May 4, 2026 1:26 am

ਪਿੰਡ ਧੂੜਕੋਟ ਦੇ ਫੌਜੀ ਆਤਮਾ ਸਿੰਘ ਦੀ ਸ਼੍ਰੀਨਗਰ ਵਿਖੇ ਹਾਦਸੇ ਦੌਰਾਨ ਮੌਤ

ਸਰਕਾਰੀ ਸਨਮਾਨਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਕੋਟਕਪੂਰਾ, 23 ਸਤੰਬਰ (ਅਮਨ ਸ਼ਰਮਾ)-ਬੀ.ਐਸ.ਐਫ਼ ਦੀ 89 ਬਟਾਲੀਅਨ ਦੇ ਹੈਡ ਕਾਂਸਟੇਬਲ ਆਤਮਾ ਸਿੰਘ (45) ਦੀ ਜੰਮੂ ਨੇੜੇ ਅਖ਼ਨੂਰ ਤੋਂ ਸ੍ਰੀਨਗਰ ਚੋਣ ਡਿਊਟੀ ’ਤੇ ਇਕ ਨਿੱਜੀ ਗੱਡੀ ’ਚ ਸਵਾਰ ਹੋ ਕੇ ਜਾਂਦਿਆਂ ਸੜਕ ਹਾਦਸੇ ’ਚ ਆਪਣੇ ਦੋ ਹੋਰ ਫ਼ੌਜੀ ਸਾਥੀ ਸਮੇਤ ਮੌਤ ਹੋ ਗਈ। ਉਨ੍ਹਾਂ ਨੂੰ ਲਿਜਾ ਰਹੀ ਗੱਡੀ ਕਿਸੇ ਹੋਰ ਵਹੀਕਲ ਨਾਲ਼ ਟਕਰਾ ਕੇ 250 ਫ਼ੁੱਟ ਡੂੰਘੀ ਖੱਡ ’ਚ ਜਾ ਡਿੱਗੀ। ਡਿੱਗਦਿਆਂ ਸਾਰ ਹੀ ਡਰਾਈਵਰ ਸਮੇਤ ਤਿੰਨਾਂ ਦੀ ਥਾਏਂ ਦਰਦਨਾਕ ਮੌਤ ਹੋ ਗਈ। ਆਤਮਾ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ਼ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਫ਼ਰੀਦਕੋਟ ਦੇ ਉਚ ਅਧਿਕਾਰੀਆਂ ਦੀ ਮੌਜੂਦਗੀ ’ਚ ਉਸਦੇ ਜੱਦੀ ਪਿੰਡ ਧੂੜਕੋਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਉਸਨੂੰ ਵੱਡੀ ਗਿਣਤੀ ’ਚ ਨਗਰ ਨਿਵਾਸੀਆਂ, ਫ਼ੌਜੀ ਸਿਪਾਹੀਆਂ, ਰਿਸ਼ਤੇਦਾਰਾਂ ਅਤੇ ਪਤਵੰਤੇ ਵਿਅਕਤੀਆਂ ਨੇ ਸੇਜਲ ਅੱਖਾਂ ਨਾਲ਼ ਅੰਤਿਮ ਵਿਦਾਇਗੀ ਦਿੱਤੀ। ਉਸਦੀ ਚਿਤਾ ਨੂੰ ਅਗਨੀ ਉਸਦੇ ਇਕਲੌਤੇ ਪੁੱਤਰ ਹੁਸਨਪ੍ਰ੍ਰੀਤ ਸਿੰਘ (19) ਨੇ ਦਿਖਾਈ। ਇਸ ਤੋਂ ਪਹਿਲਾਂ ਨਾਲ਼ ਆਏ ਸੀਨੀਅਰ ਫ਼ੌਜ ਅਧਿਕਾਰੀਆਂ ਸੁਭਾਸ਼ ਚੰਦਰ, ਸਤਨਾਮ ਸਿੰਘ, ਤਹਿਸੀਲਦਾਰ ਰਮੇਸ਼ ਜੈਨ, ਏ.ਡੀ.ਸੀ ਗੁਰਜੀਤ ਸਿੰਘ, ਡੀ.ਐਸ.ਪੀ ਪਲਵਿੰਦਰ ਸਿੰਘ ਪੱਡਾ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਪਟਵਾਰੀ ਨਿਰਮਲ ਸਿੰਘ ਗਿੱਲ ਅਤੇ ਹੋਰਾਂ ਨੇ ਉਸਦੀ ਮ੍ਰਿਤਕ ਦੇਹ ’ਤੇ ਫੁੱਲ ਮਾਲਾਵਾਂ ਪਾ ਕੇ ਸ਼ਰਧਾਂਜਲੀ ਦਿੱਤੀ। ਫ਼ੌਜੀ ਜਵਾਨਾਂ ਨੇ ਹਥਿਆਰ ਉਲਟੇ ਕਰਕੇ, ਹਵਾਈ ਫ਼ਾਇਰ ਦਾਗ਼ ਕੇ ਅਤੇ ਮਾਤਮੀ ਧੁਨਾਂ ਨਾਲ਼ ਆਪਣੇ ਸਾਥੀ ਨੂੰ ਸ਼ਰਧਾਂਜਲੀ ਦਿੱਤੀ। ਫ਼ੌਜ ਦੇ ਸੀਨੀਅਰ ਅਧਿਕਾਰੀਆਂ ਵਲੋਂ ਉਸਦੀ ਮ੍ਰਿਤਕ ਦੇਹ ਕੇ ਤਿਰੰਗਾ ਝੰਡਾ ਪਾਇਆ ਗਿਆ ਅਤੇ ਇਹ ਸਨਮਾਨ ਸਹਿਤ ਪਰਿਵਾਰ ਨੂੰ ਦਿੱਤਾ ਗਿਆ।
ਇਸ ਫ਼ੌਜੀ ਜਵਾਨ ਨੇ ਨਵੰਬਰ 2018 ’ਚ ਸੇਵਾ ਨਵਿਰਤ ਹੋਣਾ ਸੀ। ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਲਾਜ਼ਮੀ ਕਾਰਵਾਈ ਮੁਕੰਮਲ ਹੋਣ ਉਪਰੰਤ ਫ਼ੌਜੀ ਆਤਮਾ ਸਿੰਘ ਦੇ ਬਣਦੇ ਸਰਕਾਰੀ ਲਾਭ ਪਰਿਵਾਰ ਨੂੰ ਦਿੱਤੇ ਜਾਣਗੇ ਅਤੇ ਉਸਦੇ ਪੁੱਤਰ ਨੂੰ ਸਰਕਾਰੀ ਨੌਕਰੀ ਦਿਵਾਉਣ ਦੀ ਪੁਰਜ਼ੋਰ ਸਿਫ਼ਾਰਸ਼ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸ਼ਨ ਨੇ ਵੀ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ।

Send this to a friend