ਫਰੀਦਕੋਟ, 20 ਸਤੰਬਰ (ਗੁਰਜੀਤ ਰੋਮਾਣਾ, ਪਰਵਿੰਦਰ ਸਿੰਘ ਕੰਧਾਰੀ)- ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ ਵਲੋਂ “ਬਾਬਾ ਸ਼ੇਖ ਫਰੀਦ ਆਗਮਨ ਪੁਰਬ ਤੇ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸਦਾ ਉਦਘਾਟਨ ਫਰੀਦਕੋਟ ਦੇ ਕਮਿਸ਼ਨਰ ਸ੍ਰ. ਹਰਜੀਤ ਸਿੰਘ, ਆਈ.ਏ.ਐਸ. ਵਲੋਂ ਸੈਨੇਟ ਹਾਲ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ ਵਿਖੇ ਕੀਤਾ ਗਿਆ।ਇਸ ਮੌਕੇ ਡਾ. ਰਾਜ ਬਹਾਦੁਰ, ਉਪ-ਕੁਲਪਤੀ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਨੇ ਆਪਣੇ ਭਾਸ਼ਣ ਵਿਚ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਤੇ ਪਹੁੰਚੀਆਂ ਪ੍ਰਮੁਖ ਸਖਸ਼ੀਅਤਾਂ ਸ੍ਰ. ਹਰਜੀਤ ਸਿੰਘ ਆਈ. ਏ. ਐਸ., ਕਮਿਸ਼ਨਰ, ਡਾ. ਜਸਪਾਲ ਸਿੰਘ, ਸਾਬਕਾ ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਸ਼੍ਰੀ ਰਾਜੀਵ ਪਰਾਸ਼ਰ, ਆਈ. ਏ. ਐਸ., ਡਿਪਟੀ ਕਮਿਸ਼ਨਰ ਅਤੇ ਹੋਰ ਵੀ ਨਾਮਵਰ ਹਸਤੀਆਂ ਦਾ ਸਵਾਗਤ ਕੀਤਾ।ਇਸ ਮੌਕੇ ਡਾ. ਰਾਜ ਬਹਾਦਰ, ਉਪ-ਕੁਲਪਤੀ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਇਹ ਉਹਨਾਂ ਦੇ ਵਡਭਾਗ ਹਨ ਕਿ ਫਰੀਦਕੋਟ ਸ਼ਹਿਰ ਦੀ ਪਵਿਤਰ ਧਰਤੀ ਤੇ ਬਾਬਾ ਫਰੀਦ ਜੀ ਦੇ ਨਾਮ ਹੇਠ ਬਣੀ ਯੂਨੀਵਰਸਿਟੀ ਵਿਚ ਉਹਨਾਂ ਨੂੰ ਸੇਵਾਵਾਂ ਨਿਭਾਉਣ ਦਾ ਅਵਸਰ ਮਿਲਿਆ ਹੈ। ਉਹਨਾਂ ਆਪਣੇ ਭਾਸ਼ਣ ਦੌਰਾਨ ਡਾ. ਜਸਪਾਲ ਸਿੰਘ, ਸਾਬਕਾ ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਖਸ਼ੀਅਤ ਬਾਰੇ ਵੀ ਸਰੋਤਿਆਂ ਨੂੰ ਜਾਣੂ ਕਰਵਾਇਆ ਅਤੇ ਉਹਨਾਂ ਦੁਆਰਾ ਪ੍ਰਾਪਤ ਸਾਹਿਤਕ ਪ੍ਰਾਪਤੀਆਂ ਦਾ ਜਿਕਰ ਕੀਤਾ । ਉਹਨਾਂ ਕਿਹਾ ਕਿ ਡਾ. ਜਸਪਾਲ ਸਿੰਘ ਜੀ ਦੁਆਰਾ ਪੰਜਾਬੀ ਸਾਹਿਤ ਦੇ ਖੇਤਰ ਵਿਚ ਜੋ ਯੋਗਦਾਨ ਪਾਇਆ ਹੈ, ਉਹ ਆਉਣ ਵਾਲੀਆਂ ਪੀੜੀਆਂ ਲਈ ਜੀਵਨ ਸੇਧ ਹੋਵੇਗਾ ਅਤੇ ਉਹਨਾਂ ਦੇ ਇਸੇ ਵਡਮੁਲੇ ਯੋਗਦਾਨ ਸਦਕਾ ਹੀ ਉਹਨਾਂ ਨੂੰ ਸਰਕਾਰ ਦੁਆਰਾ ਕਈ ਵਾਰ ਸਨਮਾਨਿਤ ਵੀ ਕੀਤਾ ਜਾ ਚੁਕਾ ਹੈ। ਕਈ ਹੋਰ ਬੁਲਾਰਿਆਂ ਨੇ ਵੀ ਡਾ. ਜਸਪਾਲ ਸਿੰਘ ਜੀ ਦੀ ਮਹਾਨ ਸਖਸ਼ੀਅਤ ਬਾਰੇ ਪ੍ਰਸੰਸ਼ਾ ਕੀਤੀ ਅਤੇ ਵਾਈਸ ਚਾਂਸਲਰ, ਡਾ. ਰਾਜ ਬਹਾਦੁਰ ਜੀ ਦਾ ਧੰਨਵਾਦ ਵੀ ਕੀਤਾ ਕਿ ਉਹਨਾਂ ਦੇ ਯਤਨਾਂ ਸਦਕਾ ਹੀ ਡਾ. ਜਸਪਾਲ ਸਿੰਘ ਅਜ ਇਸ ਸਮਾਗਮ ਵਿਚ ਸ਼ਰੀਕ ਹੋਏ ਹਨ।