ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਦਾ ਬਿਆਨ ਬੇਤੁਕਾ ਤੇ ਹਾਸੋਹੀਣਾ ਕਰਾਰ
ਚੰਡੀਗੜ੍ਹ, 30 ਸਤੰਬਰ- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੇ ਸੂਬਾ ਪ੍ਰਧਾਨ ਵਲੋਂ ਉਨ੍ਹਾਂ ਤੇ ਉਨ੍ਹਾਂ ਦੀ ਸਰਕਾਰ ਦੇ ਕੰਮਕਾਜ ’ਤੇ ਕੀਤੀਆਂ ਟਿਪਣੀਆਂ ਨੂੰ ਬੇਤੁਕੀਆਂ ਅਤੇ ਹਾਸੋਹੀਣਾ ਕਰਾਰ ਦਿੰਦੇ ਹੋਏ ਕੇਂਦਰ ਵਿਚ ਭਾਜਪਾ ਸਰਕਾਰ ਦੇ ਫੇਲ੍ਹ ਹੋ ਜਾਣ ਤੋਂ ਲੋਕਾਂ ਦਾ ਧਿਆਨ ਦੂਜੇ ਪਾਸੇ ਲਾਉਣ ਲਈ ਘਟਿਆ ਹਥਕੰਡੇ ਵਰਤਣ ਦਾ ਸ਼ਵੇਤ ਮਲਿਕ ’ਤੇ ਦੋਸ਼ ਲਾਇਆ ਹੈ। ਮੁਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸੂਬੇ ਨੂੰ ਚਲਾਉਣ ਲਈ ਉਨ੍ਹਾਂ ਨੂੰ ਫਤਵਾ ਦਿਤਾ ਹੈ ਨਾ ਕਿ ਭਾਜਪਾ ਨੂੰ । ਉਨ੍ਹਾਂ ਨੇ ਮਲਿਕ ਨੂੰ ਸਰਕਾਰ ਦੇ ਕੰਮਕਾਜ ਤੋਂ ਪਰੇ ਰਹਿਣ ਅਤੇ ਆਪਣੀ ਪਾਰਟੀ ’ਤੇ ਧਿਆਨ ਕੇਂਦ੍ਰਿਤ ਕਰਨ ਲਈ ਕਿਹਾ ਹੈ ਜਿਸ ਦਾ ਆਉਂਦੀਆਂ ਲੋਕ ਸਭਾ ਚੋਣਾਂ ’ਚ ਸੂਬੇ ਵਿਚੋਂ ਪੂਰੀ ਤਰ੍ਹਾਂ ਸਫਾਇਆ ਹੋਣ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਅਧਿਕਾਰੀ ਅਤੇ ਟੀਮ ਦੇ ਮੈਂਬਰ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਲਾਗੂ ਕੀਤੇ ਜਾਣ ਵਾਲੇ ਹੁਕਮਾਂ ਦੀ ਪਾਲਣਾ ਕਰਦੇ ਹਨ ਜਿਨ੍ਹਾਂ ਦੇ ਵਾਸਤੇ ਉਨ੍ਹਾਂ ਨੂੰ ਨਿਯੁਕਤ ਕੀਤਾ ਗਿਆ ਹੈ। ਅਜ ਇਥੇ ਜਾਰੀ ਇਕ ਤਾਬੜਤੋੜ ਬਿਆਨ ਵਿਚ ਮੁਖ ਮੰਤਰੀ ਨੇ ਕਿਹਾ ਕਿ ਭਾਜਪਾ ਦਾ ਆਪਣੇ ਕੁਸ਼ਾਸ਼ਨ ਦਾ ਭਾਰੀਭਰਕਮ ਰਿਕਾਰਡ ਹੈ ਅਤੇ ਕਾਂਗਰਸ ਸਰਕਾਰ ਦੇ ਕੰਮਕਾਜ ਉਪਰ ਟਿਪਣੀ ਕਰਨ ਦਾ ਇਸ ਦੇ ਕਿਸੇ ਵੀ ਮੈਂਬਰ ਕੋਲ ਕੋਈ ਹੱਕ ਨਹੀਂ ਹੈ। ਮੈਂ ਆਪਣੇ ਮੰਤਰੀਆਂ ਨੂੰ ਕੰਮ ਕਰਨ ਦੀ ਪੂਰੀ ਆਜ਼ਾਦੀ ਦਿਤੀ ਹੋਈ ਹੈ ਅਤੇ ਸਾਰੇ ਨੀਤੀਗਤ ਫੈਸਲਿਆਂ ਦਾ ਨਿਰਣਾ ਮੇਰੇ ਵਲੋਂ ਮੰਤਰੀ ਮੰਡਲ ਵਿਚ ਲਿਆ ਜਾਂਦਾ ਹੈ। ਜਿਥੋਂ ਤਕ ਅਫਸਰਾਂ ਦਾ ਸਬੰਧ ਹੈ ਸੀ.ਪੀ.ਸੀ.ਐਮ, ਮੁਖ ਸਕਤਰ, ਡੀ.ਜੀ.ਪੀ ਅਤੇ ਪੀ.