ਬਠਿੰਡਾ, 21 ਮਾਰਚ (ਵੀਰ ਸਿੰਘ ਕਾਲਾ)-ਲੋਕ ਸਭਾ ਚੋਣਾਂ ਲਈ ਬਠਿੰਡਾ ਤੋਂ ਪੀਪੀਪੀ ਅਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਬਾਦਲ ਦੀ ਚੋਣ ਮੁਹਿੰਮ ਦਿਨੋਂ ਦਿਨ ਭਖਦੀ ਜਾ ਰਹੀ ਹੈ ਜਿਸ ਨੂੰ ਪੀਪੀਪੀ ਅਤੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਵਰਕਰਾਂ ਵੱਲੋਂ ਪੂੁਰਨ ਸਮਰੱਥਨ ਮਿਲ ਰਿਹਾ ਹੈ। ਬੀਤੇ ਦਿਨ ਲੋਕ ਸਭਾ ਚੋਣਾਂ ਲਈ ਹਰਚੰਦ ਸਿਨੇਮਾ ਵਿਖੇ ਮਨਪ੍ਰੀਤ ਬਾਦਲ ਵੱਲੋਂ ਮੁੱਖ ਦਫਤਰ ਖੋਲ੍ਹਿਆ ਗਿਆ ਇਸ ਮੌਕੇ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਜਰਨਲ ਸਕੱਤਰ ਪੰਜਾਬ ਕਾਂਗਰਸ, ਵਿਧਾਇਕ ਅਜੈਬ ਸਿੰਘ ਭੱਟੀ, ਵਿਧਾਇਕ ਅਜੀਤ ਇੰਦਰ ਸਿੰਘ ਮੋਫਰ, ਉਪ ਪ੍ਰਧਾਨ ਗੁਰਪ੍ਰੀਤ ਕਾਂਗੜ ਅਤੇ ਵਿਸ਼ੇਸ਼ ਤੌਰ ਤੇ ਬਠਿੰਡਾ ਪਹੁੰਚੇ ਪਾਰਟੀ ਦੇ ਜਰਨਲ ਸਕੱਤਰ ਸਾਬਕਾ ਵਿਧਾਇਕ ਜਸਵੀਰ
ਸਿੰਘ ਡਿੰਪਾ ਨੇ ਭਰਵੇਂ ਇੱਕਠ ਨੂੰ ਸੰਬੋਧਨ ਕੀਤਾ। ਇਸ ਮੌਕੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਬਠਿੰਡਾ ਤੋਂ ਭਾਵੇਂ ਕਾਂਗਰਸ ਨੇ ਮਨਪ੍ਰੀਤ ਬਾਦਲ ਨੂੰ ਸਾਂਝੇ ਤੌਰ ਤੇ ਉਮੀਦਵਾਰ ਉਤਾਰਿਆ ਹੈ ਪਰ ਇਹ ਸੀਟ ਰਾਹੁਲ ਗਾਂਧੀ ਦੇ ਖਾਤੇ ਵਿੱਚ ਆਉਂਦੀ ਹੈ ਤੇ ਇੱਥੋਂ ਮਨਪ੍ਰੀਤ ਬਾਦਲ ਦੀ ਨਹੀਂ ਬਲਕਿ ਰਾਹੁਲ ਗਾਂਧੀ ਦੀ ਜਿੱਤ ਹੋਵੇਗੀ ਜਿਸ ਲਈ ਵਰਕਰਾਂ ਨੂੰ ਬੂਥ ਪੱਧਰ ਤੇ ਕੰਮ ਕਰਨ ਲਈ ਨਿਕਲਨਾ ਪਵੇਗਾ। ਉਹਨਾ ਦੱਸਿਆ ਕਿ ਜਲਦ ਹੀ ਪੰਜਾਬ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਬਠਿੰਡਾ ਤੋਂ ਚੋਣ ਮੁਹਿੰਮ ਦਾ ਆਗਾਜ਼ ਕਰਨ ਲਈ ਪਹੁੰਚ ਰਹੇ ਹਨ ਜੋ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਹਜਾਰਾਂ ਵਰਕਰਾਂ ਨਾਲ ਅਰਦਾਸ ਕਰਨ ਉਪਰੰਤ ਪ੍ਰਸਿੱਧ ਮੰਦਰ ਮਾਈਸਰਖਾਨਾ ਵਿਖੇ ਆਸ਼ੀਰਵਾਦ ਲੈਣ ਉਪਰੰਤ ਬਠਿੰਡਾ ਪਹੁੰਚ ਕੇ ਇੱਕਠ ਨੂੰ ਸੰਬੋਧਨ ਕਰਨਗੇ। ਇਸ ਮੌਕੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਦੀ ਸਤਾ ਤੇ ਕਾਬਜ ਬਾਦਲ ਪਰਿਵਾਰ ਦਾ ਜਬਰ ਤੇ ਜੁਲਮ ਇਸ ਹੱਦ ਤੱਕ ਪਹੁੰਚ ਚੁੱਕਾ ਹੈ ਕਿ ਸੂਬੇ ਨੂੰ ਚਲਾਉਣ ਵਾਲੇ ਮੁਲਾਜਮ ਵੀ ਬੇਬੱਸ ਹੋਕੇ ਸੜਕਾਂ ਤੇ ਨਿਕਲਣ ਲਈ ਮਜਬੂਰ ਹਨ ਕਿਉਂਕਿ ਉਹਨਾਂ ਨੂੰ ਨਾ ਤਾਂ ਪੰਜਵੇਂ ਪੇ ਕਮਿਸ਼ਨ ਤਹਿਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤੇ ਨਾ ਹੀ ਡੀਏ ਦੀ ਕਿਸ਼ਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ, ਖੁਸ਼ਹਾਲੀ, ਅਮਨ ਸ਼ਾਂਤੀ ਨੂੰ ਬਚਾਉਣ ਲਈ ਇਹਨਾਂ ਚੋਣਾਂ ਵਿੱਚ ਬਾਦਲਾਂ ਦੇ ਰਾਜ ਦਾ ਖਾਤਮਾ ਕਰਨਾ ਜਰੂਰੀ ਹੈ ਜਿਸ ਕਰਕੇ ਬਠਿੰਡਾ ਤੋਂ ਇਨਸਾਫ ਦੀ ਜਿੱਤ ਹੋਵੇਗੀ। ਸਾਬਕਾ ਮੰਤਰੀ ਸ.ਜੱਸੀ, ਸਾਬਕਾ ਵਿਧਾਇਕ ਭੱਟੀ ਅਤੇ ਸਾਬਕਾ ਵਿਧਾਇਕ ਗੁਰਪ੍ਰੀਤ ਕਾਂਗੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਚੋਂ 19 ਹਜਾਰ ਤੋਂ ਵੱਧ ਇੰਡਸਟਰੀ ਸਹੂਲਤਾਂ ਨਾ ਮਿਲਣ ਕਰਕੇ ਬੰਦ ਹੋ ਚੁੱਕੀ ਹੈ, ਲੱਖਾਂ ਨੌਜਵਾਨ ਬੇਰੁਜ਼ਗਾਰ ਹੋ ਚੁੱਕੇ ਹਨ, ਸਰਕਾਰੀ ਜਮੀਨਾਂ ਵੇਚੀਆਂ ਜਾ ਰਹੀਆਂ ਹਨ, ਬੱਸ ਅੱਡੇ ਗਹਿਣੇ ਰੱਖੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਖਜ਼ਾਨੇ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਜਿਸ ਕਰਕੇ ਬਾਦਲਾਂ ਦੇ ਲੁੱਟ ਦੇ ਰਾਜ ਨੂੰ ਖਤਮ ਕਰਨਾ ਸਮੇਂ ਦੀ ਲੋੜ ਹੈ ਕਿਉਂਕਿ ਪਿੰਡਾਂ ਵਿੱਚ ਬਾਦਲਾਂ ਦੇ ਜਥੇਦਾਰਾਂ ਦੇ ਗੁੰਡਾਰਾਜ ਕਰਕੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀਪੀਪੀ ਦੇ ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਚਹਿਲ, ਹਰਵਿੰਦਰ ਲਾਡੀ, ਮੋਹਨ ਲਾਲ ਝੁੰਬਾ, ਮਾਨਸਾ ਦੇ ਜਿਲ੍ਹਾ ਪ੍ਰਧਾਨ ਵਿਕਰਮ ਜੀਤ ਸਿੰਘ ਮੋਫਰ, ਇਕਬਾਲ ਢਿੱਲੋਂ, ਕੇ.ਕੇ ਅਗਰਵਾਲ, ਦਰਸ਼ਨ ਜੀਦਾ, ਸੁਰੇਸ਼ ਬਾਂਸਲ, ਮਾ.ਪ੍ਰਕਾਸ਼, ਟਹਿਲ ਸਿੰਘ, ਖੁਸ਼ਬਾਜ ਜਟਾਣਾ, ਪੱਪੂ ਗਾਗੋਵਾਲ, ਰਾਜ ਨੰਬਰਦਾਰ, ਲਖਵਿੰਦਰ ਲੱਖਾ, ਅਵਤਾਰ ਗੋਨਿਆਣਾ, ਜਿਲ੍ਹਾ ਪ੍ਰਧਾਨ ਦਿਹਾਤੀ ਗੁਰਾ ਸਿੰਘ ਤੁੰਗਵਾਲੀ ਆਦਿ ਦੇ ਨਾਲ ਵੱਡੀ ਗਿਣਤੀ ਵਿੱਚ ਅਹੁੱਦੇਦਾਰ ਤੇ ਵਰਕਰ ਹਾਜ਼ਰ ਸਨ।