May 2, 2026 10:00 am

ਸਿੱਖਾਂ ਨੂੰ ਖੂਨੀ ਟਕਰਾਅ ਵੱਲ ਧੱਕਣਾ ਪੰਜਾਬ ਲਈ ਖ਼ਤਰੇ ਦੀ ਘੰਟੀ : ਫੈਡਰੇਸ਼ਨ ਗਰੇਵਾਲ

ਜਗਰਾਉਂ, 6 ਸਤੰਬਰ (ਪਰਮਜੀਤ ਸਿੰਘ ਗਰੇਵਾਲ)- ਕਾਂਗਰਸ ਵੱਲੋਂ ਬੇਅਦਬੀ ਮਾਮਲਿਆਂ ’ਚ ਰਣਜੀਤ ਸਿੰਘ ਕਮਿਸ਼ਨ ਨੂੰ ਬਣਾ ਕੇ, ਜਿਸ ਮਕਸਦ ਦੀ ਪੂਰਤੀ ਲਈ ਉਸ ਦਾ ਨਤੀਜਾ ਵਿਧਾਨ ਸਭਾ ਅੰਦਰ ਇਕ ਡਰਾਮਾ ਰਚਿਆ ਸੀ, ਅੱਜ ਉਨ੍ਹਾਂ ਦਾ ਨਤੀਜਾ ਪੰਜਾਬ ਦੇ ਮੌਜੂਦਾ ਹਾਲਾਤਾਂ ’ਚ ਸਿੱਖਾਂ ਦਾ ਆਪਸੀ ਟਕਰਾਅ ਵੱਧਦਾ-ਵੱਧਦਾ ਭਿਆਨਕ ਰੂਪ ਧਾਰਨ ਕਰ ਗਿਆ ਹੈ, ਜਿਹੜਾ ਕਿ ਪੰਜਾਬ ਲਈ ਖਤਰੇ ਦੀ ਘੰਟੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਤੇ ਮੈਂਬਰ ਸ਼੍ਰੋਮਣੀ ਕਮੇਟੀ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਜ਼ੀਰੇ ਇਲਾਕੇ ਦੇ ਫੈਡਰੇਸ਼ਨ ਵਰਕਰਾਂ ਨਾਲ ਇਕ ਮੀਟਿੰਗ ਦੌਰਾਨ ਕੀਤਾ। ਭਾਈ ਗਰੇਵਾਲ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਅਕਾਲੀਆਂ ਨੂੰ ਪਿੰਡਾਂ ’ਚ ਨਾ ਵੜਨ ਦੇਣ ਦੇ ਬਿਆਨ ਤੋਂ ਬਾਅਦ ਧਾਓ-ਥਾਈਂ ਸਿੱਖਾਂ ਵਿਚਕਾਰ ਵੱਡਾ ਤਣਾਓ ਬਣ ਰਿਹਾ ਹੈ, ਜੋ ਅਖੀਰ ਫਰੀਦਕੋਟ ਵਿਖੇ ਹਿੰਸਕ ਰੂਪ ਧਾਰਨ ਕਰ ਗਿਆ ਹੈ, ਜਿਹੜਾ ਕਿ ਪੰਜਾਬ ਲਈ ਬਹੁਤ ਮੰਦਭਾਗਾ ਹੈ। ਫੈਡਰੇਸ਼ਨ ਆਗੂਆਂ ਨੇ ਜਾਖੜ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਉਹ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਬਜਾਏ ਅਕਾਲੀ ਦਲ ਨੂੰ ਭੰਡਣ ਖਾਤਰ ਕਾਂਗਰਸੀ ਮੰਤਰੀਆਂ ਦੇ ਬ੍ਰਿਗੇਡ ਨਾਲ ਬਰਗਾੜੀ ਪਹੁੰਚਦੇ ਚੰਗੀ ਗੱਲ ਸੀ। ਕੀ ਉਹ ਸ਼ਹੀਦ ਜਸਵੰਤ ਸਿੰਘ ਖਾਲੜਾ ਵੱਲੋਂ ਉਜਾਗਰ ਕੀਤੇ ਤੱਥਾਂ ਅਧੀਨ ਕਾਂਗਰਸ ਦੇ ਰਾਜ ’ਚ ਮਾਰੇ ਨਿਰਦੋਸ਼ 25000 ਅਣਪਛਾਤੀਆਂ ਲਾਸ਼ਾਂ ਦੇ ਵਾਰਸਾਂ ਤੱਕ ਵੀ ਪਹੁੰਚਣ ਦੀ ਹਿੰਮਤ ਕਰਨਗੇ, ਕਿ ਉਹ ਦਿੱਲੀ ਅੰਦਰ ਕਾਂਗਰਸੀ ਵਰਕਰਾਂ ਵੱਲੋਂ ਹਜ਼ਾਰਾਂ ਸਿੱਖਾਂ ਦੀ ਕਤਲਗਾਹ ਬਣੀਆਂ ਉਥੋਂ ਦੀਆਂ ਗਲੀਆਂ ਦਾ ਦੌਰਾ ਕਰਨਗੇ ਜਾਂ ਸਿਰਫ਼ ਇਸ ਸਭ ਕੁਝ ਆਪਣੀ ਸਿਆਸੀ ਵਿਰੋਧੀ ਅਕਾਲੀ ਦਲ ਨੂੰ ਨੀਵਾ ਦਿਖਾਉਣ ਲਈ ਮਗਰਮੱਛ ਦੇ ਹੰਝੂ ਸੁੱਟ ਰਹੇ ਹਨ। ਅੱਜ ਲੋਕਾਂ ’ਚ ਆਪਣਾ ਅਧਾਰ ਗੁਆ ਚੁੱਕੀ ਕਾਂਗਰਸ ਲੋਕ ਮਸਲਿਆਂ ਤੋਂ ਧਿਆਨ ਭਟਕਾ ਕੇ ਸਿੱਖਾਂ ਦੇ ਆਪਸੀ ਟਕਰਾਅ ’ਚ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੀ ਹੈ, ਜੋ ਪੰਜਾਬ ਦੇ ਲੋਕਾਂ ਨਾਲ ਇਨਸਾਫ਼ ਦੀ ਥਾਂ ਧੱਕਾ ਤੇ ਧੋਖਾ ਹੈ। ਇਸ ਮੀਟਿੰਗ ’ਚ ਫੈਡਰੇਸ਼ਨ ਆਗੂ ਪਰਮਜੀਤ ਸਿੰਘ ਧਰਮ ਸਿੰਘਵਾਲਾ, ਦਿਲਬਾਗ ਸਿੰਘ ਵਿਰਕ, ਗੁਰਬਖਸ਼ ਸਿੰਘ ਸੇਖੋਂ, ਜਸਵੀਰ ਸਿੰਘ ਉਪਲ, ਸੁਖਦੀਪ ਸਿੰਘ ਸਿੱਧਵਾਂ, ਪਰਮਜੀਤ ਸਿੰਘ ਕਲਸੀ, ਵਰਿੰਦਰ ਸਿੰਘ ਕੋਕਰੀ, ਗੁਰਕੀਰਤ ਸਿੰਘ ਜਲਾਲਬਾਦ, ਗੁਰਪ੍ਰੀਤ ਸਿੰਘ ਤੇ ਧਰਮਿੰਦਰ ਸਿੰਘ ਮੁਕਤਸਰ ਆਦਿ ਹਾਜ਼ਰ ਸਨ।

Send this to a friend