ਮੋਗਾ ਤੋਂ ਤਕਰੀਬਨ 40 ਕਿਲੋਮੀਟਰ ਅਤੇ ਨਿਹਾਲ ਸਿੰਘ ਵਾਲਾ ਤੋਂ ਤਕਰੀਬਨ 10 ਕਿਲੋਮੀਟਰ ਦੀ ਵਿੱਥ ‘ਤੇ ਪਿੰਡ ਤਖ਼ਤੂਪੁਰਾ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ, ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਅਤੇ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਆਪਣੇ ਮੁਬਾਰਕ ਚਰਨ ਪਾਏ ਅਤੇ ਇਸ ਧਰਤੀ ਨੂੰ ਭਾਗ ਲਾਏ। ਇਸ ਸਥਾਨ ਨੂੰ ਸੁਹਾਵਣਾ ਬਣਾਇਆ। ਇਨ੍ਹਾਂ ਤਿੰਨ ਗੁਰੂ ਸਾਹਿਬਾਨਾਂ ਦੀ ਯਾਦ ‘ਚ ਗੁਰਦੁਆਰਾ ਗੁਰੂ ਨਾਨਕ ਦੇਵ, ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਸੁਸ਼ੋਭਿਤ ਹਨ। ਇਥੇ ਮੱਸਿਆ ਤੋਂ ਇਲਾਵਾ ਮਾਘੀ ਤੇ ਵਿਸਾਖੀ ਮੌਕੇ ਭਾਰੀ ਜੋੜ ਮੇਲਾ ਲਗਦਾ ਹੈ। ਇਸ ਮੌਕੇ ਲੱਖਾਂ ਦੀ ਗਿਣਤੀ ‘ਚ ਲੋਕ ਦੇਸ਼ ਵਿਦੇਸ਼ਾਂ ਤੋਂ ਤਿੰਨਾਂ ਪਾਤਸ਼ਾਹੀਆ ਦੀ ਯਾਦ ‘ਚ ਸੁਸ਼ੋਭਿਤ ਇਤਿਹਾਸ
ਕ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਲਈ ਪੁੱਜਦੇ ਹਨ। ਇਥੇ ਮਾਘੀ ਮੌਕੇ ਸਿਆਸੀ ਪਾਰਟੀਆਂ ਵੱਲੋਂ ਕਾਨਫਰੰਸਾਂ ਕੀਤੀਆਂ ਜਾਂਦੀਆਂ ਹਨ।ਇਤਿਹਾਸਕਾਰਾਂ ਅਨੁਸਾਰ ਗੁਰੂ ਨਾਨਕ ਦੇਵ ਨੇ ਆਪਣੀ ਦੂਜੀ ਉਦਾਸੀ ਸੰਨ 1567 ਵਿੱਚ ਆਰੰਭ ਕੀਤੀ ਤਾਂ ਗੁਰੂ ਜੀ ਸੁਲਤਾਨਪੁਰ ਤੋਂ ਚੱਲ ਕੇ ਧਰਮਕੋਟ, ਤਖ਼ਤੂਪੁਰਾ, ਮੱਤੇ ਦੀ ਸਰਾਂ, ਬਠਿੰਡਾ, ਸਰਸਾ, ਬੀਕਾਨੇਰ, ਅਜਮੇਰ ਅਤੇ ਰਾਜਪੁਤਾਨੇ ਵਿੱਚੋਂ ਦੀ ਹੁੰਦੇ ਹੋਏ ਸੰਗਲਾਦੀਪ ਤੱਕ ਗਏ। ਇਸ ਦੌਰਾਨ ਗੁਰੂ ਨਾਨਕ ਦੇਵ ਤਖ਼ਤੂਪੁਰਾ ਵਿਖੇ ਰੁਕੇ। ਇਥੇ ਇੱਕ ਝਿੜੀ ਸੀ ਜਿਸ ਵਿੱਚ ਭਰਥਰੀ ਅਤੇ ਗੋਪੀ ਚੰਦ ਤੋਂ ਇਲਾਵਾ ਹੋਰ ਬਹੁਤ ਸਾਰੇ ਸਾਧੂ ਮਹਾਤਮਾ ਤਪੱਸਿਆ ਕਰਦੇ ਸਨ। ਮਿੱਥ ਅਨੁਸਾਰ ਇਹ ਕਿਹਾ ਜਾਦਾਂ ਹੈ ਕਿ ਗੁਰੂ ਨਾਨਕ ਦੇਵ ਜੋਗੀਆਂ ਕੋਲ ਸੁਮੇਰ ਪਰਬਤ ‘ਤੇ ਗਏ ਤਾਂ ਉਥੇ ਭਰਥਰੀ ਨੂੰ ਦੱਸਿਆ ਕਿ ਤੇਰਾ ਸੰਯੋਗ ਜੂਨਾਗੜ੍ਹ ਦੀ ਰਾਜਕੁਮਾਰੀ ਨਾਲ ਹੇ। ਪਰ ਉਥੇ ਪਹੁੰਚਣ ਲਈ ਤੇਰੇ ਕੋਲ ਸਿਰਫ਼ ਅੱਠ ਪਹਿਰ ਦਾ ਸਮਾਂ ਹੈ। ਇਸ ਸਮੇਂ ਦੌਰਾਨ ਨਾ ਪਹੁੰਚਿਆ ਤਾਂ ਉਸ ਨੇ ਮਰ ਜਾਣਾ ਹੈ। ਇਸ ਤੋਂ ਬਾਅਦ ਉਸ ਨਾਲ ਵਿਆਹ ਰਚਾਉਣ ਲਈ ਉਸ ਨੂੰ ਦੂਜਾ ਜਨਮ ਲੈਣਾ ਪਵੇਗਾ। ਭਰਥਰੀ ਨੇ ਸਿੱਧਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਉਥੇ ਪਹੁੰਚਾਇਆ ਜਾਵੇ,ਜਦ ਵੱਡੇ-ਵੱਡੇ ਸਿੱਧ ਜਵਾਬ ਦੇ ਗਏ ਤਾਂ ਭਰਥਰੀ ਦੀ ਬੇਨਤੀ ‘ਤੇ ਗੁਰੂ ਜੀ ਨੇ ਉਸ ਨੂੰ ਇੱਕ ਪਹਿਰ ‘ਚ ਜੂਨਾਗੜ੍ਹ ਪਹੁੰਚਾ ਦਿੱਤਾ। ਭਰਥਰੀ ਦਾ ਵਿਆਹ ਰਾਜਕੁਮਾਰੀ ਨਾਲ ਕਰਵਾ ਕੇ ਇਥੇ ਹੀ ਵੱਸਣ ਦੀ ਸਿੱਖਿਆ ਦਿੱਤੀ ਅਤੇ ਨਾਮ ਦਾਨ, ਸਿੱਖੀ ਦਾ ਉਪਦੇਸ਼ ਦੇ ਕੇ ਕ੍ਰਿਥਾਰਤ ਕੀਤਾ। ਇਥੇ ਗੁਰੂ ਜੀ ਦੇ ਇੱਕ ਸਿੱਖ ਭਾਈ ਜੱਕੋ ਨੇ ਭਰਥਰੀ ਨੂੰ ਚੁੱਭਵੇਂ ਬੋਲ ਬੋਲ ਦਿੱਤੇ ਤਾਂ ਗੁਰੂ ਜੀ ਨੇ ਆਪਣੇ ਪੰਜੇ ਨੂੰ ਅੱਗੇ ਕਰਕੇ ਭਾਈ ਜੱਕੋ ਨੂੰ ਭਰਥਰੀ ਦੇ ਕ੍ਰੋਧ ਤੋਂ ਬਚਾਇਆ। ਫ਼ਿਰ ਵੀ ਭਰਥਰੀ ਦੀਆਂ ਕਟੀਲੀਆਂ ਨਜ਼ਰਾਂ ਨੇ ਜੱਕੋ ਜੀ ਦੇ ਚਿਹਰੇ ‘ਤੇ ਦਾਗ ਕਰ ਦਿੱਤੇ। ਗੁਰੂ ਜੀ ਦੇ ਕਹਿਣ ‘ਤੇ ਭਾਈ ਜੱਕੋ ਨੇ ਉਥੇ ਬਣੇ ਤਲਾਅ ‘ਚ ਇਸ਼ਨਾਨ ਕੀਤਾ ਤਾਂ ਦਾਗ ਦੂਰ ਹੋ ਗਏ ਅਤੇ ਇਹ ਤਲਾਅ ਨਾਨਕਸਰ ਹੋਇਆ। ਇਸ ਤੋਂ ਬਾਅਦ ਭਰਥਰੀ ਗੁਰੂ ਜੀ ਦਾ ਉਪਦੇਸ਼ ਪਾ ਕੇ ਸਿੱਖੀ ਦਾ ਪ੍ਰਚਾਰ ਕਰਨ ਲੱਗਾ ਪਿਆ। ਇਥੇ ਗੁਰੂ ਨਾਨਕ ਦੇਵ ਦੀ ਯਾਦ ‘ਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਅਤੇ ਭਰਥਰੀ ਦਾ ਸਥਾਨ ਵੀ ਮੌਜੂਦ ਹੈ।
