ਲਹਿਰਾਗਾਗਾ, 4 ਸਤੰਬਰ (ਜਤਿੰਦਰ ਜਲੂਰ)- ਪੰਜਾਬ ਦੇ ਕਿਸਾਨਾਂ ਵੱਲੋਂ ਖੁਦਕੁਸ਼ੀ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਲਹਿਰਾਗਾਗਾ ਨੇੜਲੇ ਪਿੰਡ ਸੰਗਤੀਵਾਲਾ ਦੇ ਇੱਕ ਗਰੀਬ ਕਿਸਾਨ ਨੇ ਆਰਥਿਕ ਤੰਗੀ ਦੇ ਚਲਦਿਆਂ ਪਿੰਡ ਨੇੜਿਓਂ ਲੰਘਦੀ ਘੱਗਰ ਬ੍ਰਾਂਚ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਿੰਡ ਦੇ ਸਾਬਕਾ ਸਰਪੰਚ ਅਤੇ ਸਾਬਕਾ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਭੋਲਾ ਸਿੰਘ ਅਤੇ ਮ੍ਰਿਤਕ ਦੇ ਲੜਕੇ ਚਮਕੌਰ ਸਿੰਘ ਨੇ ਦੱਸਿਆ ਕਿ 60 ਸਾਲਾ ਗੁਰਜੰਟ ਸਿੰਘ ਪੁੱਤਰ ਬਚਨ ਸਿੰਘ ਵੱਖ-ਵੱਖ ਬੈਂਕਾਂ ਦਾ 7-8 ਲੱਖ ਰੁਪਏ ਦਾ ਕਰਜ਼ਈ ਸੀ। 3-4 ਏਕੜ ਜ਼ਮੀਨ ਦੇ ਨਾਲ ਥੋੜੀ ਬਹੁਤ ਪੈਲੀ ਠੇਕੇ ’ਤੇ ਲੈ ਕੇ ਖੇਤੀ ਕਰਦਾ ਸੀ। ਮ੍ਰਿਤਕ ਪਿੱਛੇ ਪਤਨੀ ਜਸਵੀਰ ਕੌਰ, ਇੱਕ ਲੜਕਾ ਅਤੇ ਇੱਕ ਲੜਕੀ ਨੂੰ ਰੋਂਦੇ ਛੱਡ ਗਿਆ। ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।