ਫਰੀਦਕੋਟ, 18 ਸਤੰਬਰ- ਹਰ ਸਾਲ ਦੀ ਤਰਾਂ ਬਾਬਾ ਸ਼ੇਖ ਫਰੀਦ ਆਗਮਨ ਪੁਰਬ 2018 ਇਸ ਵਾਰ 19 ਤੋਂ 23 ਸਤੰਬਰ ਤਕ ਬੜੀ ਸ਼ਰਧਾਂ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਫਰੀਦਕੋਟ ਸ: ਗੁਰਜੀਤ ਸਿੰਘ ਨੇ ਦਿੰਦਿਆ ਦਸਿਆ ਕਿ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦਾ ਸ਼ੁਭ ਆਰੰਭ 19 ਸਤੰਬਰ ਸਵੇਰੇ 6 ਵਜੇ ਟਿਲਾ ਬਾਬਾ ਸ਼ੇਖ ਫਰੀਦ ਤੋਂ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਅਤੇ ਸਰਬਤ ਦੇ ਭਲੇ ਦੀ ਅਰਦਾਸ ਤੋਂ ਸ਼ੁਰੂ ਹੋਵੇਗਾ, ਉਪਰੰਤ 10 ਵਜੇ ਖੂਨਦਾਨ ਕੈਂਪ, ਪੁਸਤਕ ਮੇਲਾ ਅਤੇ ਪ੍ਰਦਰਸ਼ਨੀ ਦਾ ਸ਼ੁਭ ਆਰੰਭ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿਖੇ ਹੋਵੇਗਾ। ਕਾਫਿਲਾ-ਏ-ਵਿਰਾਸਤ 10ੌ:30 ਵਜੇ ਕਿਲਾ ਮੁਬਾਰਕ ਤੋਂ ਸ਼ੁਰੂ ਹੋ ਕੇ ਦਰਬਾਰ ਗੰਜ ਵਿਖੇ ਸਮਾਪਤ ਹੋਵੇਗਾ। ਇਥੇ ਹੀ ਵਿਰਾਸਤੀ ਪ੍ਰਦਰਸ਼ਨੀ ਅਤੇ ਸਭਿਆਚਾਰਕ ਪ੍ਰੋਗਰਾਮ ਹੋਣਗੇ ਅਤੇ ਸ਼ਾਮ ਨੂੰ 7:30 ਵਜੇ ਇਕ ਰੋਜ਼ਾ ਸ਼ੇਖ ਫਰੀਦ ਕੌਮੀ ਪੰਜਾਬੀ ਡਰਾਮਾ ਫੈਸਟੀਵਲ ਹੋਵੇਗਾ। ਮਿਤੀ 20 ਸਤੰਬਰ ਨੂੰ ਬਾਬਾ ਫਰੀਦ ਕਾਲਜ ਆਫ਼ ਨਰਸਿੰਗ ਕੋਟਕਪੂਰਾ ਵਿਖੇ ਸਵੇਰੇ 10 ਵਜੇ ਕੌਮੀ ਲੋਕ ਨਾਚ ਅਤੇ ਸਵੇਰੇ 10 ਵਜੇ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਸੈਨਿਟ ਹਾਲ ਵਿਖੇ ਸੈਮੀਨਾਰ ਹੋਵੇਗਾ। ਮਿਤੀ 21 ਸਤੰਬਰ ਨੂੰ ਸਰਸਵਤੀ ਜੀਨੀਅਸ ਸਕੂਲ ਜੈਤੋ ਵਿਖੇ ਸਵੇਰੇ 10 ਵਜੇ ਕੌਮੀ ਲੋਕ ਨਾਚ ਹੋਣਗੇ ਅਤੇ ਦਰਬਾਰ ਗੰਜ ਕੰਪਲੈਕਸ ਫਰੀਦਕੋਟ ਵਿਖੇ ਸਵੇਰੇ 10ਵਜੇ ਤਰਕਸ਼ੀਲ ਨਾਟਕ ਮੇਲਿਆ ਦਾ ਆਯੋਜਨ ਹੋਵੇਗਾ ਅਤੇ ਸ਼ਾਮ 7 ਵਜੇ ਦਰਬਾਰ ਗੰਜ ਕੰਪਲੈਕਸ ਵਿਖੇ ਸ਼ਾਮ-ਏ-ਸੂਫ਼ੀਆਨਾ ਪ੍ਰੋਗਰਾਮ ਹੋਵੇਗਾ ਜਿਸ ‘ਚ ਸ੍ਰੀ ਲਖਵਿੰਦਰ ਵਡਾਲੀ, ਨਰਿੰਦਰ ਸਿੰਘ ਰਵੀ ਅਤੇ ਪ੍ਰਿੰਸ ਇੰਦਰਪ੍ਰੀਤ ਸਿੰਘ ਸੂਫ਼ੀਆਨਾ ਕਲਾਮ ਪੇਸ਼ ਕਰਨਗੇ। 22 ਸਤੰਬਰ ਨਹਿਰੂ ਸਟੇਡੀਅਮ ਵਿਖੇ ਸਵੇਰੇ 10 ਵਜੇ ਪੇਂਡੂ ਖੇਡ ਮੇਲਾ ਅਤੇ ਦਰਬਾਰ ਗੰਜ ਕੰਪਲੈਕਸ ਫਰੀਦਕੋਟ ਵਿਖੇ ਸਭਿਆਚਾਰਕ ਪ੍ਰੋਗਾਮ ਹੋਵੇਗਾ ਜਿਸ ਵਿਚ ਇੰਦਰਜੀਤ ਨਿਕੂ, ਹਰਿੰਦਰ ਸੰਧੂ, ਅਰਸ਼ਦੀਪ ਅਰਸ਼, ਨਿਸ਼ਾ ਖਾਨ ਪੰਜਾਬੀ ਲੋਕ ਗਾਇਕੀ ਦਾ ਰੰਗ ਵਿਖੇਰਣਗੇ ਅਤੇ ਅਦਾਕਾਰ ਗੁਗੂ ਗਿਲ ਆਪਣੀ ਅਦਾਕਾਰੀ ਪੇਸ਼ ਕਰਨਗੇ। ਸ਼ਾਮ 7 ਵਜੇ ਦਰਬਾਰ ਗੰਜ ਵਿਖੇ ਉਤਰ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਵਲੋ ਕੌਮੀ ਲੋਕ ਨਾਚ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਅਤੇ ਸ਼ਾਮ 7 ਵਜੇ ਦਰਗਾਹ ਬਾਬਾ ਮੌਜ਼ ਦਰਿਆ, ਹੁਕੀ ਚੌਂਕ ਵਿਖੇ ਕਵਾਲੀਆਂ ਦਾ ਪ੍ਰੋਗਰਾਮ ਹੋਵੇਗਾ। 23 ਸਤੰਬਰ ਆਖਰੀ ਦਿਨ ਸਵੇਰੇ 8 ਵਜੇ ਨਗਰ ਕੀਰਤਨ ਟਿਲਾ ਬਾਬਾ ਫਰੀਦ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਸਮਾਪਤ ਹੋਵੇਗਾ ਜਿਥੇ ਚੁਣੀਆਂ ਗਈਆ ਸ਼ਖਸ਼ੀਅਤਾਂ ਨੂੰ ਬਾਬਾ ਫਰੀਦ ਅਤੇ ਭਗਤ ਪੂਰਨ ਸਿੰਘ ਅਵਾਰਡਾਂ ਨਾਲ ਸਨਮਾਨਿਤ ਕੀਤਾ ਜਾਵੇਗਾ । ਉਨਾਂ ਨਗਰ ਨਿਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਮਿਤੀ 22 ਅਤੇ 23 ਸਤੰਬਰ ਨੂੰ ਹਰੇਕ ਨਗਰ ਨਿਵਾਸੀ ਆਪਣੇ ਘਰਾਂ ਤੇ ਰੋਸ਼ਨੀਆਂ ਕਰਕੇ ਬਾਬਾ ਫਰੀਦ ਜੀ ਨੂੰ ਅਕੀਦਤ ਤੇ ਫੁਲ ਭੇਂਟ ਕਰਨ।