May 4, 2026 2:33 pm

ਜੇ ਘਰੇ ਬਜ਼ੁਰਗ ਹਨ ਤਾਂ ਰੱਬ ਕਿਤੋਂ ਹੋਰ ਕਿਉਂ ਲੱਭਣਾ

ਪੰਜਾਬ ਦੇ ਲੋਕਾਂ ਨੂੰ ਅਮੀਰ ਪੰਜਾਬੀ ਵਿਰਸੇ ਦੇ ਭਾਗਸ਼ਾਲੀ ਵਾਰਿਸ ਹੋਣ ਦਾ ਮਾਣ ਹਾਸਿਲ ਹੈ। ਸੰਯੁਕਤ ਪਰਿਵਾਰ ਤਾਂ ਮੁਢ ਤੋਂ ਹੀ ਪੰਜਾਬੀ ਸਭਿਆਚਾਰ ਦਾ ਹਿਸਾ ਰਹੇ ਹਨ। ਵਿਕਾਸ ਦੀ ਅੰਨ੍ਹੀ ਦੌੜ ਵਿਚ ਲਗੇ ਅਜੋਕੇ ਸਮਾਜ ਦੀ ਸਮੇਂ ਦੇ ਨਾਲ ਨਾਲ ਸਭਿਆਚਾਰ ਦੇ ਇਸ ਮੁਲਵਾਨ ਅੰਗ ਪ੍ਰਤੀ ਵੀ ਸੋਚ ਬਦਲਦੀ ਜਾ ਰਹੀ ਹੈ। ਬਜ਼ੁਰਗ ਜੋ ਕਿ ਕਿਸੇ ਵੀ ਸੰਯੁਕਤ ਪਰਿਵਾਰ ਦਾ ਮੁਖ ਸਰਮਾਇਆ ਹੁੰਦੇ ਹਨ, ਉਹ ਵੀ ਨਿਊਕਲੀਅਰ ਪਰਿਵਾਰ ਰੂਪੀ ਸੋਚ ਦੇ ਝਖੜ ਵਿਚ ਰੁਲ਼ਦੇ ਜਾ ਰਹੇ ਹਨ। ਜਿਹਨਾਂ ਮਾਪਿਆਂ ਨੇ ਇਕਲੇ ਹੀ ਚਾਰ ਚਾਰ ਪੁਤਾਂ ਨੂੰ ਪਾਲਿਆ ਹੋਵੇ, ਬੁਢਾਪੇ ਵਿਚ ਉਹ ਚਾਰ ਮਿਲ ਕੇ ਵੀ ਉਹਨਾਂ ਦੀ ਦੇਖਭਾਲ ਦੀ ਜਿੰਮੇਵਾਰੀ ਤੋਂ ਲਾਂਭੇ ਹੋ ਜਾਂਦੇ ਹਨ। ਜਿਨ੍ਹਾਂ ਨੇ ਔਲਾਦ ਨੂੰ ਉਂਗਲ ਫੜ੍ਹ ਕੇ ਚਲਣਾ ਸਿਖਾਇਆ ਹੋਵੇ ਬੁਢਾਪੇ ਵਿਚ ਉਹ ਹੀ ਮਾਪਿਆਂ ਦਾ ਹਥ ਝਟਕ ਦਿੰਦੇ ਹਨ।
ਕਹਿੰਦੇ ਹਨ ਜਿਸ ਘਰ ਵਿਚ ਬਜ਼ੁਰਗ ਮਾਪੇ ਹੋਣ, ਉਸ ਘਰ ਦੇ ਜੀਆਂ ਨੂੰ ਧਾਰਮਿਕ ਸਥਾਨਾਂ ਤੇ ਜਾ ਕੇ ਮਥੇ ਰਗੜ ਕੇ ਰਬ ਲਭਣ ਦੀ ਲੋੜ ਨਹੀਂ। ਮਾਂ ਨੂੰ ਤਾਂ ਰਬ ਦਾ ਹੀ ਰੂਪ ਮੰਨਿਆ ਜਾਂਦਾ ਹੈ। ਮਾਂ ਦੀ ਕੁਰਬਾਨੀ ਦਾ ਮੁਲ ਤਾਂ ਸਾਰੀ ਧਰਤੀ ਦਾ ਮਾਲਕ ਵੀ ਨਹੀਂ ਤਾਰ ਸਕਦਾ ਪਰ ਜਿਨ੍ਹਾਂ ਮਾਪਿਆਂ ਨੇ ਬਚਪਨ ਵਿਚ ਆਪਣੇ ਮੂੰਹੋਂ ਰੋਟੀ ਕਢ ਕੇ ਔਲਾਦ ਨੂੰ ਪਾਲਿਆ ਹੋਵੇ, ਉਹਨਾਂ ਨੂੰ ਹੀ ਬੁਢਾਪੇ ਵਿਚ ਰੋਟੀ ਦੀ ਇਕ ਇਕ ਬੁਰਕੀ ਲਈ ਤਰਸਾ ਦਿਤਾ ਜਾਂਦਾ ਹੈ। ਜਿਹਨਾਂ ਪੁਤਾਂ ਨੂੰ ਮਾਪੇ ਦੁਧ ਘਿਓ ਨਾਲ ਪਾਲਦੇ ਪੋਸਦੇ ਰਹੇ, ਉਹ ਹੀ ਉਹਨਾਂ ਨੂੰ ਬੁਢਾਪੇ ਵਿਚ ਪਾਣੀ ਦੀ ਇਕ ਇਕ ਬੂੰਦ ਲਈ ਤਰਸਾ ਦੇਂਦੇ ਹਨ। ਬਚਪਨ ਵਿਚ ਬਚੇ ਨੂੰ ਬੋਲਣਾ ਸਿਖਾਉਣ ਵਾਲੇ ਮਾਪਿਆਂ ਦਾ ਮੂੰਹ ਬੁਢਾਪੇ ਵਿਚ ਘਟਿਆ ਤੋਹਮਤਾਂ ਲਗਾ ਕੇ ਬੰਦ ਕਰ ਦਿਤਾ ਜਾਂਦਾ ਹੈ। ਕਹਿੰਦੇ ਹਨ ਮਾਪਿਆਂ ਨੂੰ ਦੁਰਕਾਰਣ ਨਾਲ ਤਾਂ ਰਬ ਵੀ ਰੁਸ ਜਾਂਦਾ ਹੈ। ਅਜਿਹੇ ਰਬ ਰੂਪੀ ਮਾਪਿਆਂ ਨਾਲ ਮਾੜਾ ਸਲੂਕ ਕਰਨ ਤੋਂ ਪਹਿਲਾਂ ਬਚਿਆਂ ਨੂੰ ਸੌ ਵਾਰ ਸੋਚ ਲੈਣਾ ਚਾਹੀਦਾ ਹੈ ਕਿ ਅਜ ਅਸੀਂ ਜਵਾਨ ਹਾਂ ਪਰ ਸਮੇਂ ਦੇ ਪਹਿਏ ਨੇ ਕਦੇ ਉਹਨਾਂ ਨੂੰ ਵੀ ਇਸੇ ਸਟੇਜ਼ ਤੇ ਲੈ ਆਉਣਾ ਹੈ।
ਘਰਾਂ ਵਿਚ ਬਜ਼ੁਰਗ ਤਾਂ ਉਹ ਘਣੇ ਛਾਂਦਾਰ, ਫਲਦਾਰ ਰੁਖਾਂ ਵਾਂਗ ਹੁੰਦੇ ਹਨ, ਜੋ ਸਾਰੀ ਉਮਰ ਬਚਿਆਂ ਨੂੰ ਆਪਣੀ ਹਿਕ ਨਾਲ ਲਾ ਕੇ, ਸੁਰਖਿਅਤ ਰਖ ਕੇ ਸਹੀ ਪਾਲਣ ਪੋਸ਼ਣ ਦਾ ਫਲ ਦੇਂਦੇ ਹਨ ਅਤੇ ਉਮਰ ਦੇ ਆਖਰੀ ਪੜਾਅ ਵਿਚ ਵੀ ਉਹਨਾਂ ਨੂੰ ਆਪਣੇ ਗਿਆਨ ਅਤੇ ਤਜ਼ਰਬੇ ਰੂਪੀ ਛਾਂ ਦੇ ਕੇ ਤਤੀ ‘ਵਾ ਨਹੀਂ ਲਗਣ ਦੇਂਦੇ। ਕਿਸੇ ਗੀਤਕਾਰ ਨੇ ਠੀਕ ਹੀ ਕਿਹਾ ਹੈ ਠਤਿੰਨ ਰੰਗ ਨਈਂ ਲਭਣੇ ਬੀਬਾ, ਹੁਸਨ, ਜਵਾਨੀ ਤੇ ਮਾਪੇਠ। ਘਰ ਦੇ ਬਜ਼ੁਰਗ ਤਾਂ ਪਿਆਰ ਦੇ ਭੁਖੇ ਹੁੰਦੇ ਹਨ, ਜੋ ਆਪਣੇ ਕਮਜ਼ੋਰ, ਝੁਰੜੀਦਾਰ ਹਥਾਂ ਨੂੰ ਔਲਾਦ ਦੇ ਸਿਰ ਤੇ ਰਖ ਕੇ ਉਹਨਾਂ ਨੂੰ ਜ਼ਮਾਨੇ ਦੀਆਂ ਸਾਰੀਆਂ ਖੁਸ਼ੀਆਂ ਆਪਣੇ ਅਸ਼ੀਰਵਾਦਾਂ ਦੀ ਪੋਟਲੀ ਵਿਚ ਬੰਨ ਕੇ ਦੇ ਦੇਂਦੇਂ ਹਨ।
ਸੰਯੁਕਤ ਪਰਿਵਾਰਾਂ ਵਿਚ ਜਦੋਂ ਬਜ਼ੁਰਗਾਂ ਨੂੰ ਬਣਦਾ ਮਾਣ ਸਨਮਾਨ ਨਹੀਂ ਮਿਲਦਾ ਤਾਂ ਮਜ਼ਬੂਰੀ ਵਸ਼ ਉਹਨਾਂ ਨੂੰ ਬਿਰਧ ਆਸ਼ਰਮਾਂ ਵਿਚ ਇਕਲਾਪੇ ਵਿਚ ਨਿਵਾਸ ਕਰਨਾ ਪੈਂਦਾ ਹੈ। ਬਜ਼ੁਰਗਾਂ ਨੂੰ ਬਿਰਧ ਆਸ਼ਰਮਾਂ ਵਿਚ ਰੁਲਣ ਲਈ ਮਜ਼ਬੂਰ ਕਰਨ ਲਈ ਪੁਤਾਂ ਨੂੰ ਜਿੰਮੇਵਾਰ ਠਹਿਰਾਉਣ ਤੋਂ ਪਹਿਲਾਂ ਇਹ ਵੀ ਸੋਚ ਲੈਣਾ ਚਾਹੀਦਾ ਹੈ ਕਿ ਵਿਆਹ ਤੋਂ ਬਾਅਦ ਹੀ ਅਜਿਹਾ ਕਿਉਂ ਹੁੰਦਾ ਹੈ ? ਜੇ ਅਕਸਰ ਵਿਆਹ ਤੋਂ ਬਾਅਦ ਹੀ ਅਜਿਹਾ ਹੁੰਦਾ ਹੈ ਤਾਂ ਨੂੰਹਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਅਜਿਹੀ ਸੋਚ ਵਾਲੀ ਭਾਬੀ ਜੇਕਰ ਉਸਦੇ ਪੇਕੇ ਵੀ ਆ ਗਈ ਤਾਂ ਕਿ ਉਹ ਆਪਣੇ ਬਜ਼ੁਰਗ ਮਾਪਿਆਂ ਦੀ ਦੇਖਭਾਲ ਦੀ ਜਿੰਮੇਵਾਰੀ ਨਿਭਾ ਪਾਵੇਗੀ ਜਾਂ ਨਹੀਂ ? ਸਰਕਾਰ ਨੂੰ ਵੀ ਚਾਹਿਦਾ ਹੈ ਕਿ ਸਮੇਂ ਸਮੇਂ ਤੇ ਬਿਰਧ ਆਸ਼ਰਮਾਂ ਵਿਚ ਰੁਲ਼ਦੇ ਬਜ਼ੁਰਗਾਂ ਦੀ ਇਸ ਹਾਲਤ ਦੇ ਜਿੰਮੇਵਾਰ ਉਹਨਾਂ ਦੀ ਔਲਾਦਾਂ ਨੂੰ ਸਵਾਲਾਂ ਦੀ ਕਟਹਿਰੀ ਵਿਚ ਲਿਆ ਕੇ ਬਜ਼ੁਰਗਾਂ ਦੀ ਤਰਸਯੋਗ ਹਾਲਤ ਸੁਧਾਰਨ ਲਈ ਹੰਬਲੇ ਮਾਰੇ।ਬਚਿਆਂ ਨੂੰ ਵੀ ਮੁਢ ਤੋਂ ਹੀ ਘਰ ਦੇ ਬਜ਼ੁਰਗਾਂ ਦੀ ਇਜ਼ਤ ਕਰਨਾ ਸਿਖਾਉਣਾ ਚਾਹੀਦਾ ਹੈ। ਇਸ ਬਾਰੇ ਜਿਥੇ ਮਾਂ ਬਾਪ ਦਾ ਅਹਿਮ ਰੋਲ ਹੁੰਦਾ ਹੈ, ਉਥੇ ਹੀ ਸਕੂਲਾਂ ਵਿਚ ਵੀ ਉਹਨਾਂ ਨੂੰ ਬਜ਼ੁਰਗਾਂ ਦੇ ਮਾਨ ਸਨਮਾਨ ਅਤੇ ਮਹਤਤਾ ਲਈ ਪ੍ਰੇਰਨ ਲਈ ਸਵੇਰ ਦੀ ਅਸੇੰਬਲੀ ਵਿਚ ਦਸਿਆ ਜਾ ਸਕਦਾ ਹੈ। ਸਕੂਲਾਂ ਵਿਚ ਪੀ ਟੀ ਐਮ ਦੀ ਤਰਜ਼ ਤੇ ਗ੍ਰੈੰਡ ਪਰੈਂਟਸ ਟੀਚਰ ਮੀਟਿੰਗ ਵੀ ਹੋਣੀ ਚਾਹੀਦੀ ਹੈ। ਜਦੋਂ ਬਚੇ ਸਕੂਲ ਵਿਚ ਆਪਣੇ ਦਾਦਾ ਦਾਦੀ ਨਾਲ ਆਉਣਗੇ ਤਾਂ ਉਹਨਾਂ ਦੀਆਂ ਮੋਹ ਪਿਆਰ ਨਾਲ ਭਿਜੀਆਂ ਤੰਦਾਂ ਹੋਰ ਵੀ ਮਜ਼ਬੂਤ ਹੋਣਗੀਆਂ। ਬਜ਼ੁਰਗ ਤਾਂ ਕਿਸੇ ਚਲਦੀ ਫਿਰਦੀ ਲਾਇਬ੍ਰੇਰੀ ਵਾਂਗ ਹੁੰਦੇ ਹਨ ਇਸ ਲਈ ਸਵੇਰ ਦੀ ਅਸੇੰਬਲੀ ਵਿਚ ਹਫਤੇ ਵਿਚ ਇਕ ਵਾਰ ਕਿਸੇ ਬਜ਼ੁਰਗ ਵਲੋਂ ਗੈਸਟ ਲੈਕਚਰ ਦਵਾ ਕੇ ਬਚਿਆਂ ਨੂੰ ਬਜ਼ੁਰਗਾਂ ਤੋਂ ਗਿਆਨ ਦੇ ਮੋਤੀ ਬਟੋਰਨ ਦਾ ਮੌਕਾ ਦਿਤਾ ਜਾ ਸਕਦਾ ਹੈ। ਬਜ਼ੁਰਗਾਂ ਦੀਆਂ ਪ੍ਰੇਮ ਪਿਆਰ, ਝਿੜਕਾਂ ਵਿਚ ਛੁਪੇ ਗਿਆਨ ਦੀਆਂ ਗਲਾਂ ਨੂੰ ਸਾਰੇ ਸਮਾਜ਼ ਨਾਲ ਸਾਂਝਾ ਕਰਨ ਲਈ ਅਖਬਾਰਾਂ ਵਿਚ ਵੀ ਕੋਈ ਇਕ ਦਿਨ ਸਿਰਫ਼ ਉਹਨਾਂ ਦੇ ਤਜ਼ਰਬੇ ਸਾਂਝੇ ਕਰਨ ਲਈ ਰਖਿਆ ਜਾ ਸਕਦਾ ਹੈ।
ਕਾਨੂੰਨ ਦਵਾਰਾ 2005 ਦੇ ਐਕਟ ਅਨੁਸਾਰ ਧੀਆਂ ਨੂੰ ਵੀ ਮਾਂ ਬਾਪ ਦੀ ਪ੍ਰਾਪਰਟੀ ਵਿਚ ਬਰਾਬਰ ਦਾ ਹਿਸੇਦਾਰ ਮੰਨਿਆ ਜਾਂਦਾ ਹੈ। ਹੁਣ ਧੀਆਂ ਦਾ ਵੀ ਫਰਜ਼ ਬਣਦਾ ਹੈ ਕਿ ਸਿਰਫ ਭਾਵਨਾਤਮਕ ਹੀ ਨਹੀਂ ਸਗੋਂ ਲੋੜ ਪੈਣ ਤੇ ਮਾਂ ਬਾਪ ਦੀ ਆਰਥਿਕ ਮਦਦ ਤੋਂ ਵੀ ਗੁਰੇਜ਼ ਨਾਂ ਕਰਨ। ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਬਜ਼ੁਰਗ ਮਾਂ ਬਾਪ ਜਦੋਂ ਆਪਣੀ ਸੰਪਤੀ ਦਾ ਬਟਵਾਰਾ ਕਰ ਕੇ ਧੀ ਪੁਤਾਂ ਵਿਚ ਵੰਡਦੇ ਹਨ, ਉਸ ਤੋਂ ਬਾਅਦ ਹੀ ਉਹਨਾਂ ਦੀ ਦੁਰਦਸ਼ਾ ਦਾ ਦੌਰ ਸ਼ੁਰੂ ਹੁੰਦਾ ਹੈ। ਇਕ ਵਾਰ ਜਾਇਦਾਦ ਮਿਲ ਜਾਵੇ ਤਾਂ ਔਲਾਦ ਉਹਨਾਂ ਨਾਲ ਅਖਾਂ ਨਹੀਂ ਰਲਾਉਂਦੀ। ਜੇਕਰ ਹਰ ਸਾਲ-ਛੇ ਮਹੀਨੇ ਬਾਅਦ ਦੁਬਾਰਾ ਬਜ਼ੁਰਗਾਂ ਦੀ ਜਾਇਦਾਦ ਬਟਵਾਰੇ ਸਬੰਧੀ ਸਹਿਮਤੀ ਲੈਣ ਦੀ ਹੀ ਕਾਨੂੰਨੀ ਧਾਰਾ ਜੁੜ ਜਾਵੇ ਤਾਂ ਇਹ ਉਹਨਾਂ ਦੀ ਦਸ਼ਾ ਸੁਧਾਰਨ ਵਿਚ ਵਡਾ ਕਦਮ ਸਾਬਤ ਹੋ ਸਕਦਾ ਹੈ।
ਭਾਵੇਂ ਬੁਢਾਪਾ ਖ਼ੁਦ ਇਕ ਬਿਮਾਰੀ ਹੈ ਪਰ ਫਿਰ ਵੀ ਸਰਕਾਰ ਦਾ ਫਰਜ਼ ਹੈ ਕਿ ਬੁਢਾਪੇ ਵਿਚ ਹੋਣ ਵਾਲੀਆਂ ਆਮ ਬਿਮਾਰੀਆਂ ਦੇ ਮੁਫ਼ਤ ਇਲਾਜ਼ ਦਾ ਪ੍ਰਬੰਧ ਕਰ ਕੇ ਬਜ਼ੁਰਗਾਂ ਨੂੰ ਬੁਢਾਪੇ ਦੀਆਂ ਤਕਲੀਫ਼ਾਂ ਤੋਂ ਬਚਾ ਕੇ ਉਹਨਾਂ ਦੇ ਉਮਰ ਦੇ ਆਖਰੀ ਪੜਾਅ ਨੂੰ ਖ਼ੁਸ਼ਨੁਮਾ ਬਨਾਉਣ ਦੇ ਉਪਰਾਲੇ ਕਰੇ। ਹਰ ਸਾਲ-ਛੇ ਮਹੀਨੇ ਬਾਅਦ ਉਹਨਾਂ ਦਾ ਮੈਡੀਕਲ ਚੈਕਅਪ ਹੋਣਾ ਜ਼ਰੂਰੀ ਹੋਵੇ। ਜੇ ਉਹਨਾਂ ਦੀ ਸਿਹਤ ਗੈਰ ਦੇਖਭਾਲ ਜਾਂ ਕੁਪੋਸ਼ਣ ਨਾਲ ਵਿਗੜਦੀ ਹੈ ਤਾਂ ਵਾਲੀ ਵਾਰਸਾਂ ਤੋਂ ਪੁਛ ਪੜਤਾਲ ਹੋਵੇ। ਸਰਕਾਰ ਨੂੰ ਵੀ ਚਾਹਿਦਾ ਹੈ ਕਿ ਸੀਨੀਅਰ ਸਿਟੀਜ਼ਨਸ ਦੀਆਂ ਮੁਲਵਾਨ ਸੇਵਾਵਾਂ ਕਿਸੇ ਨਾਂ ਕਿਸੇ ਸਮਾਜ ਭਲਾਈ ਦੇ ਕੰਮਾਂ ਵਿਚ ਲੈਂਦੀ ਰਹੇ ਤਾਂ ਜੋ ਉਹ ਆਪਣੇ ਆਪ ਨੂੰ ਆਖਰੀ ਦਮ ਤਕ ਊਰਜਾਵਾਨ ਮਹਿਸੂਸ ਕਰਦੇ ਰਹਿਣ।
ਮੁਲਕ ਦੇ ਮਤਲਬਪ੍ਰਸਤ ਨੇਤਾਵਾਂ ਦਵਾਰਾ ਚੋਣਾਂ ਤੋਂ ਪਹਿਲਾਂ ਉਹਨਾਂ ਨੂੰ ਜੋ ਸਬਜ਼ ਬਾਗ ਦਿਖਾਏ ਜਾਂਦੇ ਹਨ, ਚੁਨਾਵ ਜਿਤਣ ਤੋਂ ਬਾਅਦ ਉਹ ਸਿਰਫ ਜੁਮਲੇ ਬਣ ਕੇ ਰਹਿ ਜਾਂਦੇ ਹਨ। ਜੇਕਰ ਸੀਨੀਅਰ ਸਿਟੀਜ਼ਨ ਦੇ ਵੋਟ ਨੂੰ ਚੋਣਾਂ ਵਿਚ ਜਿਆਦਾ ਵੇਟੇਜ਼ ਦੇ ਦਿਤੀ ਜਾਵੇ ਤਾਂ ਹਰ ਰਾਜਨੀਤਿਕ ਪਾਰਟੀ ਸਤਾ ਦੇ ਲਾਲਚ ਵਿਚ ਹੀ ਸਹੀ ਉਹਨਾਂ ਦੀ ਬੇਹਤਰੀ ਲਈ ਪਾਲਸੀਆਂ ਬਣਾਉਣ ਲਈ ਆਪ ਹੀ ਮਜ਼ਬੂਰ ਹੋ ਜਾਣਗੀਆਂ। ਭਾਵੇਂ ਇਹ ਦੂਰ ਦੀ ਕੌਡੀ ਹੈ ਪਰ ਇਸ ਬਾਰੇ ਗੰਭੀਰ ਚਰਚਾ ਦੀ ਲੋੜ ਹੈ। ਜੇਕਰ ਸਰਕਾਰ ਮਾਮੂਲੀ ਜਿਹੀ ਪੈਨਸ਼ਨ ਲਈ ਬੈਂਕਾਂ ਅਗੇ ਧੁਪੇ ਲਾਈਨਾਂ ਵਿਚ ਝੁਲਸਦੇ ਬਜ਼ੁਰਗਾਂ ਨੂੰ ਘਰ ਬੈਠੇ ਪੈਨਸ਼ਨ ਦਵਾਉਣ ਦੀ ਹੀ ਖੇਚਲ ਕਰ ਲਵੇ ਤਾਂ ਵੀ ਬਿਰਧ ਅਵਸਥਾ ਦਾ ਆਖਰੀ ਸਫ਼ਰ ਸੁਹਾਵਣਾ ਸਫ਼ਰ ਬਣ ਸਕਦਾ ਹੈ। ਬਜ਼ੁਰਗਾਂ ਨੂੰ ਵੀ ਚਾਹੀਦਾ ਹੈ ਕਿ ਉਹ ਨਵੀਂ ਪੀੜੀ ਦੀ ਭਾਵਨਾਵਾਂ ਨੂੰ ਸਮਝੇ ਅਤੇ ਪਰਿਵਾਰ ਵਿਚ ਬੇਲੋੜੀ ਨੁਕਤਾਚੀਨੀ ਨਾਂ ਕਰਨ ਜਿਸ ਨਾਲ ਪਰਿਵਾਰਕ ਮਾਹੌਲ ਦੀ ਮਿਠਾਸ ਬਣੀ ਰਹੇ।

Send this to a friend