ਸੁਨਾਮ ਉਧਮ ਸਿੰਘ ਵਾਲਾ, 24 ਅਕਤੂਬਰ (ਸੁਖਦੇਵ ਸਿੰਘ ਦੇਬੀ, ਰੋਹਿਤ ਗਰਗ)- ਪਾਰਟੀ ਪ੍ਰਤੀ ਵਧੀਆ ਸੇਵਾਵਾਂ ਨਿਭਾਉਣ ਦੇ ਮੱਦੇ ਨਜਰ ਆਲ ਇੰਡੀਆ ਰਾਹੁਲ ਗਾਂਧੀ ਬ੍ਰਿਗੇਡ ਦਿੜ੍ਹਬਾ ਦੇ ਬਲਾਕ ਪ੍ਰਧਾਨ ਦੀ ਨਿਯੂਕਤੀ ਕੀਤੀ ਗਈ। ਉਨ੍ਹਾਂ ਦੀ ਇਹ ਨਿਯੂਕਤੀ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਗਗਨਦੀਪ ਸਿੰਘ ਖਡਿਆਲ ਨੇ ਕੀਤੀ। ਨਵ ਨਿਯੂਕਤ ਪ੍ਰਧਾਨ ਗੁਰਵਿੰਦਰ ਸਿੰਘ ਭੰਗੂ ਨੂੰ ਅੱਜ ਨਿਯੂਕਤੀ ਪੱਤਰ ਦੇਣ ਤੋਂ ਬਾਅਦ ਇਸ ਅਹਿਮ ਜਿੰਮੇਵਾਰੀ ਦਾ ਕਾਰਜ ਸੌਂਪਿਆ ਗਿਆ। ਇਸ ਸਮੇਂ ਗਗਨਦੀਪ ਸਿੰਘ ਖਡਿਆਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਲ੍ਹਾ ਸੰਗਰੂਰ ਵਿਚ ਸਾਰੇ ਵਿਧਾਨ ਸਭਾ ਹਲਕਿਆਂ ’ਤੇ ਪ੍ਰਧਾਨਾਂ ਦੀ ਨਿਯੂਕਤੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਧਾਨ ਪਾਰਟੀ ਪ੍ਰਤੀ ਚੰਗੇਰੇ ਕੰਮਾਂ ਨੂੰ ਪਹਿਲ ਦੇਣ ਵਾਲੇ ਨੌਜਵਾਨਾਂ ਨੂੰ ਅੱਗੇ ਲਿਆ ਕੇ ਸਮਾਜ ਵਿਚ ਵਧੀਆ ਸੁਨੇਹਾ ਦੇਣਗੇ। ਉਨ੍ਹਾਂ ਗੁਰਵਿੰਦਰ ਸਿੰਘ ਭੰਗੂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਨੌਜਵਾਨ ਲੰਮੇਂ ਸਮੇਂ ਤੋਂ ਪਾਰਟੀ ਦੀਆਂ ਗਤੀਵਿਧੀਆਂ ਨੂੰ ਬੜੇ ਹੀ ਸੁਚਾਰੂ ਢੰਗ ਨਾਲ ਚਲਾ ਰਹੇ ਹਨ, ਜਿਨ੍ਹਾਂ ਦੀ ਮਿਹਨਤ ਨੂੰ ਦੇਖਦੇ ਹੋਏ ਇਹ ਨਿਯੂਕਤੀ ਹੋਈ ਹੈ। ਇਸ ਸਮੇਂ ਗੁਰਵਿੰਦਰ ਸਿੰਘ ਭੰਗੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਲ ਇੰਡੀਆ ਰਾਹੁਲ ਗਾਂਧੀ ਬ੍ਰਿਗੇਡ ਦੀ ਸਮੁੱਚੀ ਮੈਨੇਜ਼ਮੈਂਟ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਾਰਟੀ ਨੇ ਮੈਂਨੂੰ ਇਸ ਅਹਿਮ ਜਿੰਮੇਵਾਰੀ ਦਾ ਕਾਰਜ ਸੌਂਪ ਕੇ ਆਉਣ ਵਾਲੇ ਸਮੇਂ ਵਿਚ ਪਾਰਟੀ ਨੂੰ ਹੋਰ ਮਜਬੂਤ ਕਰਨ ਦੀ ਜੋ ਜਿੰਮੇਵਾਰੀ ਦਿੱਤੀ ਹੈ, ਉਸ ਨੂੰ ਮੈਂ ਤਨ-ਮਨ ਨਾਲ ਪੂਰਾ ਕਰਾਂਗਾ। ਇਸ ਸਮੇਂ ਉਨ੍ਹਾਂ ਨਾਲ ਸਾਬਕਾ ਸਰਪੰਚ ਕੇਵਲ ਸਿੰਘ ਮਾਨ, ਅਜੈਬ ਸਿੰਘ ਮਾਨ, ਸਾਬਕਾ ਪੰਚ ਦਲੀਪ ਸਿੰਘ, ਜੱਥੇਦਾਰ ਨਾਜਰ ਸਿੰਘ, ਹਰਪ੍ਰੀਤ ਸਿੰਘ, ਮਿਸ਼ਰੀ ਸਿੰਘ ਅਤੇ ਮਲਕੀਤ ਸਿੰਘ ਆਦਿ ਵੀ ਹਾਜ਼ਰ ਸਨ।
ਆਾਲ ਇੰਡੀਆ ਰਾਹੁਲ ਗਾਂਧੀ ਬ੍ਰਿਗੇਡ ਦੇ ਬਲਾਕ ਦਿੜ੍ਹਬਾ ਦੇ ਪ੍ਰਧਾਨ ਦੀ ਹੋਈ ਨਿਯੁਕਤੀ



