ਅਦਿਤਿਆ ਦਾ ਵਕਤ ਖ਼ਰਾਬ ਚਲ ਰਿਹਾ ਹੈ। ‘ਓ ਕੇ ਜਾਨੂੰ’ ਤਾਂ ਆਈ ਪਰ ਖਾਸ ਲਾਭ ਉਸ ਨੂੰ ਮਿਲਿਆ ਹੀ ਨਹੀਂ। ਹੁਣ ਉਹ ਮੰਮੀ ਕੋਲੋਂ ਤੋਹਫ਼ੇ ‘ਚ ਮਿਲੀ ਪਿਆਨੋ ਵਜਾ ਕੇ ਫਲਾਪ ਫ਼ਿਲਮਾਂ ਦੇ ਦੁੱਖ ਹਲਕੇ ਕਰ ਰਿਹਾ ਹੈ। ਸੰਗੀਤ ਦਾ ਸ਼ੌਕ ਅਭਿਨੈ ‘ਤੇ ਹਾਵੀ ਹੋ ਰਿਹਾ ਹੈ। ਗਿਟਾਰ ਵਾਦਕ ਉਹ ਪਹਿਲਾਂ ਹੀ ਵਧੀਆ ਹੈ ਤੇ ਹੁਣ ਪਿਆਨੋ ਮਾਸਟਰ ਵੀ ਬਣ ਜਾਏਗਾ। ‘ਕਰੇਜ਼ੀ ਹਮ’, ‘ਸ਼ਿੱਦਤ’ ਫ਼ਿਲਮਾਂ ਤਾਂ ਉਸ ਕੋਲ ਹਨ ਪਰ ਹੁਣ ਉਸ ਨੂੰ ਲੱਗ ਰਿਹਾ ਹੈ ਕਿ ਸੰਗੀਤ ਜ਼ਰੀਏ ਹੀ ਕਾਮਯਾਬੀ ਉਸ ਨੂੰ ਮਿਲ ਸਕਦੀ ਹੈ। ਹੁਣ ‘ਕਰੇਜ਼ੀ ਹਮ’ ਤੇ ‘ਸ਼ਿੱਦਤ’ ਦੇਰ ਬਾਅਦ ਆਉਣੀਆਂ ਹਨ, ਇਸ ਲਈ ਸੰਗੀਤ ਵੱਲ ਕੇਂਦਰਿਤ ਹੈ। ਅਦਿਤਿਆ ਨੇ ਆਪਣੇ-ਆਪ ਨੂੰ ਮਾਨਸਿਕ ਤੌਰ ‘ਤੇ ਤੰਦਰੁਸਤ ਰੱਖਣ ਦਾ ਫਾਰਮੂਲਾ ਅਪਣਾਇਆ ਹੈ… ਤੇ ਹਾਂ ਭੱਟ ਪਰਿਵਾਰ ਨੇ ਅਦਿਤਿਆ ਰਾਏ ਨੂੰ ਖ਼ੁਸ਼ਖ਼ਬਰੀ ਦੇ ਕੇ ਸੰਤੁਸ਼ਟ ਕੀਤਾ ਹੈ। 20 ਸਾਲ ਬਾਅਦ ਫਿਰ ਮਹੇਸ਼ ਭੱਟ ਫ਼ਿਲਮ ਨਿਰਦੇਸ਼ਤ ਕਰਨ ਜਾ ਰਹੇ ਹਨ। ‘ਸੜਕ-2’ ਤੇ ਹੀਰੋ ਅਦਿਤਿਆ ਨੂੰ ਆਲੀਆ ਦੇ ਨਾਲ ਲਿਆ ਹੈ। ‘ਸੜਕ-2’ ਮਿਲਣ ਦੀ ਖੁਸ਼ੀ ‘ਚ ਪਿਆਨੋ ਦਾ ਸੰਗੀਤ ਹੋਰ ਮਿੱਠਾ ਅਦਿਤਿਆ ਨੂੰ ਲੱਗਣ ਲੱਗ ਪਿਆ ਹੈ। ਅਦਿਤਿਆ ਨੂੰ ਮਹਿਸੂਸ ਹੋ ਗਿਆ ਹੈ ਕਿ ਸੰਗੀਤ ਨੇ ਦਿੱਤੀ ਮਾਨਸਿਕ ਸ਼ਕਤੀ ਤੇ ਇਸ ਮਾਨਸਿਕ ਸ਼ਕਤੀ ਦੌਰਾਨ ਭੱਟ ਪਰਿਵਾਰ ਦੀ ਫ਼ਿਲਮ ਦਾ ਮਿਲਣਾ, ਉਸ ਨੂੰ ਹਰ ਪੱਖ ਤੋਂ ਰਾਹਤ ਦੇ ਰਿਹਾ ਹੈ। ਫਰਹਾਨ ਅਖ਼ਤਰ ਨਾਲ ਸੁਲਾਹ-ਸਫਾਈ, ਸ਼ਰਧਾ ਕਪੂਰ ਦਾ ਖਿਆਲ ਪਰ੍ਹਾਂ ਰੱਖ, ਕੈਟਰੀਨਾ ਤੋਂ ਕਸਰਤਾਂ ਸਿਖ ਹੁਣ ‘ਸ਼ਿੱਦਤ’ ਨਾਲ ‘ਸੜਕ-2’ ‘ਤੇ ਦੌੜਨ ਲਈ ਤਿਆਰ ਅਦਿਤਿਆ ਰਾਏ ਕਪੂਰ, ਸੰਗੀਤ ਮਾਹਿਰ ਬਣ ਕਹੇਗਾ ‘ਕਰੇਜ਼ੀ ਹੈਂ ਹਮ’।