May 2, 2026 2:29 am

ਸਿੱਖ ਜੱਥੇਬੰਦੀਆਂ ਵੱਲੋਂ ਅਕਾਲੀਆਂ ਖਿਲਾਫ਼ ਖੋਲ੍ਹੇ ਮੋਰਚੇ ’ਚ ਕਾਂਗਰਸ ਨੂੰ ਦਿੱਤੀ ਜਾ ਰਹੀ ਕਲੀਨ ਚਿੱਟ ਮੰਦਭਾਗੀ : ਭਾਈ ਗਰੇਵਾਲ

ਜਗਰਾਉਂ, 4 ਸਤੰਬਰ (ਪਰਮਜੀਤ ਸਿੰਘ ਗਰੇਵਾਲ)-ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਕੀਤੀਆਂ ਗਈਆਂ ਵਿਵਾਦਿਤ ਅਤੇ ਭੰਬਲਭੂਸਾ ਰਿਪੋਟਾਂ ਤੋਂ ਬਾਅਦ ਸਿੱਖ ਜੱਥੇਬੰਦੀਆਂ ਵੱਲੋਂ ਅਕਾਲੀ ਦਲ ਖਿਲਾਫ਼ ਖੋਲ੍ਹੇ ਮੋਰਚੇ ’ਚ ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਨੂੰ ਬਰੀ ਕੀਤੇ ਜਾਣਾ ਬਹੁਤ ਮੰਦਭਾਗਾ ਹੈ, ਜੋ ਇਕ ਸੋਚੀ-ਸਮਝੀ ਯੋਜਨਾ ਦਾ ਹਿੱਸਾ ਹੈ। ਸਮੁੱਚਾ ਸਿੱਖ ਜਗਤ ਇਸ ਵਰਤਾਰੇ ਨੂੰ ਡੂੰਘਾਈਆਂ ਨਾਲ ਸਮਝੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਮੌਜੂਦਾ ਹਾਲਾਤਾਂ ’ਤੇ ਫਿਕਰਮੰਦੀ ਦਾ ਇਜਹਾਰ ਕਰਦੇ ਕੀਤਾ। ਭਾਈ ਗਰੇਵਾਲ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸਿੱਖਾਂ ’ਤੇ ਚਲਾਈ ਗੋਲੀ ਦਾ ਸਿੱਖਾਂ ਦੇ ਮੰਨ ’ਤੇ ਡੂੰਘਾ ਅਤੇ ਗਹਿਰਾ ਅਸਰ ਹੈ। ਉਸ ਸਮੇਂ ਅਕਾਲੀ ਦਲ ਦੀ ਸਰਕਾਰ ਹੋਣ ਕਰਕੇ ਜਵਾਬਦੇਹੀ ਬਣਦੀ ਹੈ ਅਤੇ ਲੈਣੀ ਵੀ ਚਾਹੀਦੀ ਹੈ। ਅਕਾਲੀ ਦਲ ਵੱਲੋਂ ਇਸ ਸਬੰਧ ’ਚ ਵਾਰ-ਵਾਰ ਆਪਣੀ ਸਥਿਤੀ ਸਪੱਸ਼ਟ ਕਰਨ ਦੇ ਬਾਵਜੂਦ ਵੀ ਸਿੱਖਾਂ ਦੇ ਮੰਨ ’ਚ ਹਾਲੇ ਕੁਝ ਅਣਸੁਲਝੇ ਸਵਾਲ ਬਕਾਇਆ ਹਨ। ਇਸ ਸਬੰਧੀ ਸਿੱਖ ਜੱਥੇਬੰਦੀਆਂ ਵੱਲੋਂ ਅਕਾਲੀ ਦਲ ਖਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ ਪਰ ਇਸ ਗੱਲ ਦੀ ਹੈਰਾਨੀ ਹੋ ਰਹੀ ਹੈ ਕਿ ਇਸ ਸਾਰੇ ਵਰਤਾਰੇ ’ਚ ਦਰਬਾਰ ਸਾਹਿਬ ਸਮੇਤ ਅਨੇਕਾਂ ਗੁਰਧਾਮਾਂ ਦੀ ਪਵਿੱਤਰਤਾ ਭੰਗ ਕਰਨ ਵਾਲੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੈਕੜੇ ਸਰੂਪਾਂ ਦੀ ਬੇਅਦਬੀ ਅਤੇ ਅਗਨ ਭੇਟ ਕਰਨ ਵਾਲੀ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ-ਢੇਰੀ ਕਰਨ ਵਾਲੀ ਅਤੇ ਲੋਕਤੰਤਰ ਦੇ ਮੱਥੇ ’ਤੇ ਕ¦ਕ ਗਾਂਧੀ ਪੁੱਤਰ ਰਾਜੀਵ ਗਾਂਧੀ ਵੱਲੋਂ ਦਿੱਲੀ ਕਤਲੇਆਮ ਸਬੰਧੀ ਹਿੱਕ ਥਾਪੜ ਕੇ ਸਿੱਖਾਂ ਦੇ ਕਤਲਾਂ ਦੀ ਜਿੰਮੇਵਾਰੀ ਲੈਣ ਵਾਲੀ ਕਾਂਗਰਸ ਕਿਹੜੇ ਹੌਸਲੇ ਨਾਲ ਅਕਾਲੀ ਦਲ ਨੂੰ ਕਟਹਿਰੇ ’ਚ ਖੜ੍ਹਾ ਕਰ ਰਹੀ ਹੈ ਤੇ ਭੰਡ ਰਹੀ ਹੈ। ਝੂਠੀਆਂ ਰਿਪੋਟਾਂ ਦੇ ਅਧਾਰ ’ਤੇ ਸਿੱਖ ਕੌਮ ਨੂੰ ਗੁੰਮਰਾਹ ਕਰਕੇ ਖਾਨਾਜੰਗੀ ਦੇ ਵੱਲ ਧੱਕ ਰਹੀ ਹੈ। ਭਾਈ ਗਰੇਵਾਲ ਨੇ ਕਿਹਾ ਕਿ ਸਿੱਖਾਂ ਦੇ ਮਨ ਦਾ ਬਲਬਲਾ ਵਾਜਬ ਹੈ ਕਿ ਉਹ ਇਸ ਬੇਅਦਬੀ ਸਬੰਧੀ ਆਪਣਾ ਸਪੱਸ਼ਟੀਕਰਨ ਮੰਗਣ। ਪਰ ਮੌਜੂਦਾ ਹਾਲਾਤਾਂ ’ਚ ਦਿਖਾਈ ਦੇ ਰਿਹਾ ਹੈ ਕਿ ਇਸ ਸਾਰੇ ਮਾਹੌਲ ’ਚ ਕਾਂਗਰਸ ਦੀ ਇਕ ਸਾਜਿਸ਼ ਅਧੀਨ ਸਿਰਫ਼ ਤੇ ਸਿਰਫ਼ ਅਕਾਲੀਆਂ ਨੂੰ ਬਦਨਾਮ ਕਰਨ ਅਤੇ ਗਾਂਧੀ ਪਰਿਵਾਰ ਨੂੰ ਦੋਸ਼ਾਂ ਤੋਂ ਮੁਕਤ ਕਰਨ ਦੀ ਜੁਗਤ ਲੜਾਈ ਜਾ ਰਹੀ ਹੈ, ਜੋ ਕਿ ਸਿੱਖਾਂ ਦੇ ਆਉਣ ਵਾਲੇ ਭਵਿੱਖ ਲਈ ਬਹੁਤ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਫਾਹੇ ਟੰਗਣ ਲਈ ਅਸੀ ਤੁਹਾਡੇ ਨਾਲ ਹਾਂ ਪੜਤਾਲ ਨਿਰਪੱਖ ਹੋਣੀ ਚਾਹੀਦੀ ਹੈ, ਫਿਰ ਦੋਸ਼ੀ ਭਾਵੇਂ ਕੋਈ ਵੀ ਕਿਉਂ ਨਾ ਹੋਵੇ। ਇਸ ਸਮੇਂ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਉਹ ਆਪਸੀ ਖਾਨਾਜੰਗੀ ਤੋਂ ਬਚ ਕੇ ਪੰਜਾਬ ਅੰਦਰ ਅਮਨ ਦੀ ਕਾਈਮੀ ਬਰਕਰਾਰ ਰੱਖਣ ਲਈ ਕਿਸੇ ਵੀ ਤਰ੍ਹਾਂ ਕਾਂਗਰਸ ਦੀ ਖੇਡੀ ਜਾ ਰਹੀ ਖੇਡ ਨੂੰ ਸਮਝਦਿਆਂ ਹੋਇਆ ਸਿੱਖਾਂ ਦੇ ਕਾਤਲਾਂ ਨੂੰ ਕਲੀਨ ਚਿੱਟ ਦੇਣ ’ਚ ਸ਼ਾਮਿਲ ਨਾ ਹੋਣ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਬਾਦਲ, ਕੌਂਸਲਰ ਅਜੀਤ ਸਿੰਘ ਠੁਕਰਾਲ, ਹਰਮੀਤ ਸਿੰਘ ਬਜਾਜ, ਸੁਖਵਿੰਦਰ ਸਿੰਘ ਭਸੀਣ, ਪ੍ਰਿਤਪਾਲ ਸਿੰਘ ਪਾਰਸ, ਜੀ. ਐਸ. ਚਾਵਲਾ ਤੇ ਸੁਖਦੀਪ ਸਿੰਘ ਸਿੱਧਵਾਂ ਆਦਿ ਹਾਜ਼ਰ ਸਨ।

Send this to a friend