June 20, 2026 2:40 pm

ਟੁਟਿਆ ਸੂਆ, ਕਿਸਾਨਾਂ ਨੇ ਆਪ ਹੀ ਭਰਿਆ ਪਾੜ

ਸਰਦੂਲਗੜ੍ਹ, 23 ਸਤੰਬਰ (ਬਲਜੀਤ ਪਾਲ)- ਨਿਊ ਢੰਡਾਲ ਨਹਿਰ ਵਿਚੋਂ ਨਿਕਲਦੇ ਰੋੜਕੀ ਮਾਈਨਰ ਦੇ ਟੁਟਣ ਨਾਲ ਕੌੜੀਵਾੜਾ ਦੇ ਨਜ਼ਦੀਕ 60 ਤੋਂ 70 ਏਕੜ ਫ਼ਸਲ ਵਿਚ ਪਾਣੀ ਭਰ ਗਿਆ, ਜਿਸ ਨੂੰ ਕਿਸਾਨਾਂ ਨੇ ਇਕਠੇ ਹੋ ਕੇ ਹੀ ਮਿਟੀ ਦੇ ਗਟਿਆਂ ਨਾਲ ਭਰ ਦਿਤਾ। ਜਾਣਕਾਰੀ ਦਿੰਦਿਆਂ ਕਿਸਾਨ ਗੁਰਮੇਜ ਸਿੰਘ ਨੇ ਦਸਿਆ ਕੇ ਸ਼ਨੀਵਾਰ ਦੀ ਸ਼ਾਮ ਨੂੰ ਸੂਏ ਵਿਚ ਪਾੜ ਪੈ ਗਿਆ, ਇਸ ਸਬੰਧ ਵਿਚ ਨਹਿਰੀ ਵਿਭਾਗ ਨੂੰ ਤੁਰੰਤ ਸੂਚਿਤ ਕਰ ਦਿਤਾ ਗਿਆ ਸੀ। ਪਰ ਮਹਿਕਮੇ ਵਲੋਂ ਇਸ ਦੀ ਕੋਈ ਸਾਰ ਨਹੀਂ ਲਈ ਗਈ। ਕਿਸਾਨ ਕੁਲਦੀਪ ਸਿੰਘ ਗਰੇਵਾਲ ਨੇ ਦਸਿਆ ਕਿ ਇਸ ਤੋਂ ਪਹਿਲਾਂ ਵੀ ਰੋੜਕੀ ਮਾਈਨਰ ਬਹੁਤ ਵਾਰ ਟੁਟ ਚੁਕਾ ਹੈ, ਜਿਸ ਕਾਰਨ ਨਰਮੇ ਅਤੇ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੁੰਦਾ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਇਸ ਸਮਸਿਆ ਦਾ ਪਕਾ ਹਲ ਕੀਤਾ ਜਾਵੇ। ਇਸ ਸਬੰਧੀ ਨਹਿਰੀ ਵਿਭਾਗ ਦੇ ਐਸਡੀਓ ਗੁਣਦੀਪ ਸਿੰਘ ਨਾਲ ਫੋਨ ਤੇ ਗਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕਿਸਾਨ ਆਪਣੀ ਸਹਿਮਤੀ ਨਾਲ ਹੀ ਇਸ ਨੂੰ ਭਰ ਲੈਂਦੇ ਹਨ ਜਦਕਿ ਉਨ੍ਹਾਂ ਨੂੰ ਸਰਕਾਰ ਤੋਂ ਮਨਜ਼ੂਰ ਲੈਣ ਵਿਚ ਸਮਾਂ ਲਗ ਜਾਂਦਾ ਹੈ, ਉਨ੍ਹਾਂ ਨੇ ਫੰਡ ਘਟ ਹੋਣ ਦਾ ਹਵਾਲਾ ਵੀ ਦਿਤਾ। ਇਸ ਮੌਕੇ ਹਰਦੀਪ ਸਿੰਘ, ਨੈਬ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸਿੰਘ, ਗੁਰਦਾਸ ਸਿੰਘ, ਅਵਤਾਰ ਸਿੰਘ, ਰਛਪਾਲ ਸਿੰਘ, ਭਾਗਾ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।

Send this to a friend