ਐਸ ਨੂੰ ਕੰਮ ਸਬੰਧੀ ਹਦਾਇਤਾਂ ਦਿਤੀਆਂ ਹੋਈਆਂ ਹਨ ਪਰ ਮਲਿਕ ਇਸ ਨੂੰ ਸਮਝ ਨਹੀਂ ਸਕਦਾ ਕਿਉਂਕਿ ਭਾਜਪਾ ਦੇ ਪ੍ਰਸ਼ਾਸ਼ਨ ਵਿਚ ਇਸ ਤਰ੍ਹਾਂ ਦੀ ਖ਼ੁਦਮੁਖਤਿਆਰੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਮੁਖ ਮੰਤਰੀ ਨੇ ਕਿਹਾ ਕਿ ਉੁਨ੍ਹਾਂ ਦੇ ਸਟਾਫ ਦਾ ਹਰੇਕ ਮੈਂਬਰ ਕੁਸ਼ਲਤਾਪੂਰਨ ਤਰੀਕੇ ਨਾਲ ਆਪਣਾ ਕੰਮ ਕਰ ਰਿਹਾ ਹੈ ਜਿਸ ਦੇ ਕਰਕੇ ਪ੍ਰਸ਼ਾਸਨ ਦੇ ਹਰ ਖੇਤਰ ਵਿਚ ਸੂਬਾ ਵਧੀਆ ਕਾਰਜ ਨਿਭਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਡੇਢ ਸਾਲ ਦੌਰਾਨ ਉਨ੍ਹਾਂ ਦੀ ਸਰਕਾਰ ਨੇ ਸਰਕਾਰੀ ਅਤੇ ਨਿਜੀ ਖੇਤਰ ਵਿਚ ਨੌਕਰੀਆਂ ਮੁਹਈਆ ਕਰਵਾਇਆ ਹਨ ਅਤੇ 3.89 ਲਖ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਵਿਚ ਲਾਇਆ ਹੈ। ਇਸ ਦੇ ਹਿਸਾਬ ਨਾਲ ਪ੍ਰਤੀ ਦਿਨ 695 ਵਿਅਤੀਆਂ ਨੂੰ ਰੋਜ਼ਗਾਰ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਅਨੇਕਾਂ ਸਾਲਾਂ ਵਿਚ ਪਹਿਲੀ ਵਾਰ ਪੰਜਾਬ ਦੇ ਰਿਅਲ ਅਸਟੇਟ ਖੇਤਰ ਵਿਚ ਉਭਾਰ ਆਇਆ ਹੈ ਜਿਸਦੇ ਕਾਰਨ ਸਟੈਂਪ ਡਿਉਟੀ ਅਤੇ ਰਜਿਸਟਰੇਸ਼ਨ ਮਾਲੀਏ ਵਿਚ 15 ਫੀਸਦੀ ਵਾਧਾ ਹੋਇਆ ਹੈ। ਮੁਖ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਦੇ ਅਗਸਤ ਮਹੀਨੇ ਦੇ ਮੁਕਾਬਲੇ ਇਸ ਅਗਸਤ ਵਿਚ 35.71 ਫੀ ਸਦੀ ਮਾਲੀਆ ਵਧਿਆ ਹੈ। ਖੇਤੀਬਾੜੀ ਸੈਕਟਰ ਦੇ ਸਬੰਧ ਵਿਚ ਮੁਖ ਮੰਤਰੀ ਨੇ ਮਲਿਕ ਨੂੰ ਯਾਦ ਦਿਵਾਇਆ ਕਿ ਪੰਜਾਬ ਨੇ ਪਿਛਲੇ ਸਾਲ ਕਣਕ, ਝੋਨੇ ਅਤੇ ਕਪਾਹ ਦੇ ਖੇਤਰ ਵਿਚ ਰਿਕਾਰਡ ਉਦਪਾਦਨ ਕੀਤਾ ਅਤੇ ਇਸ ਸਾਲ ਵੀ ਸੂਬਾ ਸਾਰੇ ਰਿਕਾਰਡਾਂ ਨੂੰ ਮਾਤ ਪਾਉਣ ਵਲ ਵਧ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਲ 2018 ਦੀ ਹਾੜੀ ਦੌਰਾਨ 178.50 ਲਖ ਟਨ ਕਣਕ ਦਾ ਉਤਪਾਦਨ ਹੋਇਆ ਅਤੇ ਪ੍ਰਤੀ ਹੈਕਟਅਰ ਉਤਪਾਦਕਤਾ 50.90 ਕਵਿੰਟਲ ਹੋਈ ਜੋਕਿ ਅਜ ਤਕ ਦਾ ਸਭ ਤੋਂ ਵਧ ਉਦਪਾਦਨ ਹੈ। ਉਨ੍ਹਾਂ ਕਿਹਾ ਕਿ ਮਿਆਰੀ ਬੀਜ਼ਾਂ, ਖਾਦਾਂ, ਖੇਤੀ ਰਸਾਇਣਾਂ, ਟਿਊਬਵੈਲਾਂ ਲਈ ਬਿਜਲੀ ਅਤੇ ਨਹਿਰੀ ਸਿੰਜਾਈ ਦੀ ਸਮੇਂ ਸਿਰ ਸਪਲਾਈ ਅਤੇ ਵਧੀਆ ਪ੍ਰਬੰਧਨ ਦੇ ਨਤੀਜੇ ਵਜੋਂ ਇਹ ਸਭ ਕੁਝ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਦੇ ਸ਼ਾਸਨ ਦੌਰਾਨ ਵਡੀ ਪਧਰ ’ਤੇ ਭ੍ਰਿਸ਼ਟਾਚਾਰ ਅਤੇ ਇਸ ਦੀਆਂ ਮਾੜੀਆਂ ਨੀਤੀਆਂ ਕਾਰਨ ਪੰਜਾਬ ਤੋਂ ਬਾਹਰ ਚਲਾ ਗਿਆ ਉਦਯੋਗ ਮੁੜ ਸੂਬੇ ਵਿਚ ਆਉਣ ਦੀ ਤਵਕੋ ਕਰ ਰਿਹਾ ਹੈ।