ਜਗਰਾਉਂ, 26 ਸਤੰਬਰ (ਪਰਮਜੀਤ ਸਿੰਘ ਗਰੇਵਾਲ)- ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ ਦੇ ਦਿਸ਼ਾ ਨਿਰਦੇਸ਼ਾ ਤੇ ਸਮਾਜ ਵਿਰੋਧੀ ਅਨਸਰਾਂ ਅਤੇ ਸਮੱਗਲਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਨੂੰ ਵੱਡੀ ਸਫਲਤਾ ਹਾਸਿਲ ਹੋਈ, ਜਿਸ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ. ਐਸ. ਪੀ.ਵਰਿੰਦਰ ਸਿੰਘ ਬਰਾੜ, ਨੇ ਦੱਸਿਆ ਗਿਆ ਕਿ ਐਸ. ਪੀ. (ਇੰਨ:) ਤਰੁਨ ਰਤਨ ਅਤੇ ਡੀ. ਐਸ. ਪੀ. (ਇੰਨ:) ਅਮਨਦੀਪ ਸਿੰਘ ਦੀ ਅਗਵਾਈ ਅਧੀਨ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਲਖਬੀਰ ਸਿੰਘ ਦੀ ਨਿਗਰਾਨੀ ਹੇਠ ਐਸ.ਆਈ ਚਮਕੌਰ ਸਿੰਘ ਅਤੇ ਏ.ਐਸ.ਆਈ ਗੁਰਸੇਵਕ ਸਿੰਘ ਸਮੇਤ ਪੁਲਿਸ ਪਾਰਟੀ ਲੰਮੇ ਜੱਟਪੁਰਾ ਤੋਂ ਪਿੰਡ ਝੋਰੜਾਂ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਟੀ-ਪੁਆਇੰਟ ਬੱਸੀਆਂ ਨੇੜੇ ਪਹੁੰਚੀ ਤਾਂ ਪਿੰਡ ਝੋਰੜਾਂ ਵੱਲੋਂ ਇੱਕ ਟਰੱਕ ਆਉਂਦਾ ਦਿਖਾਈ ਦਿੱਤਾ। ਪੁਲਿਸ ਪਾਰਟੀ ਨੇ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਟਰੱਕ ਚਾਲਕ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣਾ ਟਰੱਕ ਪਿੱਛੇ ਹੀ ਇੱਕਦਮ ਰੋਕ ਕੇ ਟਰੱਕ ਵਿੱਚੋਂ ਉਤਰ ਕੇ ਪਿੱਛੇ ਵੱਲ ਨੂੰ ਭੱਜਣ ਲੱਗਾ, ਜਿਸ ’ਤੇ ਸ਼ੱਕ ਪੈਣ ਤੇ ਪੁਲਿਸ ਪਾਰਟੀ ਨੇ ਉਸ ਨੂੰ ਕਾਬੂ ਕੀਤਾ, ਜਿਸ ਨੂੰ ਜੋਗਾ ਸਿੰਘ ਉਰਫ ਹੈਪੀ ਪੁੱਤਰ ਚਰਨ ਸਿੰਘ ਵਾਸੀ ਪਿੰਡ ਢੁੱਡੀਕੇ ਜਿਲ੍ਹਾ ਮੋਗਾ ਚਲਾ ਰਿਹਾ ਸੀ। ਪੁਲਿਸ ਪਾਰਟੀ ਵੱਲੋ ਟਰੱਕ ਨੰਬਰ ਪੀ.ਬੀ-29.ਕੇ.ਵਾਈ-9283 ਦੀ ਚੈਕਿੰਗ ਕਰਨ ਤੇ ਟਰੱਕ ਪਲਾਸਟਿਕ ਦਾ ਸਮਾਨ ਤਿਆਰ ਕਰਨ ਵਾਲੇ ਸਮਾਨ ਨਾਲ ਭਰਿਆ ਪਿਆ ਸੀ ਤੇ ਹੇਠਾਂ 10 ਗੱਟੂ ਪਲਾਸਟਿਕ ਰੰਗ ਚਿੱਟਾ ਮੂੰਹ ਬੰਨ੍ਹੇ ਹੋਏ, ਜਿਸ ਵਿੱਚੋਂ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ, ਜਿਹਨਾਂ ਦਾ ਵਜਨ ਢਾਈ ਕੁਇੰਟਲ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਜੋਗਾ ਸਿੰਘ ਉਰਫ ਹੈਪੀ ਪੁੱਤਰ ਚਰਨ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਮੁਕੱਦਮਾ ਨੰਬਰ 148 ਅ/ਧ 15/25/61/85 ਐਨ.ਡੀ.ਪੀ.ਐਸ ਐਕਟ ਥਾਣਾ ਹਠੂਰ ਦਰਜ ਰਜਿਸਟਰ ਕੀਤਾ ਗਿਆ। ਐਸ. ਐਸ. ਪੀ. ਨੇ ਦੱਸਿਆ ਕਿ ਦੋਸ਼ੀ ਦਾ ਰਿਮਾਂਡ ਹਾਸਿਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।