ ਰਤਨ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਆਦਿ ਹਾਜ਼ਰ ਸਨ।

WRITTEN BY