ਡਾ. ਜਸਪਾਲ ਸਿੰਘ, ਸਾਬਕਾ ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸੰਬੋਧਨ ਕਰਦੇ ਹੋਏ ਬਾਬਾ ਫਰੀਦ ਜੀ ਦੀ ਜੀਵਨੀ ਬਾਰੇ ਚਾਨਣਾ ਪਾਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਬਾ ਫਰੀਦ ਜੀ ਦੇ ਸਲੋਕਾਂ ਵਿਚੋਂ ਕੁਝ ਚੋਣਵੇਂ ਸਲੋਕਾਂ ਦੀ ਵਿਆਖਿਆ ਵੀ ਸਰੋਤਿਆਂ ਦੇ ਸਨਮੁਖ ਕੀਤੀ। ਉਹਨਾਂ ਦੁਆਰਾ ਸਲੋਕਾਂ ਦੀ ਪੇਸ਼ਗੀ ਦਾ ਜੋ ਅੰਦਾਜ਼ ਸੀ, ਉਹ ਸਭ ਦੇ ਦਿਲਾਂ ਨੂੰ ਟੁੰਭਣ ਵਾਲਾ ਸੀ।ਇਸ ਸੈਮੀਨਾਰ ਦੌਰਾਨ ਸ਼੍ਰੀ ਐਮ, ਐਫ. ਫਾਰੂਕੀ ਆਈ.ਪੀ.ਐਸ., ਆਈ.ਜੀ., ਰੇਂਜ ਬਠਿੰਡਾ ਅਤੇ ਪ੍ਰੋਫੈਸਰ ਬ੍ਰਹਮਜਗਦੀਸ਼ ਸਿੰਘ, ਸੇਵਾ ਮੁਕਤ ਪ੍ਰੋਫੈਸਰ, ਸਰਕਾਰੀ ਬਰਜਿੰਦਰਾ ਕਾਲਜ, ਫਰੀਦਕੋਟ ਅਤੇ ਪ੍ਰੋ ਦਲਬੀਰ ਸਿੰਘ , ਸੇਵਾ ਮੁਕਤ ਪ੍ਰੋਫੈਸਰ, ਸਰਕਾਰੀ ਬਰਜਿੰਦਰਾ ਕਾਲਜ, ਫਰੀਦਕੋਟ ਨੇ ਵੀ ਸੰਬੋਧਨ ਕਰਤਾ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਡਾ. ਅਰਵਿੰਦ ਸ਼ਰਮਾ, ਰਜਿਸਟਰਾਰ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਸ੍ਰ. ਹਰਜੀਤ ਸਿੰਘ ਆਈ. ਏ. ਐਸ., ਕਮਿਸ਼ਨਰ, ਸ਼੍ਰੀ ਰਾਜੀਵ ਪਰਾਸ਼ਰ, ਆਈ. ਏ. ਐਸ., ਡਿਪਟੀ ਕਮਿਸ਼ਨਰ ਅਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ, ਆਖਿਆ। ਉਨ੍ਹਾਂ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਹਮੇਸ਼ਾਂ ਹੀ ਮਨੁਖੀ ਸਿਹਤ ਦੀ ਤੰਦਰੁਸਤੀ ਲਈ ਕੰਮ ਕਰ ਰਹੀ ਹੈ ਅਤੇ ਅਗੇ ਤੋਂ ਵੀ ਇਸ ਖੇਤਰ ਵਿਚ ਹੋਰ ਬਿਹਤਰ ਸੇਵਾਵਾਂ ਪ੍ਰਦਾਨ ਕਰਦੀ ਰਹੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਰਾਜਬਚਨ ਸਿੰਘ ਸੰਧੂ, ਆਈ.ਪੀ.ਐਸ., ਐਸ.ਐਸ.ਪੀ., ਡਾ. ਐਸ. ਪੀ. ਸਿੰਘ, ਕੋਟਰੋਲਰ (ਪ੍ਰੀਖਿਆ ਸ਼ਾਖਾ), ਡਾ ਰਾਜੀਵ ਮਨਹਾਸ, ਚੀਫ ਲਾਇਬ੍ਰੇਰੀਅਨ, ਸ਼੍ਰੀ ਔ.ਪੀ. ਚੌਧਰੀ, ਐਸ.ਵੀ.ਸੀ. ਅਤੇ ਪ੍ਰਬੰਧਕੀ ਕਮੇਟੀ ਦੇ ਸਮੂਹ ਮੈਂਬਰ ਅਤੇ ਸਟਾਫ ਹਾਜ਼ਰ ਸਨ।