ਕੈਪਟਨ ਅਤੇ ਜਾਖੜ ਨੇ ਕੌਮੀ ਆਗੂਆਂ ਨੂੰ ਸੂਬੇ ਦੇ ਸਟੈਂਡ ਤੋਂ ਜਾਣੂ ਕਰਵਾਇਆ
ਨਵੀਂ ਦਿਲੀ, 3 ਅਕਤੂਬਰ- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਉਂਦੀਆਂ ਚੋਣਾਂ ਦੌਰਾਨ ਸੂਬੇ ਵਿਚ ਕੋਈ ਵੀ ਸਿਆਸੀ ਗਠਜੋੜ ਨਾ ਕਰਨ ਬਾਰੇ ਸੂਬਾ ਕਾਂਗਰਸ ਇਕਾਈ ਦੀ ਰਾਇ ਤੋਂ ਪਾਰਟੀ ਹਾਈ ਕਮਾਨ ਨੂੰ ਜਾਣੂ ਕਰਵਾ ਦਿਤਾ ਹੈ। ਸੀਨੀਅਰ ਏ.ਆਈ.ਸੀ.ਸੀ ਆਗੂਆਂ ਨਾਲ ਇਕ ਮੀਟਿੰਗ ਤੋਂ ਬਾਅਦ ਪਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮੁਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਮਾਮਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਆਉਂਦੀਆਂ ਲੋਕ ਸਭਾ ਚੋਣਾਂ ਦੇ ਸਬੰਧ ਵਿਚ ਵਿਸ਼ੇਸ਼ ਤੌਰ ’ਤੇ ਚਰਚਾ ਹੋਈ। ਮੀਟਿੰਗ ਵਿਚ ਏ.ਆਈ.ਸੀ.ਸੀ ਦੇ ਆਗੂ ਅਹਿਮਦ ਪਟੇਲ, ਏ.ਕੇ.ਐਨਟਨੀ, ਜੈਰਾਮ ਰਮੇਸ਼, ਮਲਿਕਅਰਜਨ ਖੜਗੇ ਅਤੇ ਗੁਲਾਮ ਨਬੀ ਆਜ਼ਾਦ ਸ਼ਾਮਲ ਸਨ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੀ ਹਾਜ਼ਰ ਸਨ। ਪੰਜਾਬ ਵਿਚ ਗਠਜੋੜ ਦੇ ਮੁਦੇ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੋਵਾਂ ਨੇ ਏ.ਆਈ.ਸੀ.ਸੀ ਦੇ ਆਗੂਆਂ ਨੂੰ ਦਸ ਦਿਤਾ ਹੈ ਕਿ ਉਹ ਆਉਂਦੀਆਂ ਚੋਣਾਂ ਸੂਬੇ ਵਿਚ ਇਕਲੇ ਹੀ ਲੜਨਗੇ ਅਤੇ ਸਾਰੀਆਂ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਜਿਤਣਗੇ। ਉਨ੍ਹਾਂ ਕਿਹਾ ਕਿ ਜਿਥੋਂ ਤਕ ਰਾਸ਼ਟਰੀ ਗਠਜੋੜ ਦਾ ਸਬੰਧ ਹੈ ਇਸ ਬਾਰੇ ਫੈਸਲਾ ਹਾਈ ਕਮਾਨ ਨੇ ਕਰਨਾ ਹੈ ਅਤੇ ਉਨ੍ਹਾਂ ਨੇ ਸਿਰਫ ਇਹ ਸਪਸ਼ਟ ਕੀਤਾ ਹੈ ਕਿ ਪੰਜਾਬ ਵਿਚ ਕਾਂਗਰਸ ਨੂੰ ਕਿਸੇ ਵੀ ਗਠਜੋੜ ਦੀ ਜਰੂਰਤ ਨਹੀਂ ਹੈ। ਮੁਖ ਮੰਤਰੀ ਨੇ ਪਤਰਕਾਰਾਂ ਨੂੰ ਦਸਿਆ ਕਿ ਉਨ੍ਹਾਂ ਨੇ ਅਜ ਸਵੇਰੇ ਮੰਤਰੀ ਮੰਡਲ ਮੀਟਿੰਗ ਤੋਂ ਬਾਅਦ ਆਪਣੇ ਗੈਰ ਰਸਮੀ ਤੌਰ ’ਤੇ ਕੈਬਨਿਟ ਸਾਥੀਆਂ ਦੇ ਗਠਜੋੜ ਬਾਰੇ ਵਿਚਾਰ ਲਏ ਅਤੇ ਸਾਰਿਆਂ ਨੇ ਆਮ ਸਹਿਮਤੀ ਨਾਲ ਆਖਿਆ ਕਿ ਪਾਰਟੀ ਨੂੰ ਗਠਜੋੜ ਦੀ ਕੋਈ ਜਰੂਰਤ ਨਹੀਂ ਹੈ ਅਤੇ ਪਾਰਟੀ ਪੰਜਾਬ ਵਿਚ ਲੋਕ ਸਭਾ ਚੋਣਾਂ ਆਪਣੇ ਸਿਰ ’ਤੇ ਜਿਤੇਗੀ। ਪੰਜਾਬ ਵਿਚ ਨਸ਼ਿਆਂ ਦੀ ਖੇਤੀ ਨੂੰ ਕਾਨੂੰਨੀ ਰੂਪ ਦੇਣ ਸਬੰਧੀ ਇਕ ਸਵਾਲ ਦੇ ਜਵਾਬ ਵਿਚ ਮੁਖ ਮੰਤਰੀ ਨੇ ਕਿਹਾ ਕਿ ਉਹ ਇਸਦੇ ਹਕ ਵਿਚ ਨਹੀ ਹਨ ਅਤੇ ਉਹ ਸੂਬੇ ਨੂੰ ਨਸ਼ਿਆਂ ਹਥੋਂ ਤਬਾਹ ਹੋਣ ਦੀ ਆਗਿਆ ਨਹੀਂ ਦੇਣਗੇ। ਆਮ ਆਦਮੀ ਪਾਰਟੀ ਦੇ ਐਮ.ਪੀ ਅਤੇ ਹੋਰ ਜੋ ਵੀ ਇਸ ਬਾਰੇ ਆਖ ਰਹੇ ਹਨ ਉਸ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀ ਹੈ ਅਤੇ ਅਸੀ ਨਹੀ ਚਾਹੁੰਦੇ ਕਿ ਪੰਜਾਬ ਵਿਚ ਕੋਈ ਨਸ਼ਿਆਂ ਦੀ ਖੇਤੀ ਕਰੇ।