ਲੁਧਿਆਣਾ, 16 ਅਕਤੂਬਰ (ਹਰੀਸ਼ ਸਹਿਗਲ) ਨਾਮਧਾਰੀ ਸੰਗਤਾਂ ਦੇ ਪ੍ਰਮੁੱਖ ਤੀਰਥ ਅਸਥਾਨ ਸ੍ਰੀ ਭੈਣੀ ਸਾਹਿਬ ਵਿਖੇ ਸਾਲਾਨਾ ਨਾਮ ਸਿਮਰਨ ਜੱਪ ਪ੍ਰਯੋਗ ‘‘ਅੱਸੂ ਦਾ ਮੇਲਾ’’ ਸਮਾਗਮ ਪੂਰਾ ਮਹੀਨਾ ਚੱਲਿਆ (17 ਸਤੰਬਰ ਤੋਂ 17 ਅਕਤੂਬਰ-2018) ਹੈ, ਇਸ ਦੀ ਸਮਾਪਤੀ 17 ਅਕਤੂਬਰ ਨੂੰ ਹੋਵੇਗੀ। ਜਿਸ ਵਿੱਚ ਦੇਸ਼ ਵਿਦੇਸ਼ ਦੀਆਂ ਲੱਖਾਂ ਸੰਗਤਾਂ ਨੇ ਸ਼ਰਧਾ ਨਾਲ ਹਿੱਸਾ ਲਿਆ ਹੈ। ਸ੍ਰ. ਸਾਧੂ ਸਿੰਘ ਧਰਮਸੋਤ, ਜੰਗਲਾਤ, ਜੰਗਲੀ ਜੀਵ ਪ੍ਰਿੰਟਿੰਗ, ਸ਼ਟੇਸ਼ਨਰੀ ਅਨੂਸੁਚਿੱਤ ਜਾਤੀਆਂ ਅਤੇ ਪੱਛੜੀਆਂ ਸ਼੍ਰੈਣੀਆਂ ਭਲਾਈ ਵਿਭਾਗ ਮੰਤਪੀ ਪੰਜਾਬ ਨੇ ਸਮਾਗਮ ਵਿੱਚ ਆਈਆਂ ਸਮੂਹ ਸੰਗਤਾਂ ਨੂੰ ਮੇਲੇ ਦੀ ਵਧਾਈ ਦਿੰਦਿਆ ਕਿਹਾ ਕਿ ਇਸ ਮੇਲੇ ਦੀ ਆਰੰਭਤਾ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ 1927 ਵਿੱਚ ਕੀਤੀ ਸੀ, ਜਿਸ ਨੂੰ ਸਤਿਗੁਰੂ ਜਗਜੀਤ ਸਿੰਘ ਜੀ ਨੇ ਨਿਰੰਤਰ ਜਾਰੀ ਰੱਖਿਆ ਅਤੇ ਹੁਣ ਮੌਜੂਦਾ ਸਤਿਗੁਰੂ ਉਦੈ ਸਿੰਘ ਜੀ ਦੀ ਅਗਵਾਈ ਵਿੱਚ ਇਹ ਮੇਲਾ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਗੁਰੂਆਂ ਦੇ ਵਿਖਾਏ ਰਸਤੇ ’ਤੇ ਚੱਲਦਿਆ ਕਿਰਤ ਕਰਨਾ, ਵੰਡ ਛੱਕਣਾ ਅਤੇ ਭਲਾ ਕਰਨਾ ਚਾਹੀਦਾ ਹੈ, ਜੋ ਕਿ ਆਪਣੇ ਗੁਰੂਆਂ ਨੂੰ ਸੱਚੀ ਸ਼ਰਧਾਜ਼ਲੀ ਹੋਵੇਗੀ। ਸ੍ਰ. ਧਰਮਸੋਤ ਨੇ ਕੂਕਾ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਬਹਾਦਰ ਕ੍ਰਾਂਤੀਕਾਰੀ ਪੈਦਾ ਕੀਤੇ, ਜਿੰਨਾਂ ਨੇ ਅੰਗਰੇਜ਼ਾਂ ਦੇ ਖਿਲਾਫ ਹੌਸਲੇ ਨਾਲ ਲੜਾਈ ਲੜੀ ਅਤੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਤੋਪਾਂ ਦੇ ਸਾਹਮਣੇ ਖੜੇ ਹੋ ਕੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਉਹਨਾਂ ਕਿਹਾ ਕਿ ਮਲੇਰਕੋਟਲਾ ਵਿਖੇ 66 ਨਾਮਧਾਰੀ ਸਿੰਘਾਂ ਨੂੰ ਅੰਗਰੇਜਾਂ ਨੇ ਤੋਪਾਂ ਨਾਲ ਉਡਾਇਆ ਅਤੇ ਲੁਧਿਆਣਾ, ਰਾਏਕੋਟ ਅਤੇ ਅੰਮ੍ਰਿਤਸਰ ਵਿਖੇ ਕਈ ਨਾਮਧਾਰੀ ਸਿੰਘਾਂ ਨੂੰ ਸ਼ਰੇਆਮ ਫਾਂਸੀ ਵੀ ਦਿੱਤੀ ਗਈ। ਉਹਨਾ ਕਿਹਾ ਕਿ ਅਜ਼ਾਦੀ ਦੀ ਲੜਾਈ ਦੌਰਾਨ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਅਤੇ ਅਜਾਦੀ ਦੀ ਲੜਾਈ ਦੌਰਾਨ ਨਾਮਧਾਰੀ ਸਿੰਘਾਂ ਨੇ ਵੀ ਬਹੁਤ ਕੁਰਬਾਨੀਆਂ ਦਿੱਤੀਆਂ, ਜਿੰਨਾਂ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ। ਸ੍ਰ. ਧਰਮਸੋਤ ਨੇ ਕਿਹਾ ਕਿ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਵੱਲੋ ਸਮਾਜਿਕ ਬਰਾਬਰਤਾ ਦੇ ਦਿੱਤੇ ਗਏ ਸੰਦੇਸ਼ ਚਲਦਿਆਂ ਸਾਨੂੰ ਸਾਨੂੰ ਸਾਰਿਆਂ ਨੂੰ ਇਕ ਚੰਗੇ ਅਤੇ ਨਰੋਏ ਸਮਾਜ ਦੀ ਸਿਰਜਣਾ ਵਿਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਭਰੂਣ ਹੱਤਿਆ ਬਾਰੇ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਵੀ ਕੁੜੀ-ਮਾਰਾਂ ਨੂੰ ਸਮਾਜ ਵਿਚ ਲਾਹਨਤ ਪਾਈ ਸੀ ਅਤੇ ਅਜਿਹੇ ਲੋਕਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਸੰਦੇਸ਼ ਦਿੱਤਾ ਸੀ। ਉਹਨਾਂ ਕਿਹਾ ਕਿ ਇਹ ਬੜੇ ਦੁੱਖ ਵਾਲੀ ਗੱਲ ਹੈ ਕਿ ਅੱਜ ਵੀ ਸਮਾਜ ਵਿਚ ਵੱਡੀ ਪੱਧਰ ਤੇ ਮਾਦਾ ਭਰੂਣ ਹੱਤਿਆ ਹੋ ਰਹੀ ਹੈ ਅਤੇ ਸਾਨੂੰ ਅਜਿਹੀਆਂ ਸਮਾਜਿਕ ਬੁਰਾਈਆਂ ਦਾ ਖਾਤਮਾ ਕਰਨ ਲਈ ਸਾਰੇ ਪੱਖਾਂ ਤੋਂ ਇਕ ਵਿਆਪਕ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਖਤਮ ਕਰਨ ਲਈ ਲੋਕਾਂ ਵਿਚ ਜਾਗਰੂਕਤਾ ਲਿਆਉਣਾ ਸਮੇ ਦੀ ਮੁੱਖ ਲੋੜ ਹੈ, ਇਸ ਲਈ ਵਿੱਦਿਅਕ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ. ਬਲਵੀਰ ਸਿੰਘ ਕੈਬਨਿਟ ਮੰਤਰੀ ਪੰਜਾਬ, ਸ੍ਰ. ਕੁਲਜੀਤ ਸਿੰਘ ਨਾਗਰਾ ਵਿਧਾਇਕ ਫਤਿਹਗੜ੍ਹ ਸਾਹਿਬ, ਚੌਧਰੀ ਰਣਜੀਤ ਸਿੰਘ ਹਰਿਆਣਾ, ਪ੍ਰਧਾਨ ਐਚ.ਐਸ.ਹੰਸਪਾਲ, ਸੀਨੀਅਰ ਮੀਤ ਪ੍ਰਧਾਨ ਸ੍ਰ. ਸੁਰਿੰਦਰ ਸਿੰਘ ਨਾਮਧਾਰੀ, ਸੂਬਾ ਬਲਵਿੰਦਰ ਸਿੰਘ ਅਤੇ ਪ੍ਰੈਸ ਸਕੱਤਰ ਲਖਬੀਰ ਸਿੰਘ ਬੱਦੋਵਾਲ ਹਾਜ਼ਰ ਸਨ।
ਗੁਰੂਆਂ ਦੇ ਵਿਖਾਏ ਰਸਤੇ ’ਤੇ ਚੱਲਣਾ ਹੀ ਸੱਚੀ ਸ਼ਰਧਾਂਜਲੀ : ਸਾਧੂ ਸਿੰਘ ਧਰਮਸੋਤ



