ਦਾਦੀ ਦੇ ਘਰੇਲੂ ਨੁਸਖੇ ਹੀ ਹਨ ਜਿਨ੍ਹਾਂ ਦੀ ਵਰਤੋਂ ਕਰ ਕੇ ਪੰਜਾਬਣ ਮੁਟਿਆਰ ਤੇ ਇਸ ਵੇਲੇ ਹਿੰਦੀ ਸਿਨੇਮਾ ਦੀ ਹਰਮਨ-ਪਿਆਰੀ ਨਾਇਕਾ ਯਾਮੀ ਗੌਤਮ ਸੋਹਣੀ, ਤੰਦਰੁਸਤ ਤੇ ਤੇਜ਼ਤਰਾਰ ਨਾਇਕਾ ਹੈ। ‘ਕਾਬਿਲ’ ਫ਼ਿਲਮ ਨਾਲ ਹਰ ਪਾਸੇ ਚਰਚਿਤ ਹੋਈ ਯਾਮੀ ਰੱਜਵਾਂ ਪਾਣੀ ਪੀਂਦੀ ਹੈ। ਕੁਦਰਤੀ ਚੀਜ਼ਾਂ ਆਉਲੇ ਦਾ ਆਚਾਰ, ਲਸਣ, ਅਦਰਕ ਦੀ ਕੜ੍ਹੀ ਸਭ ਚੀਜ਼ਾਂ ਖਾਂਦੀ ਹੈ। ਹਲਦੀ ‘ਚ ਖੰਡ ਪਾ ਕੇ ਸ਼ਹਿਦ ਮਿਲਾ ਕੇ ਉਹ ਚਿਹਰੇ ‘ਤੇ ਮਾਲਿਸ਼ ਕਰਦੀ ਹੈ। ਘਿਓ ਨਾਲ ਉਹ ਬੁੱਲ੍ਹੀਆਂ ਸਾਫ਼ ਕਰਦੀ ਹੈ। ਜੈਲ ਤੇ ਸ਼ੈਂਪੂ ਘਟ ਵਰਤਦੀ ਹੈ ਤੇ ਨਿੰਬੂ ਪਾਣੀ ਨਾਲ ਵਾਲ ਧੋਂਦੀ ਹੈ। ਯਾਮੀ ਨਾਰੀਅਲ ਪਾਣੀ ਪੀਣ ਤੋਂ ਇਲਾਵਾ ਇਸ ਨਾਲ ਚਿਹਰਾ ਵੀ ਧੋਂਦੀ ਹੈ। ਇਹੀ ਕਾਰਨ ਹੈ ਕਿ ਸ਼ਾਹਿਦ ਕਪੂਰ ਨੇ ਯਾਮੀ ‘ਤੇ ਕਈ ਟਿੱਪਣੀਆਂ ਵੀ ਮਜ਼ਾਕ ਨਾਲ ਕੀਤੀਆਂ ਹਨ। ‘ਬੱਤੀ ਗੁੱਲ ਮੀਟਰ ਚਾਲੂ’ ਦੇ ਪ੍ਰਚਾਰ ਲਈ ਸ਼ਾਹਿਦ ਨੇ ਯਾਮੀ ਨੂੰ ਦੇਸੀ ਕੁੜੀ ਕਹਿ ਕੇ ਛੇੜਿਆ ਹੈ ਪਰ ਨਾਲ ਹੀ ਕਿਹਾ ਹੈ ਕੁੜੀ ਦੇਸੀ ਪਰ ਜਿਸਮ ਵਲੈਤੀ। ਯਾਮੀ ਦੇ ਸੋਸ਼ਲ ਮੀਡੀਆ ਖਾਤੇ ਵਾਰ-ਵਾਰ ਹੈਕ ਵੀ ਹੋਏ ਪਰ ਉਹ ਘਬਰਾਈ ਨਹੀਂ। ਸਰਬੀਆ ‘ਚ ਯਾਮੀ ਨੇ ਆਪਣੀ ਦੀਦੀ ਸੁਰੀਲੀ ਨਾਲ ਕੁਝ ਦਿਨ ਆਨੰਦ ਲਿਆ ਸੈਰ ਦਾ। ਕੁਝ ਵੀ ਹੋਵੇ ਯਾਮੀ ਇਸ ਸਮੇਂ ਪੂਰੀ ਚੁਸਤੀ ਨਾਲ ਆਪਣਾ ਕਰੀਅਰ ਸੰਵਾਰ ਰਹੀ ਹੈ। ਯਾਮੀ ਨਾ ਹੀ ਆਪਣੇ ਪਿਛੋਕੜ ਨੂੰ ਭੁੱਲੀ ਹੈ ਤੇ ਨਾ ਹੀ ਆਪਣੇ ਦੇਸ਼ ਪੰਜਾਬ ਨੂੰ, ਇਹ ਵੀ ਉਸ ਦੀ ਵੱਡੀ ਖਾਸੀਅਤ ਹੈ। ਦਾਦੀ ਮਾਂ ਨਾਲ ਪਿਆਰ ਹੀ ਉਸ ਦੀ ਪ੍ਰੇਰਨਾ ਕਹਿ ਲਵੋ ਜਾਂ ਦਾਦੀ ਮਾਂ ਤੋਂ ਸਿੱਖੀ ਹਰ ਗੱਲ ਉਸ ਦੀ ਕਾਮਯਾਬੀ ਅਹਿਮ ਕਿਰਦਾਰ ਅਦਾ ਕਰ ਰਹੀ ਹੈ। ਯਾਮੀ ਕਹਿੰਦੀ ਹੈ ਕਿ ਦਾਦੀ ਮਾਂ ਨੇ ਕੁਦਰਤੀ ਚੀਜ਼ਾਂ ਨਾਲ ਉਸ ਦਾ ਪਿਆਰ ਵਧਾਇਆ। ਦਾਦੀ ਮਾਂ ਨੇ ਹੀ ਅੰਗਰੇਜ਼ੀ ਤੇ ਬਨਾਉਟੀ ਸੁੰਦਰਤਾ ਸਾਧਨਾਂ ਦੀ ਥਾਂ ਦੇਸੀ ਟੋਟਕੇ ਅਪਨਾਉਣ ਦੀ ਗੱਲ ਉਸ ‘ਚ ਭਰੀ। ਇਸ ਨਾਲ ਪੇਟ, ਸਰੀਰ ਸਭ ਠੀਕ ਰਹਿੰਦਾ ਹੈ। ਪੰਜਾਬੀ ਫ਼ਿਲਮਾਂ ਤੋਂ ਟੀ.ਵੀ. ਤੇ ਫਿਰ ਰਿਤਿਕ ਦੀ ਹੀਰੋਇਨ ਬਣਨਾ ਇਸ ਪਿਛੇ ਯਾਮੀ ਅਨੁਸਾਰ ਦਾਦੀ ਦੀਆਂ ਦੁਆਵਾਂ ਸਦਕੇ ਹੀ ਹੈ।