ਰੇਲਵੇ ਸੁਰੱਖਿਆ ਬਲ ਨੇ ਕੀਤਾ ਅੱਠ ਵਿਅਕਤੀਆਂ ਸਮੇਤ ਅਣਪਛਾਤਿਆਂ ’ਤੇ ਮਾਮਲੇ ਦਰਜ
ਰਾਮਪੁਰਾ ਫੂਲ, 30 ਸਤੰਬਰ (ਮਨਦੀਪ ਢੀਂਗਰਾ, ਸੁਖਮੰਦਰ ਰਾਮਪੁਰਾ)- ਦਿੱਲੀ ਤੋਂ ਬੀਕਾਨੇਰ ਨੂੰ ਜਾਣ ਵਾਲੀ ਸਰਾਏ ਰੋਹਿਲਾ ਐਕਸਪ੍ਰੈਸ ਦਾ ਰਾਮਪੁਰਾ ਦੇ ਰੇਲਵੇ ਸਟੇਸ਼ਨ ਤੇ ਠਹਿਰਾਓ ਨਾ ਹੋਣ ਕਾਰਨ ਅੱਜ ਸ਼ਹਿਰ ਦੇ ਲੋਕਾਂ ਨੇ ਸੁਨੀਲ ਬਿੱਟਾ ਦੀ ਅਗਵਾਈ ਵਿਚ ਗੱਡੀਆਂ ਦਾ ਰਾਮਪੁਰਾ ਸਟੇਸ਼ਨ ਤੇ ਧੂਰੀ ਤੋਂ ਬਠਿੰਡਾ ਜਾਣ ਵਾਲੀ ਪੈਸੇਜਰ ਘਿਰਾਓ ਕਰੀਬ 7.40 ਵਜੇ ਕੀਤਾ। ਜਿਕਰਯੋਗ ਰਾਮਪੁਰਾ ਵਿਖੇ ਗੱਡੀ ਦਾ ਸਟਾਪੇਜ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਆਗੂ ਸੁਨੀਲ ਬਿੱਟਾ ਨੇ ਦੱਸਿਆ ਕਿ ਉਕਤ ਰੇਲ ਗੱਡੀ ਦੇ ਰਾਮਪੁਰਾ ਦੇ ਸਟੇਸ਼ਨ ਤੇ ਰੁਕਣ ਸੰਬੰਧੀ ਕਈ ਵਾਰ ਰੇਲਵੇ ਦੇ ਉਚ ਅਧਿਕਾਰੀਆਂ ਤੋ ਸ਼ਹਿਰ ਵਾਸੀ ਵੀ ਮੰਗ ਕਰ ਚੁੱਕੇ ਹਨ ਪਰ ਰੇਲਵੇ ਵਿਭਾਗ ਨੇ ਇਸ ਮੰਗ ਨੂੰ ਅਣਗੋਲਿਆ ਕੀਤਾ ਹੋਇਆ ਹੈ। ਜਿਕਰਯੋਗ ਹੈ ਕਿ 9 ਸਤੰਬਰ ਨੂੰ ਰਾਮਪੁਰਾ ਫੂਲ ਦੇ ਸਟੇਸ਼ਨ ਤੇ ਸਰਾਏ-ਰੋਹਿਲਾ ਐਕਸਪ੍ਰੈਸ ਦੇ ਠਹਿਰਾਓ ਨੂੰ ਲੈ ਕੇ ਰੋਸ ਵੱਜੋਂ ਸ਼ਹਿਰ ਵਾਸੀਆਂ ਨੇ ਗੰਗਾਨਗਰ ਤੋਂ ਹਰਿਦੁਆਰ ਨੂੰ ਜਾਣ ਵਾਲੀ 14512 ਡਾਊਨ ਗੱਡੀ 30 ਮਿੰਟਾਂ ਤੱਕ ਰੋਕੀ ਗਈ ਸੀ। ਮੌਕੇ ਤੇ ਪੁੱਜੇ ਅੰਬਾਲਾ ਡਵੀਜਨ ਦੇ ਰੇਲਵੇ ਅਧਿਕਾਰੀਆਂ ਨੇ ਉਕਤ ਰੇਲ ਗੱਡੀ ਦੇ ਠਹਿਰਾਓ ਦੀ ਮੰਗ ਤੇ ਭਰੋਸਾ ਦਿੱਤਾ ਸੀ ਕਿ 30 ਸਤੰਬਰ ਤੱਕ ਸਰਾਏ ਰੋਹਿਲਾ ਐਕਸਪ੍ਰੈਸ ਦਾ ਸਥਾਨਕ ਰੇਲਵੇ ਸਟੇਸ਼ਨ ਤੇ ਰੁਕਣ ਦੀ ਮਨਜੂਰੀ ਦੇ ਦਿੱਤੀ ਜਾਵੇਗੀ। ਇਸ ਮੌਕੇ ਸਥਾਨਕ ਸਟੇਸ਼ਨ ਮਾਸਟਰ ਵਰਿੰਦਰ ਕੁਮਾਰ ਨੇ ਵਿਸ਼ਵਾਸ ਦਿਵਾਇਆ ਕਿ ਉਹ ਅਕਤੂਬਰ ਦੇ ਆਖੀਰ ਤੱਕ ਇਸ ਟਰੇਨ ਦਾ ਠਹਿਰਾਓ ਰਾਮਪੁਰਾ ਵਿਖੇ ਪੱਕਾ ਕਰਨ ਲਈ ਅਧਿਕਾਰੀਆਂ ਨਾਲ ਗੱਲ ਕਰਨਗੇ।
ਗੱਡੀ ਰੋਕਣ ਕਰਕੇ ਮਾਮਲੇ ਦਰਜ ਕੀਤੇ- ਸਥਾਨਕ ਰੇਲਵੇ ਸੁਰੱਖਿਆ ਬਲ ਨੇ ਗੱਡੀ ਦਾ ਘਿਰਾਓ ਕਰਨ ਦੇ ਮਾਮਲੇ ਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਆਗੂ ਸੁਨੀਲ ਬਿੱਟਾ, ਸੁਖਦੇਵ ਸੁੱਖੀ, ਸ਼ੈਰੀ ਸਿੰਘ, ਸੰਦੀਪ ਸਿੰਘ, ਸ਼ੰਮੀ, ਰਾਜੇਸ਼ ਕੁਮਾਰ,ਜੀਵਨ ਕੁਮਾਰ ਖਿਲਾਫ ਮਾਮਲਾ ਦਰਜ ਕੀਤਾ ਹੈ। ਜਦਕਿ 30-35 ਅਣਪਛਾਤੇ ਵਿਅਕਤੀਆਂ ਤੇ ਵੀ ਰੇਲਵੇ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਇਸ ਸੰਬੰਧੀ ਸੁਨੀਲ ਬਿੱਟਾ ਨੇ ਕਿਹਾ ਕਿ ਰੇਲਵੇ ਨੇ ਭਾਂਵੇ ਰੇਲ ਗੱਡੀ ਦੇ ਠਹਿਰਾਓ ਲਈ 28 ਅਕਤੂਬਰ ਤੱਕ ਦਾ ਸਮਾਂ ਮੰਗਿਆ ਗਿਆ ਹੈ। ਪਰ ਸਾਡੇ ਜਿੰਨੇ ਮਰਜੀ ਮਾਮਲੇ ਦਰਜ ਹੋ ਜਾਣ ਪਰ ਲੋਕਾਂ ਦੀ ਸਹੂਲਤ ਲਈ ਦਿੱਲੀ-ਬੀਕਾਨੇਰ ਐਕਸਪ੍ਰੈਸ ਦਾ ਸਟਾਪੇਲ ਲੈ ਕੇ ਰਹਾਂਗੇ।