ਸੁਲਤਾਨਪੁਰ ਲੋਧੀ, 31 ਅਕਤੂਬਰ (ਮਲਕੀਤ ਕੌਰ)-ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਮੈਨੇਜਰ ਭਾਈ ਜਰਨੈਲ ਸਿੰਘ ਤੇ ਹੈਡ ਗ੍ਰੰਥੀ ਗਿਆਨੀ ਸੁਰਜੀਤ ਸਿੰਘ ਸਭਰਾਅ ਦੀ ਦੇਖ ਰੇਖ ਹੇਠ ਸਿਖ ਕੌਮ ਦੇ ਸ਼ਹੀਦ ਸਤਵੰਤ ਸਿੰਘ , ਸ਼ਹੀਦ ਬੇਅੰਤ ਸਿੰਘ ਤੇ ਸ਼ਹੀਦ ਕੇਹਰ ਸਿੰਘ ਦੀ ਯਾਦ ਵਿਚ ਵਿਸ਼ਾਲ ਗੁਰਮਤਿ ਸਮਾਗਮ ਆਯੋਜਿਤ ਕੀਤਾ ਗਿਆ । ਇਸ ਸਮੇ ਸਿਖਾਂ ਦੇ ਮਹਾਨ ਸੂਰਬੀਰ ਯੋਧਿਆਂ ਦੀ ਯਾਦ ਵਿਚ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਉਪਰੰਤ ਗੁਰਬਾਣੀ ਦੀ ਲੜੀਵਾਰ ਕਥਾ ਵਿਦਵਾਨ ਕਥਾ ਵਾਚਕ ਭਾਈ ਗੁਰਪ੍ਰੀਤ ਸਿੰਘ ਨੇ ਸਰਵਣ ਕਰਵਾਈ । ਉਨ੍ਹਾਂ ਕਿਹਾ ਕਿ ਉਸ ਅਕਾਲ ਪੁਰਖ ਪ੍ਰਮੇਸ਼ਵਰ ਦੀ ਸਦਾ ਜੈ ਜੈ ਕਾਰ ਕਰੀਏ ਜਿਸ ਦੇ ਦਰ ਤੇ ਸਦਾ ਹੀ ਸਚਾ ਨਿਆਂ ਹੁੰਦਾ ਹੈ ।ਉਨ੍ਹਾਂ ਕਿਹਾ ਕਿ ਕੌਮ ਲਈ ਜਾਨਾਂ ਵਾਰਨ ਵਾਲੇ ਧਰਮੀਆਂ ਦੀ ਸਦਾ ਜੈ ਜੈ ਕਾਰ ਹੁੰਦੀ ਹੈ ਤੇ ਸ਼੍ਰੀ ਹਰਿਮੰਦਰ ਸਾਹਿਬ ਤੇ ਹਮਲੇ ਕਰਨ ਵਾਲਿਆਂ ਨੂੰ ਸਦਾ ਫਿਟਕਾਰਾਂ ਪੈਦੀਆਂ ਹਨ । ਉਨ੍ਹਾਂ ਕਿਹਾ ਕਿ ਬੰਦੇ ਦੇ ਆਪਣੇ ਕੀਤੇ ਹੋਏ ਪਾਪਾਂ ਦੀ ਸਜਾ ਉਸਦੀਆਂ ਆਉਣ ਵਾਲੀਆਂ ਪੀੜ੍ਹੀਆਂ ਤਕ ਮਿਲਦੀ ਹੈ । ਉਨ੍ਹਾਂ ਗੁਰਬਾਣੀ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਪ੍ਰਮੇਸ਼ਰ ਦਾ ਨਾਮ ਉਹ ਸ਼ਕਤੀ ਹੈ ਜਿਸ ਸ਼ਕਤੀ ਦੁਆਰਾ ਪ੍ਰਮੇਸ਼ਰ ਨੇ ਸਾਰੀ ਕਾਇਨਾਤ ਨੂੰ ਸਾਜਿਆ ਹੈ । ਜਿਸ ਸ਼ਕਤੀ ਨਾਲ ਸਾਰੇ ਹੀ ਜੀਵ ਜੰਤੂ ਤੁਰੇ ਫਿਰਦੇ ਹਨ । ਅਕਾਲ ਪੁਰਖ ਦੇ ਨਾਮ ਦੀ ਹੀ ਤਾਕਤ ਹੈ ਕਿ ਧਰਤੀ ਉਪਰ ਬਿਨਾਂ ਥੰਮਾਂ ਤੋਂ ਅਸਮਾਨ ਖੜ੍ਹਾ ਹੈ । ਉਨ੍ਹਾਂ ਕਿਹਾ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਨਾਮ ਦਾ ਸਿਧਾਂਤ ਸਭ ਤੋਂ ਉਪਰ ਰਖਿਆ ਹੈ । ਉਨ੍ਹਾਂ ਕਿਹਾ ਕਿ ਆਪਣੇ ਸਤਿਗੁਰੂ ਅਗੇ ਅਰਦਾਸ ਕਰੀਏ ਕਿ ਪਾਤਸ਼ਾਹਾਂ ਦੇ ਪਾਤਸ਼ਾਹ ਜੀ ਸਾਨੂੰ ਆਪਣਾ ਨਾਮ ਦ੍ਰਿੜ ਕਰਵਾ ਦਿਓ । ਨਾਮ ਨਾਲ ਹਿਰਦੇ ਚ ਗਿਆਨ ਪ੍ਰਗਟ ਹੋ ਜਾਵੇਗਾ ਤੇ ਅੰਦਰ ਦਾ ਅਗਿਆਨਤਾ , ਵਹਿਮਾਂ , ਭਰਮਾਂ ਦਾ ਹਨੇਰਾ ਕਟਿਆ ਜਾਵੇਗਾ । ਕਥਾ ਵਾਚਕ ਤੇ ਪ੍ਰਚਾਰਕ ਭਾਈ ਸਾਹਿਬ ਨੇ ਕਿਹਾ ਕਿ ਪ੍ਰਮੇਸ਼ਰ ਦੇ ਪਿਆਰੇ ਹਮੇਸ਼ਾ ਸਚਾ ਨਾਮ ਤੇ ਸਤਸੰਗਤ ਹੀ ਮੰਗਦੇ ਹਨ । ਉਨ੍ਹਾਂ ਦੇ ਮਥੇ ਤੇ ਧੁਰੋ ਹੀ ਪ੍ਰਭੂ ਨਾਲ ਮਿਲਾਪ ਦਾ ਲੇਖ ਲਿਖਿਆ ਹੋਇਆ ਹੈ । ਉਨ੍ਹਾਂ ਕਿਹਾ ਕਿ ਜਿਹੜੇ ਸਤਸੰਗਤ ਵਿਚ ਨਹੀ ਆਉਦੇ , ਨਾਮ ਸਿਮਰਨ ਸੇਵਾ ਨਹੀ ਕਰਦੇ ਉਨ੍ਹਾਂ ਦਾ ਸਾਰਾ ਜੀਵਨ ਖਾਲੀ ਰਹਿ ਜਾਂਦਾ ਹੈ ਤੇ ਉਹ ਨਾਮ ਤੋਂ ਬਿਨਾਂ ਖਪ ਖਪ ਕੇ ਖਵਾਰ ਹੁੰਦੇ ਸੰਸਾਰ ਤੋਂ ਚਲੇ ਜਾਂਦੇ ਹਨ , ਉਨ੍ਹਾਂ ਨੂੰ ਨਾਂ ਇਸ ਲੋਕ ਵਿਚ ਤੇ ਨਾਂ ਹੀ ਪ੍ਰਲੋਕ ਵਿਚ ਥਾਂ ਮਿਲਦੀ ਹੈ । ਇਸ ਸਮੇ ਭਾਈ ਅਵਤਾਰ ਸਿੰਘ ਨਲ਼ ਨੇ ਅਰਦਾਸ ਕੀਤੀ ਤੇ ਹੁਕਮਨਾਮਾ ਸਰਵਣ ਕਰਵਾਇਆ , ਉਪਰੰਤ ਭਾਈ ਸੁਖਵਿੰਦਰ ਸਿੰਘ , ਭਾਈ ਬਲਬੀਰ ਸਿੰਘ , ਭਾਈ ਜਗਜੀਤ ਸਿੰਘ , ਭਾਈ ਭਜਨ ਸਿੰਘ ਖੜ੍ਹਕ , ਭਾਈ ਸੁਖਦੇਵ ਸਿੰਘ ਦੇ ਰਾਗੀ ਜਥਿਆਂ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ
ਗੁਰਦੁਆਰਾ ਬੇਰ ਸਾਹਿਬ ਵਿਖੇ ਗੁਰਮਤਿ ਸਮਾਗਮ



