May 4, 2026 1:26 am

‘ਆਪ’ ਵੱਲੋਂ ਕੈਪਟਨ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ

ਚੰਡੀਗੜ੍ਹ, 23 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਆਮ ਆਦਮੀ ਪਾਰਟੀ (ਆਪ) ਪੰਜਾਬ 25 ਸਤੰਬਰ ਨੂੰ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਦਾ ਘਿਰਾਓ ਕਰੇਗੀ। ‘ਆਪ‘ ਨੇ ਸੰਗਰੂਰ ਜ਼ਿਲ੍ਹੇ ਦੇ ਝਾੜੋਂ ਸੰਮਤੀ ਜ਼ੋਨ ਤੋਂ ‘ਆਪ‘ ਦੇ ਅਪਾਹਜ ਤੇ ਦਲਿਤ ਉਮੀਦਵਾਰ ਜਗਸੀਰ ਸਿੰਘ ਸੀਰਾ ਦੀ ਕੁਟਮਾਰ ਦੇ ਮਾਮਲੇ ਨੂੰ ਲੈ ਕੇ ਇਹ ਐਲਾਨ ਕੀਤਾ ਹੈ। ‘ਆਪ‘ ਨੇ ਇਲਜ਼ਾਮ ਲਾਇਆ ਹੈ ਕਿ ਇਸ ਮਾਮਲੇ ਵਿਚ ਸ਼ਾਮਲ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਜਿੰਦਰ ਸਿੰਘ ਰਾਜਾ ਨੂੰ ਪੁਲਿਸ ਨੇ ਅਜੇ ਤਕ ਗ੍ਰਿਫ਼ਤਾਰ ਨਹੀਂ ਕੀਤਾ, ਜਦਕਿ ਰਾਜਾ ਵਿਰੁਧ 19 ਸਤੰਬਰ ਨੂੰ ਹੀ ਚੀਮਾ ਪੁਲਿਸ ਥਾਣਾ ‘ਚ ਆਈਪੀਸੀ ਦੀ ਧਾਰਾ 307 ਸਮੇਤ ਹੋਰ ਧਾਰਾਵਾਂ ਤਹਿਤ ਐਫਆਈਆਰ ਦਰਜ ਹੋ ਚੁਕੀ ਹੈ। ਸੁਨਾਮ ਤੋਂ ‘ਆਪ‘ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ‘ਚ ਕਾਂਗਰਸੀਆਂ ਦੀ ਦਹਿਸ਼ਤ ਨੇ ਉਦੋਂ ਸਭ ਹਦਾਂ ਪਾਰ ਕਰ ਲਈਆਂ ਜਦ ਝਾੜੋਂ ਸੰਮਤੀ ਜ਼ੋਨ ਦੇ ‘ਆਪ‘ ਉਮੀਦਵਾਰ ਜਗਸੀਰ ਸਿੰਘ ਉਤੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਰਾਜਾ ਨੇ ਪੋਲਿੰਗ ਬੂਥ ਦੇ ਅੰਦਰ ਹੀ 20-25 ਗੁੰਡਾ ਅਨਸਰਾਂ ਨਾਲ ਹਮਲਾ ਕੀਤਾ ਤੇ ਬੂਥ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਜਦ ਜਗਸੀਰ ਸਿੰਘ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਰਾਜਾ ਨੇ 100 ਫ਼ੀਸਦੀ ਅਪਾਹਜ (ਜੋ ਚਲ ਨਹੀਂ ਸਕਦਾ) ਤੇ ਗ਼ਰੀਬ ਦਲਿਤ ਜਗਸੀਰ ਸਿੰਘ ਨੂੰ ਲਤਾਂ ਮਾਰ ਕੇ ਕੁਟਿਆ, ਜਾਤੀ ਸੂਚਕ ਸ਼ਬਦ ਵਰਤੇ ਤੇ ਆਪਣੀ ਪਿਸਤੌਲ ਨਾਲ 5 ਰਾਊਂਡ ਫਾਇਰ ਕੀਤੇ।ਅਮਨ ਅਰੋੜਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ‘ਚ ਦੋ ਦਿਨ ਪਹਿਲਾਂ ‘ਆਪ‘ ਦਾ ਵਫ਼ਦ ਐਸਸੀ/ਐਸਟੀ ਕਮਿਸ਼ਨ ਪੰਜਾਬ ਤੇ ਡੀਜੀਪੀ ਪੰਜਾਬ ਸੁਰੇਸ਼ ਅਰੋੜਾ ਨੂੰ ਮਿਲਿਆ ਸੀ ਤੇ ਰਾਜਾ ਅਤੇ ਉਸਦੇ ਸਾਥੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕਰਦਿਆਂ ਚੇਤਾਵਨੀ ਦਿਤੀ ਸੀ ਕਿ ਜੇਕਰ 24 ਸਤੰਬਰ ਤਕ ਰਾਜਾ ਤੇ ਉਸਦੇ ਸਾਥੀਆਂ ਦੀ ਗ੍ਰਿਫ਼ਤਾਰੀ ਨਾ ਕੀਤੀ ਤਾਂ ‘ਆਪ‘ ਮੁਖ ਮੰਤਰੀ ਦਾ ਰੋਸ ਵਜੋਂ ਘਰ ਘੇਰੇਗੀ।ਅਮਨ ਅਰੋੜਾ ਨੇ ਇਲਜ਼ਾਮ ਲਾਇਆ ਕਿ ਸਤਾਧਾਰੀ ਕਾਂਗਰਸੀ ਆਗੂਆਂ ਦੇ ਦਬਾਅ ਥਲੇ ਨਾ ਤਾਂ ਐਸਸੀ/ਐਸਟੀ ਕਮਿਸ਼ਨ ਨੇ ਅਜੇ ਤਕ ਰਾਜਾ ਵਿਰੁਧ ਕੋਈ ਕਦਮ ਚੁਕਿਆ ਹੈ ਤੇ ਨਾ ਹੀ ਪੰਜਾਬ ਪੁਲਿਸ ਨੇ ਰਾਜਾ ਨੂੰ ਗ੍ਰਿਫ਼ਤਾਰ ਕਰਨ ਲਈ ਕੋਈ ਯਤਨ ਕੀਤਾ ਹੈ। ਰਾਜਾ ਸੰਗਰੂਰ ਜ਼ਿਲ੍ਹੇ ‘ਚ ਹੀ ਜਨਤਕ ਤੌਰ ‘ਤੇ ਖੁਲ੍ਹਾ ਘੁੰਮ ਰਿਹਾ ਹੈ। ਇਸ ਲਈ ‘ਆਪ‘ ਕੋਲ ਮੁਖ ਮੰਤਰੀ ਨੂੰ ਜਗਾਉਣ ਲਈ ਚੰਡੀਗੜ੍ਹ ਵਿਖੇ ਮੁਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਤੋਂ ਬਿਨਾ ਕੋਈ ਚਾਰਾ ਨਹੀਂ ਰਿਹਾ।

Send this to a friend