ਫ਼ਤਹਿਗੜ੍ਹ ਸਾਹਿਬ, 16 ਅਕਤੂਬਰ (ਅਮਿਤ ਕੁਮਾਰ)- ਬਾਲ ਭਲਾਈ ਕਮੇਟੀ ਦੇ ਚੇਅਰਮੈਨ ਸ਼੍ਰੀ ਅਸ਼ਵਨੀ ਕੁਮਾਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਬਾਲ ਭਲਾਈ ਕਮੇਟੀ ਦੇ ਮੈਂਬਰ ਸ. ਅਜੀਤ ਸਿੰਘ ਤੇ ਸ਼੍ਰੀ ਨਰਿੰਦਰ ਸ਼ਰਮਾ ਨੂੰ 23 ਸਤੰਬਰ ਨੂੰ ਆਮ ਖਾਸ ਬਾਗ ਸਰਹਿੰਦ ਵਿਖੇ ਇਕ ਲਾਵਾਰਸ ਹਾਲਤ ਵਿਚ ਫਿਰਦਾ 14-15 ਸਾਲ ਦਾ ਲੜਕਾ ਮਿਲਿਆ ਸੀ ਜੋ ਕਿ ਨਾਂ ਹੀ ਬੋਲ ਸਕਦਾ ਸੀ ਅਤੇ ਨਾ ਹੀ ਸੁਣ ਸਕਦਾ ਸੀ। ਉਨ੍ਹਾਂ ਦਸਿਆ ਕਿ ਇਹ ਬਚਾ ਆਪਣੇ ਪਰਿਵਾਰ ਤੇ ਆਪਣੇ ਘਰ ਬਾਰੇ ਕੁਝ ਵੀ ਨਹੀਂ ਦਸ ਸਕਿਆ ਸੀ। ਜਿਸ ਕਾਰਨ ਬਾਲ ਭਲਾਈ ਕਮੇਟੀ ਨੇ ਇਸ ਬਚੇ ਨੂੰ ਮੁਢਲੀ ਡਾਕਟਰੀ ਸਹਾਇਤਾ ਦੇ ਕੇ ਚਿਲਡਰਨ ਹੋਮ ਪਟਿਆਲਾ ਐਟ ਰਾਜਪੁਰਾ ਵਿਖੇ ਭੇਜ ਦਿਤਾ ਗਿਆ ਸੀ।ਉਨ੍ਹਾਂ ਦਸਿਆ ਕਿ ਇਸ ਲੜਕੇ ਬਾਰੇ ਕਾਊਂਸਲਰ ਅਨਿਲ ਕੁਮਾਰ ਲਗਾਤਾਰ ਲੋਕਾਂ ਤੋਂ ਜਾਣਕਾਰੀ ਇਕਤਰ ਕਰਦੇ ਰਹੇ ਅਤੇ ਇਸ ਕੰਮ ਵਿਚ ਹਰੀਸ਼ ਚਿਕਨ ਦੇ ਮਾਲਕ ਹਰੀਸ਼ ਕੁਮਾਰ ਨੇ ਬਹੁਤ ਸਹਿਯੋਗ ਦਿਤਾ। ਉਨ੍ਹਾਂ ਦਸਿਆ ਕਿ ਪੂਰੀ ਪੜਤਾਲ ਉਪਰੰਤ ਇਸ ਲੜਕੇ ਦੇ ਮਾਪਿਆਂ ਨਾਲ ਸੰਪਰਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਲੜਕਾ ਸੌਂਪ ਦਿਤਾ ਗਿਆ।ਉਨ੍ਹਾਂ ਦਸਿਆ ਕਿ ਜਾਂਚ ਦੌਰਾਨ ਇਹ ਵੀ ਜਾਣਕਾਰੀ ਮਿਲੀ ਕਿ ਬਾਲ ਭਲਾਈ ਕਮੇਟੀ ਨੂੰ ਮਿਲੇ ਲੜਕੇ ਸੰਜੇ ਦਾ ਵਿਆਹ ਹੋ ਚੁਕਾ ਹੈ ਅਤੇ ਉਹ ਦੋ ਬਚਿਆਂ ਦਾ ਪਿਤਾ ਹੈ। ਇਸ ਲੜਕੇ ਨੂੰ ਪਰਿਵਾਰ ਨਾਲ ਮਿਲਾਉਣ ਵਿਚ ਬਾਲ ਭਲਾਈ ਕਮੇਟੀ ਦੇ ਮੈਂਬਰ ਅਜੀਤ ਸਿੰਘ, ਕ੍ਰਿਪਾਲ ਵਡੇਰਾ, ਸੰਗੀਤਾ ਸ਼ਰਮਾ ਅਤੇ ਗੁਰਸ਼ਰਨ ਸਿੰਘ ਨੇ ਵਿਸ਼ੇਸ਼ ਭੂਮਿਕਾ ਅਦਾ ਕੀਤੀ। ਜਦੋਂ ਸੰਜੇ ਨੂੰ ਉਸ ਦੀ ਪਤਨੀ ਕਾਜਲ, ਭੈਣ, ਜੀਜੇ ਤੇ ਸਹੁਰੇ ਨਾਲ ਮਿਲਾਇਆ ਗਿਆ ਤਾਂ ਉਹ ਕਾਫੀ ਭਾਵੁਕ ਹੋ ਗਿਆ।
ਬਾਲ ਭਲਾਈ ਕਮੇਟੀ ਨੇ ਲਾਵਾਰਸ ਮਿਲੇ ਲੜਕੇ ਨੂੰ ਮਾਪਿਆਂ ਸਪੁਰਦ ਕੀਤਾ