ਮੀਰੀ-ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਭਾਈਕੀ ਡਰੋਲੀ ਤੋਂ ਮਹਿਰਾਜ ਜਾਂਦੇ ਹੋਏ ਇਸ ਸਥਾਨ ‘ਤੇ ਗੁਰੂ ਨਾਨਕ ਦੇਵ ਦੇ ਪਾਵਨ ਸਥਾਨ ਦੇ ਨਜ਼ਦੀਕ ਹੀ ਬਿਰਾਜੇ ਸਨ। ਇਥੇ ਛੇਵੇਂ ਪਾਤਸ਼ਾਹ ਨੇ ਕੋਈ ਸਵਾ ਮਹੀਨਾ ਰੁਕ ਕੇ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਉਨ੍ਹਾਂ ਦੀ ਯਾਦ ‘ਚ ਇਲਾਕੇ ਦੀਆਂ ਸੰਗਤਾਂ ਨੇ ਸਥਾਨ ਦੀ ਸੇਵਾ ਕਰਵਾਈ ਅਤੇ ਇੱਥੇ ਸੁੰਦਰ ਗੁਰਦੁਆਰਾ ਬਣਿਆ ਹੈ। ਇਥੋਂ ਸਤਿਗੁਰੂ ਜੀ ਪਿੰਡ ਮਹਿਰਾਜ ਗਏ ਅਤੇ ਲੜੀ ਗਈ ਮਹਾਨ ਜੰਗ ‘ਚ ਫਤਿਹ ਪ੍ਰਾਪਤ ਕੀਤੀ ਸੀ।
ਗੁਰੂ ਗੋਬਿੰਦ ਸਿੰਘ ਰਾਏਕੋਟ, ਲੰਮੇ ਜੱਟਪੁਰਾ ਅਤੇ ਚਕਰ ਆਦਿ ਸਥਾਨਾਂ ਤੋਂ ਹੁੰਦੇ ਹੋਏ ਇਸ ਪਿੰਡ ਪੁੱਜੇ ਸਨ। ਇਤਿਹਾਸ ਮੁਤਾਬਕ ਉਨ੍ਹਾਂ ਦੇ ਘੋੜੇ ਨੂੰ ਪਿਆਸ ਲੱਗੀ ਤਾਂ ਘੋੜੇ ਨੇ ਸੁੰਮ ਮਾਰ ਕੇ ਪਾਣੀ ਕੱਢਿਆ ਅਤੇ ਸਰੋਵਰ ਪ੍ਰਗਟ ਕੀਤਾ। ਇਸ ਸਰੋਵਰ ‘ਚ ਗੁਰੂ ਜੀ ਨੇ ਸਣੇ ਘੋੜੇ ਇਸ਼ਨਾਨ ਕੀਤਾ ਅਤੇ ਨਾਲ ਦੇ ਸਿੰਘਾਂ ਸਮੇਤ ਜਲ ਛਕਿਆ। ਇਥੋਂ ਗੁਰੂ ਜੀ ਪਾਕਾ ਸਾਹਿਬ ਪਿੰਡ ਮਧੇ-ਕੇ ਹੁੰਦੇ ਹੋਏ ਦੀਨਾਂ ਸਾਹਿਬ ਪੁੱਜੇ ਜਿਥੇ ਉਨ੍ਹਾਂ ਜ਼ਫ਼ਰਨਾਮਾ ਲਿਖਿਆ। ਇਥੇ ਗੁਰੂ ਗੋਬਿੰਦ ਸਿੰਘ ਦੀ ਯਾਦ ਨੂੰ ਦਰਸਾਉਂਦਾ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਥੇ ਸਿੱਖ ਪੰਥ ਦੇ ਉਘੇ ਜਰਨੈਲ ਬਘੇਲ ਸਿੰਘ ਨੇ ਦਿੱਲੀ ਫ਼ਤਿਹ ਕਰਨ ਬਾਅਦ ਇੱਥੇ ਇੱਕ ਖੂਹ ਲਵਾਇਆ ਜੋ ਅੱਜ ਵੀ ਮੌਜੂਦ ਹੈ। ਇਨ੍ਹਾਂ ਗੁਰੂ ਘਰਾਂ ਦੇ ਨਾਮ ਕਾਫ਼ੀ ਜਾਇਦਾਦ ਹੈ ਅਤੇ ਇਨ੍ਹਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਧੀਨ ਲੋਕਲ ਕਮੇਟੀ ਵੱਲੋਂ ਚਲਾਇਆ ਜਾ ਰਿਹਾ ਹੈ।